ਕਿਹਾ ਕਿ ਅਮਰਿੰਦਰ ਨੇ ਪਿਤਰੋਦਾ ਨੂੰ ਰਾਹੁਲ ਗਾਂਧੀ ਦੇ ਮੁੱਖ ਸਲਾਹਕਾਰ ਵਜੋਂ ਹਟਾਏ ਜਾਣ ਦੀ ਮੰਗ ਤੱਕ ਨਹੀਂ ਕੀਤੀ
ਪੁੱਛਿਆ ਕਿ ਸਿੱਖਾਂ ਦੇ ਕਤਲੇਆਮ ਦਾ ਹੁਕਮ ਦੇਣ ਵਾਲੇ ਰਾਜੀਵ ਗਾਂਧੀ ਦੀ ਅਜੇ ਤਕ ਮੁੱਖ ਮੰਤਰੀ ਨੇ ਨਿਖੇਧੀ ਕਿਉਂ ਨਹੀਂ ਕੀਤੀ?
ਬਠਿੰਡਾ/10 ਮਈ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਦੇ ਮੁੱਖ ਸਲਾਹਕਾਰ ਸੈਮ ਪਿਤਰੋਦਾ ਵੱਲੋਂ 1984 ਸਿੱਖ ਕਤਲੇਆਮ ਬਾਰੇ ਕੀਤੀਆਂ ਸ਼ਰਮਨਾਕ ਅਤੇ ਦੁਖਦਾਈ ਟਿੱਪਣੀਆਂ ਨੂੰ ਪੂਰੇ ਇੱਕ ਦਿਨ ਮਗਰੋਂ ਭੰਡਿਆ ਹੈ। ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਹੁਣ ਵੀ ਆਪਣਾ ਮੂੰਹ ਸਿੱਖਾਂ ਅੰਦਰ ਪਨਪੇ ਗੁੱਸੇ ਤੋਂ ਡਰਦਿਆਂ ਖੋਲ੍ਹਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਇੱਥੋਂ ਤਕ ਕਿ ਹੁਣ ਵੀ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਨੂੰ ਇਹ ਕਹਿਣਾ ਠੀਕ ਨਹੀਂ ਸਮਝਿਆ ਕਿ ਉਹ ਸੈਮ ਪਿਤਰੋਦਾ ਨੂੰ ਆਪਣੇ ਮੁੱਖ ਸਲਾਹਕਾਰ ਵਜੋਂ ਹਟਾ ਦੇਵੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕੈਪਟਨ ਦਿੱਲੀ ਦੇ ਬੁੱਚੜ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦੇ ਚੁੱਕਿਆ ਹੈ। ਉਸ ਨੇ ਕਤਲੇਆਮ ਦੇ ਇੱਕ ਹੋਰ ਦੋਸ਼ੀ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਟਾਏ ਜਾਣ ਦੀ ਵੀ ਮੰਗ ਨਹੀਂ ਕੀਤੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪਿਤਰੋਦਾ ਖਿਲਾਫ ਵੀ ਤਾਂ ਬੋਲਿਆ ਹੈ, ਕਿਉਂਕਿ ਉਸ ਨੇ ਮਹਿਸੂਸ ਕਰ ਲਿਆ ਕਿ ਇਸ ਵਿਅਕਤੀ ਦੀਆਂ ਘਟੀਆਂ ਟਿੱਪਣੀਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਦਿੱਤੀਆਂ ਹਨ। ਉਹਨਾਂ ਕਿਹਾ ਕਿ ਕੈਪਟਨ ਸਿੱਖਾਂ ਦੇ ਕਤਲੇਆਮ ਦਾ ਹੁਕਮ ਦੇਣ ਵਾਲੇ ਰਾਜੀਵ ਗਾਂਧੀ ਦਾ ਅਜੇ ਤਕ ਬਚਾਅ ਕਰੀ ਜਾਂਦਾ ਹੈ। ਬੀਬੀ ਬਾਦਲ ਨੇ ਕਿਹਾ ਕਿ ਇਹ ਆਪਣੇ ਆਪ ਵਿਚ ਕੈਪਟਨ ਅਮਰਿੰਦਰ ਦੀ ਦੋਗਲੀ ਬੋਲੀ ਦਾ ਸਬੂਤ ਹੈ। ਉਸ ਨੇ ਪਿਤਰੋਦਾ ਤੋਂ ਖੁਦ ਨੂੰ ਵੱਖ ਕਰ ਲਿਆ ਹੈ, ਪਰ ਰਾਜੀਵ ਗਾਂਧੀ ਨੂੰ ਉਹ ਅਜੇ ਵੀ ਚਿੰਬੜਿਆ ਹੋਇਆ ਹੈ, ਕਿਉਂਕਿ ਉਹ ਜਾਣਦਾ ਹੈ ਕਿ ਜੇਕਰ ਉਸ ਨੇ ਸੱਚ ਬੋਲਿਆ ਤਾਂ ਉਸ ਦੀ ਕੁਰਸੀ ਖ਼ਤਰੇ ਵਿਚ ਪੈ ਜਾਵੇਗੀ।
ਬੀਬੀ ਬਾਦਲ ਨੇ ਕਿਹਾ ਕਿ ਪਿਤਰੋਦਾ ਨੇ 1984 ਸਿੱਖ ਕਤਲੇਆਮ ਬਾਰੇ 'ਹੂਆ ਤੋ ਹੂਆ' ਕਹਿ ਕੇ ਆਪਣੇ ਸਾਬਕਾ ਆਕਾ ਰਾਜੀਵ ਗਾਂਧੀ ਦੇ ਨਜ਼ਰੀਏ ਦੀ ਹੀ ਪ੍ਰੋੜਤਾ ਕੀਤੀ ਹੈ, ਜਿਸ ਨੇ ਇਹ ਕਹਿ ਕੇ ਸਿੱਖਾਂ ਦੇ ਕਤਲੇਆਮ ਨੂੰ ਸਹੀ ਠਹਿਰਾਇਆ ਸੀ ਕਿ ਜਦੋ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੀ ਹੈ।ਉਹਨਾਂ ਕਿਹਾ ਕਿ ਖੁਦ ਨੂੰ ਇੱਕ ਸਿੱਖ ਅਖਵਾਉਣ ਵਾਲੇ ਕੈਪਟਨ ਅਮਰਿੰਦਰ ਨੇ ਅਜੇ ਤੀਕ ਰਾਜੀਵ ਗਾਂਧੀ ਦੀ ਨਿਖੇਧੀ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤਾਂ ਰਾਹੁਲ ਗਾਂਧੀ ਦੀ ਗੱਲ ਦਾ ਵਿਰੋਧ ਕਰਨ ਤੋਂ ਵੀ ਡਰਦਾ ਹੈ, ਜਿਸ ਨੇ ਕਿਹਾ ਸੀ ਕਿ 1984 ਦੇ ਕਤਲੇਆਮ ਵਿਚ ਕਿਸੇ ਵੀ ਕਾਂਗਰਸੀ ਆਗੂ ਦੀ ਭੂਮਿਕਾ ਨਹੀਂ ਸੀ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਪਹਿਲਾਂ ਹੀ ਪੰਜ ਕਾਂਗਰਸੀਆਂ ਦੀ ਸ਼ਨਾਖ਼ਤ ਕਰ ਚੁੱਕਿਆ ਹੈ, ਜਿਹਨਾਂ ਬਾਰੇ ਉਸ ਦਾ ਕਹਿਣਾ ਹੈ ਕਿ ਉਹਨਾਂ ਨੇ ਸਿੱਖਾਂ ਦਾ ਕਤਲੇਆਮ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕੀਤੀ ਸੀ। ਉਹਨਾਂ ਕਿਹਾ ਕਿ ਕੈਪਟਨ ਨੇ ਰਾਹੁਲ ਗਾਂਧੀ ਦਾ ਵਿਰੋਧ ਕਰਦਿਆਂ ਉਸ ਨੂੰ ਕਿਉਂ ਨਹੀਂ ਪੁੱਛਿਆ ਕਿ ਉਸ ਨੇ ਇਹ ਕਹਿ ਕੇ ਲੋਕਾਂ ਅੱਗੇ ਝੂਠ ਕਿਉ ਬੋਲਿਆ ਕਿ ਸਿੱਖਾਂ ਦੇ ਕਤਲੇਆਮ ਵਿਚ ਕਿਸੇ ਕਾਂਗਰਸੀ ਆਗੂ ਦਾ ਹੱਥ ਨਹੀਂ ਸੀ।