ਚੰਡੀਗੜ•/08 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੇ ਅਕਾਲੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ , ਜਿਹਨਾਂ ਨੇ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਕਾਂਗਰਸ ਸਰਕਾਰ ਨੂੰ ਇਹ ਦੱਸਿਆ ਹੈ ਕਿ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਸਰਕਾਰ ਦੀ ਨਾਕਾਮੀ ਤੋਂ ਧਿਆਨ ਹਟਾਉਣ ਲਈ ਇਸ ਨੂੰ ਲੋਕਾਂ ਉੱਤੇ ਅੱਤਿਆਚਾਰ ਢਾਹੁਣ ਅਤੇ ਸੂਬੇ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਟਿਆਲਾ ਦੀ ਰੈਲੀ ਨੂੰ ਇਤਿਹਾਸ ਵਿਚ ਪੰਜਾਬ ਅੰਦਰ ਹੋਏ ਸਭ ਤੋਂ ਵੱਡੇ ਇਕੱਠ ਵਜੋਂ ਯਾਦ ਕੀਤਾ ਜਾਵੇਗਾ। ਇਸ ਦਾ ਸਿਹਰਾ ਪਾਰਟੀ ਦੇ ਆਮ ਵਰਕਰਾਂ ਨੂੰ ਜਾਂਦਾ ਹੈ, ਜਿਹਨਾਂ ਨੇ ਘਰ ਘਰ ਜਾ ਕੇ ਲੋਕਾਂ ਤਾਂਈ ਇਸ ਰੈਲੀ ਦਾ ਸੁਨੇਹਾ ਪਹੁੰਚਾਇਆ ਅਤੇ ਲੋਕਾਂ ਨੇ ਇਸ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਵੱਡੀ ਗਿਣਤੀ ਅੰਦਰ ਰੈਲੀ ਵਿਚ ਸ਼ਮੂਲੀਅਤ ਕੀਤੀ।
ਸਰਦਾਰ ਬਾਦਲ ਨੇ ਕਿਹਾ ਕਿ ਇਸ ਰੈਲੀ ਵਾਸਤੇ ਲੋਕਾਂ ਦੇ ਮਿਲੇ ਬੇਮਿਸਾਲ ਹੁੰਗਾਰੇ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਚ ਸਰਕਾਰ ਬਣਾਉਣ ਲਈ ਝੂਠੇ ਵਾਅਦੇ ਕਰਕੇ ਜਿਸ ਤਰ•ਾਂ ਲੋਕਾਂ ਨੂੰ ਠੱਗਿਆ ਗਿਆ ਹੈ, ਉਸ ਵਿਰੁੱਧ ਲੋਕਾਂ ਅੰਦਰ ਬਹੁਤ ਜ਼ਿਆਦਾ ਗੁੱਸਾ ਭਰਿਆ ਹੋਇਆ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਨੂੰ ਹੁਣ ਲੋਕਾਂ ਨਾਲ ਕੀਤੇ ਸਾਰੇ ਵਾਅਦੇ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਨੂੰ ਲਾਗੂ ਕਰਨਾ, ਬੇਰੁਜ਼ਗਾਰੀ ਭੱਤਾ ਦੇਣਾ, 2500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦੇਣਾ, ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 51 ਹਜ਼ਾਰ ਰੁਪਏ ਕਰਨਾ ਆਦਿ ਹਰ ਹਾਲਤ ਵਿਚ ਪੂਰੇ ਕਰਨੇ ਪੈਣਗੇ। ਉਹਨਾਂ ਕਿਹਾ ਕਿ ਲੋਕ ਇਹ ਵੀ ਚਾਹੁੰਦੇ ਹਨ ਕਿ ਕਿਸਾਨਾਂ ਨੂੰ ਮਸ਼ੀਨਾਂ ਨਾਲ ਪਰਾਲੀ ਹੀਲੇ ਲਾਉਣ ਲਈ ਬੋਨਸ ਦੇਣਾ ਅਤੇ ਅੰਦੋਲਨ ਕਰ ਰਹੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਨਾਲ ਨਾਲ ਉਹਨਾਂ ਦੇ ਬਕਾਏ ਦੇਣੇ ਆਦਿ ਮਸਲੇ ਵੀ ਤੁਰੰਤ ਹੱਲ ਕੀਤੇ ਜਾਣੇ ਚਾਹੀਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਵੱਲੋਂ ਇਸ ਦੀ ਭਾਰੀ ਮੰਗ ਕੀਤੀ ਜਾ ਰਹੀ ਹੈ ਕਿ ਕਾਂਗਰਸ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਘਟਾ ਕੇ ਆਮ ਲੋਕਾਂ ਨੂੰ ਤੁਰੰਤ 5 ਰੁਪਏ ਪ੍ਰਤੀ ਲੀਟਰ ਦੀ ਰਾਹਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੀਆਂ ਆਵਾਜ਼ ਨੂੰ ਬੁਲੰਦ ਕਰਨਾ ਜਾਰੀ ਰੱਖੇਗਾ ਅਤੇ ਜੇਕਰ ਇਹ ਸਾਰੇ ਮਸਲੇ ਤੁਰੰਤ ਨਾ ਸੁਲਝਾਏ ਗਏ ਤਾਂ ਸਰਕਾਰ ਖ਼ਿਲਾਫ ਇੱਕ ਅੰਦੋਲਨ ਵਿੱਢੇਗਾ ਅਤੇ ਹਮੇਸ਼ਾ ਵਾਂਗ ਅਕਾਲੀ ਵਰਕਰ ਇਸ ਅੰਦੋਲਨ ਵਿਚ ਸਭ ਤੋਂ ਮੂਹਰੇ ਹੋਣਗੇ।