ਸਿੱਧੂ ਵੱਲੋਂ ਇਮਰਾਨ ਦੀ ਵਡਿਆਈ ਕਰਨ ’ਤੇ ਦਿੱਤਾ ਪ੍ਰਤੀਕਰਮ, ਕਿਹਾ ਕਿ ਅਜਿਹੀਆਂ ਗਤੀਵਿਧੀਆਂ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਖ਼ਤਰਾ ਬਣ ਸਕਦੀਆਂ ਹਨ
ਗਾਂਧੀ ਪਰਿਵਾਰ ਨੂੰ ਕਿਹਾ ਕਿ ਸਿੱਧੂ ਦੀਆਂ ਕਾਰਵਾਈਆਂ ਬਾਰੇ ਜਵਾਬ ਦੇਣ ਤੇ ਕਾਂਗਰਸ ਨੁੰ ਸਿੱਧੂ ਦੀਆਂ ਟਿੱਪਣੀਆਂ ਲਈ ਪੰਜਾਬੀਆਂ ਤੋਂ ਮੁਆਫੀ ਮੰਗਣ ਵਾਸਤੇ ਵੀ ਆਖਿਆ
ਚੰਡੀਗੜ੍ਹ, 20 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲਗਾਤਾਰ ਵਡਿਆਈ ਕਰ ਕੇ ਪਾਕਿਸਤਾਨ ਨਾਲ ਲੱਗਦੀਆਂ ਸਾਡੇ ਦੇਸ਼ ਦੀਆਂ ਸਰਹਦਾਂ ਦੀ ਰਾਖੀ ਕਰਦੇ ਸਾਡੇ ਬਹਾਦਰ ਸੈਨਿਕਾਂ ਦਾ ਵਾਰ ਵਾਰ ਅਪਮਾਨ ਕਰ ਰਹੇ ਹਨ ਤੇ ਨਾਲ ਹੀ ਉਹਨਾਂ ਨਾਗਰਿਕਾਂ ਦਾ ਵੀ ਅਪਮਾਨ ਕਰ ਰਹੇ ਹਨ ਜੋ ਪਾਕਿਸਤਾਨ ਦੀ ਆਈ ਐਸ ਆਈ ਦੀ ਨਸ਼ਿਆਂ ਦੇ ਅਤਿਵਾਦ ਦੀ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿੱਧੂ ਨੇ ਇਮਰਾਨ ਖਾਨ, ਜਿਸਨੂੰ ਪਾਕਿਸਤਾਨੀ ਫੌਜ ਨੇ ਰਾਜ ਸੱਤਾ ’ਤੇ ਬਿਠਾਇਆ ਤੇ ਜੋ ਆਈ ਐਸ ਆਈ ਦਾ ਏਜੰਟ ਹੈ, ਨੂੰ ਵੱਡਾ ਭਰਾ ਆਖ ਰਹੇ ਹਨ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਆਈ ਐਸ ਆਈ ਨਾਲ ਘੁਲ ਮਿਲ ਰਹੇ ਹਨ। ਇਸ ਤੋਂ ਪਹਿਲਾਂ ਵੀ ਆਪਣੇ ਪਾਕਿਸਤਾਨ ਦੌਰੇ ਵੇਲੇ ਉਹਨਾਂ ਦੇ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੁੰ ਜੱਫੀ ਪਾਈ ਸੀ ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਬਾਜਵਾ ਹੀ ਕਸ਼ਮੀਰ ਵਿਚ ਭਾਰਤ ਖਿਲਾਫ ਅਸਿੱਧੀ ਜੰਗ ਚਲਾ ਰਿਹਾ ਜਿਸ ਵਿਚ ਸੈਂਕੜੇ ਪੰਜਾਬੀ ਸੈਨਿਕ ਹੁਣ ਤੱਕ ਸ਼ਹੀਦ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਹੁਣ ਸਿੱਧੂ ਇਕ ਵਾਰ ਫਿਰ ਤੋਂ ਦੋ ਕਦਮ ਅੱਗੇ ਜਾ ਕੇ ਇਮਰਾਨ ਖਾਨ ਦੀ ਵਡਿਆਈ ਕਰ ਰਹੇ ਹਨ ਜਿਸਦੀ ਸਰਕਾਰ ਪੰਜਾਬ ਵਿਚ ਬੇਚੈਨੀ ਫੈਲਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਸਿੱਧੂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਅਤੇ ਇਹ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਖ਼ਤਰਾ ਬਣਦੀਆਂ ਹੋਣ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗਾਂਧੀ ਪਰਿਵਾਰ ਤੋਂ ਵੀ ਸਿੱਧੂ ਦੀਆਂ ਕਾਰਵਾਈਆਂ ਬਾਰੇ ਸਪਸ਼ਟੀਕਰਨ ਮੰਗਿਆ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਸਿੱਧੂ ਦੀ ਡਟਵੀਂ ਹਮਾਇਤ ਕੀਤੀ ਹੈ ਤੇ ਉਸਨੁੰ ਤਰੱਕੀ ਦੇ ਕੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਹੈ। ਉਹਨਾਂ ਕਿਹਾ ਕਿ ਹੁਣ ਉਹ ਸਪਸ਼ਟ ਕਰਨ ਕਿ ਸਿੱਧੂ ਦੇ ਬਿਆਨ ਉਸਦੇ ਆਪਣੇ ਹਨ ਜਾਂ ਫਿਰ ਉਹ ਗਾਂਧੀ ਪਰਿਵਾਰ ਵੱਲੋਂ ਬੋਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬੀ ਜਾਨਣਾ ਚਾਹੁੰਦੇ ਹਨ ਕਿ ਕੀ ਗਾਂਧੀ ਪਰਿਵਾਰ, ਜਿਸਨੇ ਪਹਿਲਾਂ ਸੂਬੇ ਵਿਚ ਅਤਿਵਾਦ ਦੇ ਬੀਜ ਬੀਜੇ ਤੇ ਜੋ ਸ੍ਰੀ ਹਰਿਮੰਦਿਰ ਸਾਹਿਬ ’ਤੇ ਹਮਲਾ ਕਰਨ ਅਤੇ 1984 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ, ਫਿਰ ਤੋਂ ਸੂਬੇ ਵਿਚ ਗੜ੍ਹਬੜ੍ਹ ਕਰਵਾਉਣਾ ਚਾਹੁੰਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਸਤੇ ਅਜਿਹੀਆਂ ਨਫਰਤ ਭਰੀਆਂ ਸਾਜ਼ਿਸ਼ਾਂ ਦੇ ਖਿਲਾਫ ਡੱਟ ਕੇ ਖੜ੍ਹਾ ਹੈ। ਉਹਨਾਂ ਕਿਹਾ ਕਿ ਅਸੀਂ ਬਾਹਰੀ ਤੱਤਾਂ ਨੁੰ ਕਿਸੇ ਵੀ ਕੀਮਤ ’ਤੇ ਸੂਬੇ ਵਿਚ ਗੜ੍ਹਬੜ੍ਹ ਨਹੀਂ ਕਰਨ ਦੇ ਸਕਦੇ ਤੇ ਉਹਨਾਂ ਨੇ ਪੰਜਾਬੀਆਂ ਨੂੰ ਦੇਸ਼ ਵਿਰੋਧੀ ਤਾਕਤਾਂ ਨੁੰ ਝਾੜ ਪਾਉਣ ਦੀ ਵੀ ਅਪੀਲ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਨੂੰ ਆਖਿਆ ਕਿ ਉਹ ਪਾਕਿਸਤਾਨ ਨਾਲ ਲੱਗਦੀ ਦੇਸ਼ ਦੀ ਸਰਹੱਦ ਦੀ ਰਾਖੀ ਕਰਦੇ ਮਾਣ ਮੱਤੇ ਪੰਜਾਬ ਦੇ ਸੈਨਿਕਾਂ ਤੋਂ ਅਤੇ ਪੰਜਾਬ ਵਿਚ ਨਸ਼ੇ ਫੈਲਾਉਣ ਦੀ ਆਈ ਐਸ ਆਈ ਦੀ ਨੀਤੀ ਦਾ ਸ਼ਿਕਾਰ ਹੋਣ ਵਾਲੇ ਪੰਜਾਬੀਆਂ ਜਿਹਨਾਂ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ, ਤੋਂ ਮੁਆਫੀ ਮੰਗੇ। ਉਹਨਾਂ ਕਿਹਾ ਕਿ ਦੇਸ਼ ਇਹਨਾ ਸਭ ਤੋਂ ਉਪਰ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਨੂੰ ਵੀ ਸਾਨੂੰ ਕਮਜ਼ੋਰ ਨਹੀਂ ਕਰਨ ਦੇ ਸਕਦੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਤੁਰੰਤ ਆਪਣੇ ਆਪ ਨੁੰ ਨਵਜੋਤ ਸਿੱਧੂ ਦੀਆਂ ਟਿੱਪਣੀਆਂ ਤੋਂ ਵੱਖ ਕਰਨਾ ਚਾਹੀਦਾ ਹੈ।