ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਤ੍ਰਿਪਤ ਬਾਜਵਾ ਸਿੱਖ ਕੌਮ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਕਰੇ
ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੂੰ ਕਹੇ ਕਿ ਉਹ ਟਾਈਟਲਰ ਦੀ ਪੁਸ਼ਤਪਨਾਹੀ ਕਰਨਾ ਬੰਦ ਕਰੇ ਅਤੇ ਰਾਹੁਲ ਗਾਂਧੀ ਨੂੰ ਕਹੇ ਕਿ ਉਹ ਟਾਈਟਲਰ ਨੂੰ ਪਾਰਟੀ ਵਿਚੋਂ ਕੱਢੇ ਅਤੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ
ਚੰਡੀਗੜ•/07 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਬਿਤ ਕਰ ਦਿੱਤਾ ਹੈ ਕਿ ਪਿਛਲੀ ਯੂਪੀਏ ਸਰਕਾਰ ਨੇ 2013 ਵਿਚ ਗਾਂਧੀ ਦੇ ਚਹੇਤੇ ਅਤੇ 1984 ਕਤਲੇਆਮ ਦੇ ਦੋਸ਼ੀ ਨੂੰ ਬਚਾਉਣ ਲਈ ਸੀਬੀਆਈ ਉੱਤੇ ਆਪਣਾ ਪੱਖ ਕਮਜ਼ੋਰ ਰੱਖਣ ਲਈ ਦਬਾਅ ਪਾਇਆ ਸੀ। ਪਾਰਟੀ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਨੂੰ ਸੱਜਣ ਕੁਮਾਰ ਅਤੇ 1984 ਕਤਲੇਆਮ ਦੇ ਦੂਜੇ ਦੋਸ਼ੀਆਂ ਦੀ ਕੀਤੀ ਪੁਸ਼ਤਪਨਾਹੀ ਬਾਰੇ ਸੱਚ ਬੋਲਣਾ ਚਾਹੀਦਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਪਣੇ ਆਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਉੱਤੇ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਮੰਤਰੀ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ 2013 ਵਿਚ ਯੂਪੀਏ ਦੇ ਕਾਰਜਕਾਲ ਦੌਰਾਨ 1984 ਦੇ ਇੱਕ ਕੇਸ ਦੇ 6 ਦੋਸ਼ੀਆਂ ਵਿਚੋਂ 5 ਨੂੰ ਸਜ਼ਾ ਹੋਈ ਸੀ ਅਤੇ ਸੱਜਣ ਕੁਮਾਰ ਕਿਉਂ ਬਰੀ ਹੋ ਗਿਆ ਸੀ? ਉਹਨਾਂ ਕਿਹਾ ਕਿ ਐਨਡੀਏ ਹਕੂਮਤ ਦੌਰਾਨ ਪੰਜ ਸਿੱਖਾਂ ਦਾ ਕਤਲੇਆਮ ਕਰਨ ਦੇ ਉਸੇ ਕੇਸ ਵਿਚ ਹੁਣ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ਕਿਹਾ ਕਿ ਕੀ ਇਸ ਤੋਂ ਸਾਬਿਤ ਨਹੀਂ ਹੁੰਦਾ ਹੈ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਸੀਬੀਆਈ ਉੱਤੇ ਸੱਜਣ ਕੁਮਾਰ ਦੇ ਮਾਮਲੇ ਵਿਚ ਨਰਮੀ ਵਰਤਣ ਲਈ ਦਬਾਅ ਪਾਇਆ ਸੀ। ਨਹੀਂ ਤਾਂ ਉਸ ਨੂੰ 2013 ਵਿਚ ਹੀ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋ ਜਾਣੀ ਸੀ?
