ਬਿਕਰਮ ਮਜੀਠੀਆ ਨੇ ਕਿਹਾ ਕਿ ਸ਼ਰਮਨਾਕ ਗੱਲ ਹੈ ਕਿ ਤ੍ਰਿਪਤ 10 ਜਨਪਥ ਦੀ ਸਿੱਖ ਇਤਿਹਾਸ ਨੂੰ ਤੋੜਣ ਮਰੋੜਣ ਦੀ ਸਾਜ਼ਿਸ਼ ਵਿਚ ਹਿੱਸੇਦਾਰ ਬਣ ਚੁੱਕਿਆ ਹੈ
ਚੰਡੀਗੜ•/31 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਕਿਹਾ ਹੈ ਕਿ ਉਹ ਜੁਆਬ ਦੇਵੇ ਕਿ ਕਿ ਉਸ ਦੀ ਸਰਕਾਰ ਨੇ ਇਤਿਹਾਸ ਦੀ ਕਿਤਾਬਾਂ ਵਿਚ ਜੋ ਇਹ ਲਿਖਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਨਹੀਂ ਸੀ ਕੀਤਾ, ਸਿਰਫ ਜੁਰਮਾਨਾ ਕੀਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਵਿਚੋਂ ਪੰਜ ਪਿਆਰਿਆਂ ਦੇ ਆਖਣ ਉੱਤੇ ਨਹੀਂ ਸੀ ਗਏ, ਸਗੋਂ ਚੁੱਪ ਚੁਪੀਤੇ ਖਿਸਕ ਗਏ ਸਨ, ਕੀ ਉਹ ਬਤੌਰ ਸਿੱਖ ਅਤੇ ਕਾਂਗਰਸ ਪ੍ਰਤੀਨਿਧੀ ਇਸ ਨੂੰ ਸਹੀ ਮੰਨਦਾ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਤ੍ਰਿਪਤ ਬਾਜਵਾ ਇੱਕ ਸਿੱਖ ਹੋਣ ਦੇ ਬਾਵਜੂਦ ਆਪਣਾ ਮੰਤਰਾਲਾ ਬਚਾਉਣ 10 ਜਨਪਥ ਦੇ ਗਾਂਧੀ ਪਰਿਵਾਰ ਦੇ ਇਸ਼ਾਰਿਆਂ ਉੱਤੇ ਨੱਚ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਕੇ ਉਹ ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਤੋੜਣ ਮਰੋੜਣ ਦੀ ਉਸ ਸਾਜ਼ਿਸ਼ ਦਾ ਹਿੱਸੇਦਾਰ ਬਣ ਗਿਆ ਹੈ, ਜਿਸ ਤਹਿਤ ਮਹਾਨ ਗੁਰੂ ਸਾਹਿਬਾਨਾਂ ਅਤੇ ਧਾਰਮਿਕ ਗ੍ਰੰਥਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਤ੍ਰਿਪਤ ਬਾਜਵਾ ਨੇ ਸਿੱਖ ਵਿਸ਼ਵਾਸ਼ਾਂ ਨਾਲ ਜੁੜੇ ਇਸ ਮਸਲੇ ਨੂੰ ਅਮਨ ਅਤੇ ਫਿਰਕੂ ਸਦਭਾਵਨਾ ਦਾ ਮੁੱਦੇ ਵਿਚ ਤਬਦੀਲ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਬਾਜਵਾ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦਾ ਘਿਣਾਉਣਾ ਇਤਿਹਾਸ ਭੁੱਲ ਗਿਆ ਹੈ, ਜਿਹਨਾਂ ਨੇ 1984 