ਚੰਡੀਗੜ•, 30 ਸਤੰਬਰ : ਸ਼੍ਰੋਮਣੀ ਅਕਾਲੀ ਵੱਲੋਂ ਕੱਲ• ਤਿੰਨਾਂ ਤਖ਼ਤਾਂ ਤੋਂ ਕੱਢੇ ਜਾ ਰਹੇ ਕਿਸਾਨ ਮਾਰਚ ਵਿਚ 40 ਹਜ਼ਾਰ ਵਾਹਨਾਂ ਵਿਚ 2 ਲੱਖ ਲੋਕ ਭਾਗ ਲੈਣਗੇ। ਇਹ ਮਾਰਚ ਚੰਡੀਗੜ• ਪੁੱਜੇਗਾ ਜਿਥੇ ਅਕਾਲੀ ਦਲ ਦੀ ਲੀਡਰਸ਼ਿਪ ਹਾਲ ਹੀ ਵਿਚ ਪਾਸ ਕੀਤੇ ਤਿੰਨ ਖੇਤੀਬਾੜੀ ਐਕਟਾਂ ਨੂੰ ਰੱਦ ਕਰਨ ਦੀ ਮੰਗ ਕਰਦਾ ਇਕ ਮੰਗ ਪੱਤਰ ਭਾਰਤ ਦੇ ਰਾਸ਼ਟਰਪਤੀ ਦੇ ਨਾਂ 'ਤੇ ਪੰਜਾਬ ਦੇ ਰਾਜਪਾਲ ਨੂੰ ਸੌਂਪੇਗੀ।
ਇਸ ਗੱਲ ਦੀ ਜਾਣਕਾਰੀ ਦਿਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਮਾਰਚ ਦੀ ਅਗਵਾਈ ਕਰਨਗੇ, ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਮਾਰਚ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਚ ਤਖਤ ਸ੍ਰੀ ਕੇਸਗੜ• ਸਾਹਿਬ ਤੋਂ ਸ਼ੁਰੂ ਹੋਣ ਵਾਲੇ ਮਾਰਚ ਦੀ ਅਗਵਾਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਕਰਨਗੇ।
ਹੋਰ ਵੇਰੇ ਸਾਂਝੇ ਕਰਦਿਆਂ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਣ ਵਾਲਾ ਮਾਰਚ ਵਾਇਆ ਜਲੰਧਰ, ਫਗਵਾੜਾ, ਨਵਾਂਸ਼ਹਿਰ, ਰੋਪੜ, ਕੁਰਾਲੀ ਤੇ ਮੁੱਲਾਂਪੁਰ ਰਾਹੀਂ ਹੁੰਦਾ ਹੋਇਆ ਚੰਡੀਗੜ• ਪੁੱਜੇਗਾ। ਉਹਨਾਂ ਦੱਸਿਆ ਕਿ ਤਲਵੰਡੀ ਸਾਬੋ ਤੋਂ ਸ਼ੁਰੂ ਹੋਣ ਵਾਲਾ ਮਾਰਚ ਮੌੜ, ਰਾਮਪੁਰਾ, ਤਪਾ, ਬਰਨਾਲਾ, ਸੰਗਰੂਰ, ਭਵਾਨੀਗੜ•, ਪਟਿਆਲਾ, ਰਾਜਪੁਰਾ, ਏਅਰਪੋਰਟ ਲਾਈਟ, ਤੇ ਜ਼ੀਰਕਪੁਰ ਤੋਂ ਹੁੰਦਾ ਹੋਇਆ ਚੰਡੀਗੜ• ਪੁੱਜੇਗਾ। ਉਹਨਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਣ ਵਾਲਾ ਮਾਰਚ ਰੋਪੜ ਬਾਈਪਾਸ 'ਤੇ ਅਕਾਲੀ ਦਲ ਪ੍ਰਧਾਨ ਦੀ ਅਗਵਾਈ ਹੇਠ ਆ ਰਹੇ ਮਾਰਚ ਵਿਚ ਰਲ ਜਾਵੇਗਾ।
ਡਾ. ਚੀਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਮਾਰਚ ਸਵੇਰੇ 8.00 ਵਜੇ ਸ਼ੁਰੂ ਹੋਵੇਗਾ, ਤਲਵੰਡੀ ਸਾਬੋ ਤੋਂ ਸਵੇਰੇ 9.00 ਵਜੇ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਵੇਰੇ 10.00 ਵਜੇ ਮਾਰਚ ਸ਼ੁਰੂ ਹੋਵੇਗਾ। ਉਹਨਾਂ ਦੱਸਿਆ ਕਿ ਸਮੇਂ ਦੀ ਘਾਟ ਕਾਰਨ ਮੁਹਾਲੀ ਦੇ ਦੁਸ਼ਹਿਰਾ ਗਰਾਉਂਡ ਵਿਚ ਇਕੱਠੇ ਹੋਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।