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸੱਜਣ ਕੁਮਾਰ ਦੀ ਸਜ਼ਾ ਦਾ ਸਿਹਰਾ ਲੈਣ ਵਾਲਾ ਤ੍ਰਿਪਤ ਬਾਜਵਾ ਦਾ ਬਿਆਨ ਇਸ ਗੱਲ ਦਾ ਵੀ ਸਬੂਤ ਹੈ ਕਿ ਕਿਸ ਤਰ•ਾਂ ਕਾਂਗਰਸ ਪਾਰਟੀ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਸਿੱਖਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਤੁਸੀਂ ਇਸ ਤੱਥ ਤੋਂ ਧਿਆਨ ਹਟਾਉਣ ਲਈ ਭੰਬਲਭੂਸਾ ਖੜ•ਾ ਕਰਨਾ ਚਾਹੁੰਦੇ ਹੋ ਕਿ ਅਦਾਲਤਾਂ ਨੇ ਤੁਹਾਡੀ ਪਾਰਟੀ ਨੂੰ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਅਤੇ ਉਹਨਾਂ ਨੂੰ ਕਾਨੂੰਨ ਤੋਂ ਬਚਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਇਹ ਗੱਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਅਪਣਾਈ ਉਸ ਪਹੁੰਚ ਨਾਲ ਮਿਲਦੀ ਹੈ, ਜਿਸ ਤਹਿਤ ਉਸ ਨੇ ਹਾਲ ਹੀ ਵਿਚ ਇਹ ਦਾਅਵਾ ਕਰਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ 1984 ਸਿੱਖ ਕਤਲੇਆਮ ਵਿਚ ਕੋਈ ਕਾਂਗਰਸੀ ਆਗੂ ਸ਼ਾਮਿਲ ਨਹੀਂ ਸੀ।
ਬਾਜਵਾ ਨੂੰ ਪਹਿਲਾਂ ਆਪਣੀ ਪਾਰਟੀ ਅੰਦਰ ਪਏ ਖਿਲਾਰੇ ਨੂੰ ਸਾਂਭਣ ਲਈ ਆਖਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਭਾਵੇਂਕਿ ਕਾਂਗਰਸੀ ਮੰਤਰੀ ਦੀ ਇਹ ਸਭ ਕਹਿਣ ਦੀ ਹਿੰਮਤ ਨਹੀਂ ਹੈ, ਪਰ ਫਿਰ ਵੀ ਉਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ 1984 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦਾ ਕਿਉਂ ਪੱਖ ਲੈ ਰਿਹਾ ਹੈ। ਉਹਨਾਂ ਕਿਹਾ ਕਿ ਟਾਈਟਲਰ ਵਿਰੁੱਧ ਅਦਾਲਤ ਵਿਚ ਕੇਸ ਚਲਦਾ ਹੋਣ ਅਤੇ ਉਸ ਖ਼ਿਲਾਫ ਸਮੂਹਿਕ ਕਤਲੇਆਮ ਦੇ ਸਬੂਤ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਉਸ ਨੂੰ ਕਲੀਨ ਚਿਟ ਦੇ ਚੁੱਕਿਆ ਹੈ।
ਉਹਨਾਂ ਕਿਹਾ ਕਿ ਕੀ ਤੁਹਾਨੂੰ ਝੂਠਾ ਸਿਹਰਾ ਲੈਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਨੂੰ ਨਹੀਂ ਕਹਿਣਾ ਚਾਹੀਦਾ ਕਿ ਉਹ ਟਾਈਟਲਰ ਦੀ ਹਮਾਇਤ ਕਰਨਾ ਬੰਦ ਕਰ ਦੇਵੇ?
ਅਕਾਲੀ ਸਾਂਸਦ ਨੇ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਇਸ ਗੱਲ ਬਾਰੇ ਵੀ ਸਿੱਖ ਕੌਮ ਨੂੰ ਚਾਨਣਾ ਪਾਉਣਾ ਚਾਹੀਦਾ ਹੈ ਕਿ 2005 ਵਿਚ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਜਸਟਿਸ ਨਾਨਾਵਤੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਉੱਤੇ ਸੱਜਣ ਕੁਮਾਰ ਖ਼ਿਲਾਫ ਕੇਸ ਕਿਉਂ ਦਰਜ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਸ ਤੋਂ ਪਹਿਲਾਂ ਦੀਆਂ ਕਾਂਗਰਸੀ ਸਰਕਾਰਾਂ ਨੇ ਸੱਜਣ ਖ਼ਿਲਾਫ ਕਾਰਵਾਈ ਕਰਨ ਲਈ ਇੱਕ ਉਂਗਲ ਵੀ ਕਿਉਂ ਨਹੀਂ ਸੀ ਚੁੱਕੀ? ਹੁਣ ਜਦੋਂ ਐਨਡੀਏ ਕਾਰਜਕਾਲ ਦੌਰਾਨ ਫੈਸਲਾਕੁੰਨ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਕਾਂਗਰਸ ਦੁਆਰਾ ਬੰਦ ਕਰਵਾਏ ਕੇਸਾਂ ਨੂੰ ਦੁਬਾਰਾ ਖੁੱਥਲਵਾਉਣ ਲਈ ਸਿਟ ਦਾ ਗਠਨ ਹੋ ਚੁੱਕਿਆ ਹੈ ਤਾਂ ਤੁਸੀਂ ਪਰੇਸ਼ਾਨ ਹੋ ਗਏ ਹੋ ਅਤੇ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਦੇਣਾ ਚਾਹੁੰਦੇ। ਉਹਨਾਂ ਕਿਹਾ ਕਿ ਇੱਕ ਜ਼ਿੰਮੇਵਾਰ ਸਿਆਸਤਦਾਨ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ। ਉਹਨਾਂ ਕਿਹਾ ਕਿ ਕਿਰਪਾ ਕਰਕੇ ਆਪਣੇ ਮੁੱਖ ਮੰਤਰੀ ਨੂੰ ਆਖੋ ਕਿ ਉਹ ਟਾਈਟਲਰ ਦੀ ਪੁਸ਼ਤਪਨਾਹੀ ਕਰਨਾ ਬੰਦ ਕਰੇ ਅਤੇ ਰਾਹੁਲ ਗਾਂਧੀ ਨੂੰ ਵੀ ਕਹੋ ਕਿ ਉਹ ਟਾਈਟਲਰ ਨੂੰ ਪਾਰਟੀ ਵਿਚੋਂ ਕੱਢੇ ਅਤੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਵੇ। ਫਿਰ ਇਹਨਾਂ ਕਦਮਾਂ ਦਾ ਸਿਹਰਾ ਆਪਣੇ ਸਿਰ ਲੈ ਲੈਣਾ।