ਚੰਡੀਗੜ•, 27 ਅਪ੍ਰੈਲ : ਇਕ ਵਿਲੱਖਣ ਕਦਮ ਚੁੱਕਦਿਆਂ ਦਿੱਲੀ ਪੁਲਿਸ ਨੇ ਕੋਰੋਨਾ ਖਿਲਾਫ ਜੰਗ ਵਿਚ ਸਿੱਖ ਭਾਈਚਾਰੇ ਵਿਸ਼ੇਸ਼ ਕਰ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਲਈ ਧੰਨਵਾਦ ਕਰਨ ਵਾਸਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਆਲੇ ਦੁਆਲੇ ਪੂਰੇ ਸਾਇਰਨ ਨਾਲ ਪਰਿਕਰਮਾ ਕੀਤੀ।
ਇਹ ਪਰਿਕਰਮਾ ਸਿੱਖ ਭਾਈਚਾਰੇ ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੋਰੋਨਾ ਸੰਕਟ ਦੌਰਾਨ ਮਨੁੱਖਤਾ ਵਾਸਤੇ ਕੀਤੀ ਜਾ ਰਹੀ ਲੰਗਰ ਦੀ ਸੇਵਾ ਤੇ ਮੈਡੀਕਲ ਜਗਤ ਦੇ ਕਾਮਿਆਂ ਲਈ ਵੱਖ ਵੱਖ ਸਰਾਵਾਂ ਵਿਚ ਥਾਂ ਦੇ ਕੀਤੇ ਯਤਨਾਂ ਦਾ ਮਾਣ ਸਨਮਾਨ ਕਰਨ ਵਾਸਤੇ ਕੀਤੀ ਗਈ।
ਪਰਿਕਰਮਾ ਦੀ ਅਗਵਾਈ ਡੀ ਸੀ ਪੀ Àੁੱਤਰੀ ਦਿੱਲੀ ਈਸ਼ ਸਿੰਘਲ ਨੇ ਕੀਤੀ ਤੇ ਇਸ ਵਿਚ ਪੁਲਿਸ ਦੀਆਂ 35 ਵੈਨਾਂ ਤੇ 60 ਮੋਟਰ ਸਾਈਕਲ ਸ਼ਾਮਲ ਸਨਉਂ ਡੀ ਸੀ ਪੀ ਸਿੰਘਲ ਪਹਿਲਾਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੋਰੋਨਾ ਸੰਕਟ ਵੇਲੇ ਲੋੜਵੰਦਾਂ ਤੇ ਗਰੀਬਾਂ ਵਾਸਤੇ ਕੀਤੀ ਜਾ ਰਹੀ ਲੰਗਰ ਸੇਵਾ ਲਈ ਉਸਦਾ ਧੰਨਵਾਦ ਕੀਤਾ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਪੁਲਿਸ ਵੱਲੋਂ ਚੁੱਕੇ ਇਸ ਵਿਲੱਖਣ ਕਦਮ ਲਈ ਉਸ ਤੋਂ ਪ੍ਰਭਾਵਤ ਤੋਂ ਹੋ ਕੇ ਦਿੱਲੀ ਪੁਲਿਸ, ਗ੍ਰਹਿ ਮੰਤਰਾਲੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਸ੍ਰ ਸਿਰਸਾ ਨੇ ਕਿਹਾ ਕਿ ਇਹ ਪਰਿਕਰਮਾ ਸਿਰਫ ਮੌਕੇ 'ਤੇ ਇਕ ਗਤੀਵਿਧੀ ਵਜੋਂ ਨਹੀਂ ਵੇਖੀ ਜਾਣੀ ਚਾਹੀਦੀ ਬਲਕਿ ਇਹ ਸਿੱਖਾਂ ਵੱਲੋਂ ਦੇਸ਼ ਲਈ ਕੀਤੀ ਜਾ ਰਹੀ ਸੇਵਾ ਦਾ ਦਿੱਲੀ ਪੁਲਿਸ ਵੱਲੋਂ ਕੀਤਾ ਮਾਣ ਸਤਿਕਾਰ ਹੈ। ਉਹਨਾਂ ਕਿਹਾ ਕਿ ਜੋ ਲੰਗਰ ਦੀ ਸੇਵਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ, ਉਸਨੂੰ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਅੱਗੇ ਤੋਰਦਿਆਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਿਛਲੇ 35 ਦਿਨਾਂ ਵਿਚ 50 ਲੱਖ ਲੋਕਾਂ ਨੂੰ ਲੰਗਰ ਛਕਾ ਕੇ ਅੱਗੇ ਤੋਰਿਆ ਗਿਆ ਹੈ। ਇਹ ਲੰਗਰ ਅੱਗੇ ਵੀ ਜਾਰੀ ਰਹੇਗਾ ਭਾਵੇਂ ਜੋ ਮਰਜ਼ੀ ਹੋ ਜਾਵੇ।
ਸਿੱਖ ਭਾਈਚਾਰੇ ਨੇ ਅੱਜ ਦਿੱਲੀ ਪੁਲਿਸ ਵੱਲੋਂ ਕੀਤੀ ਪਰਿਕਰਮਾ ਲਈ ਉਸਦਾ ਧੰਨਵਾਦ ਕੀਤਾ ਹੈ ਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਦਿੱਲੀ ਪੁਲਿਸ ਦੁਆਰਾ ਸਿੱਖਾਂ ਵੱਲੋਂ ਕੀਤੀ ਜਾ ਰਹੀ ਸੇਵਾ ਦਾ ਸਤਿਕਾਰ ਕਰਨ ਲਈ ਧੰਨਵਾਦ ਕੀਤਾ ਹੈ।
ਇਥੇ ਦੱਸਣਯੋਗ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਲਾਕ ਡਾਊਨ ਸ਼ੁਰੂ ਹੋਣ ਦੇ ਦਿਨ ਤੋਂ ਆਪਣੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਤੋਂ ਸਵਾ ਲੱਖ ਤੋਂ ਵੱਧ ਲੋਕਾਂ ਲਈ ਰੋਜ਼ਾਨਾ ਲੰਗਰ ਬਣਾ ਕੇ ਸੇਵਾ ਕਰ ਰਹੀ ਹੈ। ਕਮੇਟੀ ਨੇ ਏਮਜ਼, ਰਾਮ ਮਨੋਹਰ ਲੋਹੀਆ ਹਸਪਤਾਲ, ਸਫਦਰਜੰਗ ਹਸਪਤਾਲ ਤੇ ਲੇਡੀ ਹਾਰਡਿੰਗ ਹਸਪਤਾਲ ਦੇ ਡਾਕਟਰਾਂ ਤੇ ਮੈਡੀਕਲ ਸਟਾਫ ਲਈ ਆਪਣੀ ਸਰਾਵਾਂ ਵੀ ਮੁਫਤ ਪ੍ਰਦਾਨ ਕੀਤੀਆਂ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਇਹ ਮਾਣ ਸਤਿਕਾਰ ਇਯ ਲਈ ਕੀਤਾ ਹੈ ਕਿਉਂਕਿ ਸਿਰਫ ਦਿੱਲੀ ਗੁਰਦੁਆਰਾ ਕਮੇਟੀ ਹੀ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਮਨੁੱਖਤਾ ਲਈ ਵੱਡੀ ਸੇਵਾ ਕਰ ਰਹੇ ਹਨ ਤੇ ਇਸ ਸੇਵਾ ਬਦਲੇ ਧੰਨਵਾਦ ਹੀ ਦਿੱਲੀ ਪੁਲਿਸ ਤੇ ਹੋਰਨਾਂ ਵੱਲੋਂ ਕੀਤਾ ਗਿਆ ਹੈ।