ਵਿਚ ਨਾ ਸਿਰਫ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਸੀ, ਸਗੋਂ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਅੰਦਰ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਵੀ ਕਰਵਾਇਆ ਸੀ। ਉਹਨਾਂ ਕਿਹਾ ਕਿ ਬਾਜਵਾ ਨੇ ਉਹਨਾਂ ਇਤਿਹਾਸਕ ਤੱਥਾਂ ਨੂੰ ਜਾਣ ਬੁੱਝ ਕੇ ਅਣਗੌਲਿਆਂ ਕਰ ਛੱਡਿਆ ਹੈ, ਜਿਹੜੇ ਚੀਕ ਚੀਕ ਕੇ ਦੱਸਦੇ ਹਨ ਕਿ ਪੰਜਾਬ ਅੰਦਰ ਅੱਤਵਾਦ ਕਾਂਗਰਸ ਪਾਰਟੀ ਨੇ ਪੈਦਾ ਕੀਤਾ ਸੀ।
ਇਹ ਟਿੱਪਣੀ ਕਰਦਿਆਂ ਕਿ ਬਾਜਵਾ ਕਸੂਰਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਸਰਕਾਰ ਦੁਆਰਾ ਤਿਆਰ ਕਰਵਾਈਆਂ ਇਤਿਹਾਸ ਦੀਆਂ ਕਿਤਾਬਾਂ ਸਿੱਖ ਭਾਈਚਾਰੇ ਨੂੰ ਸਵੀਕਾਰ ਨਹੀਂ ਹਨ। ਉਹਨਾਂ ਕਿਹਾ ਕਿ ਇਹ ਗੱਲ ਛੇਤੀ ਸਪੱਸ਼ਟ ਹੋ ਗਈ ਹੈ ਕਿ ਸਿੱਖ ਇਤਿਹਾਸ ਨਾਲ ਵਾਰ ਵਾਰ ਜਾਣਬੁੱਝ ਕੇ ਛੇੜਖਾਨੀ ਕੀਤੀ ਗਈ ਹੈ ਤਾਂ ਕਿ ਸਾਡੀਆਂ ਅਗਲੀਆਂ ਪੀੜ•ੀਆਂ ਆਪਣੀ ਵਿਰਾਸਤ ਉੱਤੇ ਫਖ਼ਰ ਮਹਿਸੂਸ ਕਰਨਾ ਬੰਦ ਕਰ ਦੇਣ। ਉਹਨਾਂ ਕਿਹਾ ਕਿ ਬਾਜਵਾ ਗਾਂਧੀ ਪਰਿਵਾਰ ਦੀ ਕਠਪੁਤਲੀ ਵਾਂਗ ਵਿਵਹਾਰ ਕਰ ਰਿਹਾ ਹੈ, ਜਿਹਨਾਂ ਦੀ ਸਾਜ਼ਿਸ਼ ਫੜੀ ਜਾ ਚੁੱਕੀ ਹੈ ਅਤੇ ਉਹ ਹੁਣ ਇਸ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਅਜਿਹੇ ਹਥਕੰਡੇ ਕੰਮ ਨਹੀਂ ਆਉਣਗੇ। ਸਿੱਖ ਪੰਥ ਹੁਣ ਇਤਿਹਾਸ ਦੀਆਂ ਕਿਤਾਬਾਂ ਨਾਲ ਛੇੜਛਾੜ ਕਰਨ ਵਾਲਿਆਂ ਵਿਅਕਤੀਆਂ ਦੀ ਗਿਰਫਤਾਰੀ ਕਰਵਾਉਣ ਤਕ ਚੁੱਪ ਕਰਕੇ ਨਹੀਂ ਬੈਠੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਬੇਅਦਬੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਕਿਸੇ ਚੀਜ਼ ਨਾਲ ਕਾਂਗਰਸ ਪਾਰਟੀ ਦੁਆਰਾ ਜ਼ਖ਼ਮੀ ਕੀਤੀ ਸਿੱਖ ਭਾਵਨਾਵਾਂ ਉੱਤੇ ਟਕੋਰ ਨਹੀਂ ਹੋਵੇਗੀ।