ਕਿਹਾ ਕਿ ਪੰਜਾਬ ਇਕ ਯਾਦਗਾਰ ਨੂੰ ਸਥਾਪਿਤ ਕਰਨ ਦੀ ਸ਼ੁਰੂਆਤ ਤੋਂ ਨਾਲ ਜੁੜੇ ਇਕ ਦੂਰਦਰਸ਼ੀ ਵਿਅਕਤੀ ਨੂੰ ਅਲਵਿਦਾ ਕਹਿਣ ਦੀ ਆਗਿਆ ਨਹੀਂ ਦੇ ਸਕਦਾ
ਮੁੱਖ ਮੰਤਰੀ ਤੋਂ ਦਖਲ ਮੰਗਿਆ ਤੇ ਡਾ. ਹਮਦਰਦ ਨੂੰ ਜੀਵਨ ਭਰ ਲਈ ਫਾਉਂਡੇਸ਼ਨ ਦਾ ਚੇਅਰਮੈਨ ਨਿਯੁਕਤ ਕਰਨ ਦੀ ਕੀਤੀ ਮੰਗ
ਚੰਡੀਗੜ•, 24 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜੰਗ ਏ ਆਜ਼ਾਦੀ ਫਾਉਂਡੇਸ਼ਨ ਦੇ ਚੇਅਰਮੈਨ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਸਤੀਫੇ 'ਤੇ ਮੁੜ ਵਿਚਾਰ ਕਰਨ ਤੇ ਕਿਹਾ ਕਿ ਉਹਨਾਂ ਦੀ ਸਖ਼ਤ ਮਿਹਨਤ ਤੇ ਸਮਰਪਣ ਦੀ ਭਾਵਨਾ ਦੀ ਬਦੌਤ ਹੀ ਜੰਗ ਏ ਆਜ਼ਾਦੀ ਵਿਸ਼ਵ ਦੇ ਨਕਸ਼ੇ 'ਤੇ ਆ ਸਕਿਆ ਹੈ ਤੇ ਉਹਨਾਂ ਦੀ ਲੀਡਰਸ਼ਿਪ ਦੀ ਬਦੌਲਤ ਹੀ ਇਹ ਯਾਦਗਾਰ ਪਹਿਲਾਂ ਤੈਅ ਨਕਸ਼ੇ ਅਨੁਸਾਰ ਹੀ ਪੂਰੀ ਹੋਵੇਗੀ।
ਡਾ. ਬਰਜਿੰਦਰ ਸਿੰਘ ਹਮਦਰਦ ਵੱਲੋਂ ਕਾਂਗਰਸ ਸਰਕਾਰ ਦੇ ਸਹਿਯੋਗ ਨਾ ਕਰਨ ਦੇ ਵਤੀਰੇ ਕਾਰਨ ਅਸਤੀਫਾ ਦੇਣ ਲਈ ਮਜਬੂਰ ਹੋਣ'ਤੇ ਹੈਰਾਨੀ ਪ੍ਰਗਟ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਅਜਿਹੇ ਦੂਰਦਰਸ਼ੀ ਵਿਅਕਤੀ ਨੂੰ ਦਰਨਿਕਾਰ ਨਹੀਂ ਹੋਣ ਦੇ ਸਕਦਾ ਜਿਹਨਾਂ ਨੇ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਲਈ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਉਹ ਡਾ. ਹਮਦਰਦ ਦਾ ਅਸਤੀਫਾ ਪ੍ਰਵਾਨ ਨਾ ਕਰਨ ਅਤੇ ਉਹਨਾਂ ਨੂੰ ਇਹ ਵਾਪਸ ਲੈਣ ਲਈ ਰਾਜ਼ੀ ਕਰਨ। ਉਹਨਾਂ ਕਿਹਾ ਕਿ ਸਰਕਾਰ ਨੂੰ ਪੰਜਾਬੀਆਂ ਵੱਲੋਂ ਆਜ਼ਾਦੀ ਦੀ ਲਹਿਰ ਵਿਚ ਪਾਏ ਯੋਗਦਾਨ ਨੂੰ ਦਰਜ ਕਰਨ ਵਾਲੀ ਇਸ ਯਾਦਗਾਰ ਦੀ ਮਾਨਤਾ ਤੇ ਡਾ. ਹਮਦਰਦ ਵੱਲੋਂ ਇਸਨੂੰ ਸਾਰੇ ਪੱਖਾਂ ਤੋਂ ਸੰਪੂਰਨ ਕਰਨ ਲਈ ਛੋਟ ਦੇਣ ਦੇ ਪਹਿਲੂ ਨੂੰ ਸਮਝਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੰਗ ਏ ਆਜ਼ਾਦੀ ਫਾਉਂਡੇਸ਼ਨ ਨੂੰ ਦਰਪੇਸ਼ ਸਾਰੀਆਂ ਵਿੱਤੀ ਔਕੜਾਂ ਤੁਰੰਤ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਯਾਦਗਾਰ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਡਾ. ਹਮਦਰਦ 'ਤੇ ਪ੍ਰਗਟਾਏ ਵਿਸ਼ਵਾਸ ਦੀ ਗਵਾਹੀ ਭਰਦੀ ਹੈ। ਉਹਨਾਂ ਕਿਹਾ ਕਿ ਡਾ. ਹਮਦਰਦ ਨੇ ਵਿਸ਼ਵ ਪੱਧਰ ਦੀ ਇਸ ਯਾਦਗਾਰ ਦੀ ਸਥਾਪਤੀ ਵਾਸਤੇ ਆਪਣਾ ਆਪ ਵਾਰਿਆ ਹੈ ਤੇ ਇਸ ਗੱਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਪ੍ਰਵਾਨ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰ ਬਾਦਲ ਨੇ ਇਸ ਯਾਦਗਾਰ ਵਾਸਤੇ 327 ਕਰੋੜ ਰੁਪਏ ਅਲਾਟ ਕੀਤੇ ਸਨ ਤਾਂ ਕਿ ਇਹ ਯਾਦਗਾਰ ਤਿਆਰ ਕੀਤੀ ਜਾ ਸਕਦੇ ਜਿਸ ਵਿਚ ਆਜ਼ਾਦੀ ਦੇ ਸੰਘਰਸ਼ ਦੀ ਗਾਥਾ ਦੀਆਂ ਤਸਵੀਰਾਂ ਦੇ ਨਾਲ ਨਾਲ ਸ਼ਹੀਦ ਏ ਮਿਨਾਰ ਵੀ ਸਥਾਪਿਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਵਿਚ ਆਡੀਟੋਰੀਅਮ, ਲਾਇਬ੍ਰੇਰੀ, ਤੇ ਖੋਜ ਤੇ ਸੈਮੀਨਾਰ ਹਾਲ ਦੀ ਸਥਾਪਤੀ ਲਈ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ। ਉਹਨਾਂ ਕਿਹਾ ਕਿ ਸਾਡਾ ਧਿਆਨ ਇਹਨਾਂ ਕੰਮਾਂ ਨੂੰ ਜਿੰਨੀ ਛੇਤੀ ਤੋਂ ਛੇਤੀ ਮੁਕੰਮਲ ਕਰਨ ਵਾਲੇ ਪਾਸੇ ਹੋਣਾ ਚਾਹੀਦਾ ਹੈ।
ਡਾ. ਹਮਦਰਦ ਨੂੰ ਅਸਤੀਫਾ ਵਾਪਸ ਲੈਣ ਬਾਰੇ ਨਿੱਜੀ ਅਪੀਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬੀ ਇਸ ਯਾਦਗਾਰ ਦੀ ਰੂਪ ਰੇਖਾ ਤਿਆਰ ਕਰਨ ਤੇ ਇਸਨੂੰ ਅਮਲੀ ਜਾਮਾ ਪਹਿਨਾਉਣ ਲਈ ਹਮੇਸ਼ਾ ਤੁਹਾਡੇ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਸੰਸਥਾ ਦੇ ਮੁਖੀ ਵਜੋਂ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਫਾਉਂਡੇਸ਼ਨ ਦੀ ਅਗਵਾਈ ਕਰਦੇ ਰਹੋ ਜਿਵੇਂ ਕਿ ਤੁਸੀਂ ਹੁਣ ਤੱਕ ਕੀਤੀ ਹੈ। ਸ੍ਰੀ ਬਾਦਲ ਨੇ ਕਿਹਾ ਕਿ ਇਸਨੂੰ ਧਿਆਨ ਵਿਚ ਰੱਖਦਿਆ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਉਹ ਸੂਬੇ ਦੇ ਵਡੇਰੇ ਹਿਤਾਂ ਵਿਚ ਫੈਸਲਾ ਲੈਣ ਅਤੇ ਡਾ.ਬਰਜਿੰਦਰ ਸਿੰਘ ਹਮਦਰਦ ਨੂੰ ਜੰਗ ਏ ਆਜ਼ਾਦੀ ਫਾਉਂਡੇਸ਼ਨ ਦਾ ਜੀਵਨ ਭਰ ਲਈ ਚੇਅਰਮੈਨ ਨਿਯੁਕਤ ਕਰਨ।