ਹਲਕੇ ਦੇ ਸਰਬਪੱਖੀ ਵਿਕਾਸ ਲਈ ਲੋਕਾਂ ਨੂੰ ਆਪਣੀ ਭੈਣ 'ਹਰਸਿਮਰਤ' ਨੂੰ ਵੋਟ ਪਾਉਣ ਲਈ ਆਖਿਆ
ਮੌੜ/ਮਾਨਸਾ/16 ਮਈ:ਮਥੁਰਾ ਸਾਂਸਦ ਅਤੇ ਡਰੀਮ ਗਰਲ ਹੇਮਾ ਮਾਲਿਨੀ ਨੇ ਅੱਜ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਇਸ ਹਲਕੇ ਅੰਦਰ ਰੋਡ ਸ਼ੋਅ ਕੱਢ ਕੇ ਹਲਕਾ ਵਾਸੀਆਂ ਦੇ ਦਿਲ ਜਿੱਤ ਲਏ। ਇਸੇ ਦੌਰਾਨ
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਝੂਠੇ ਵਾਅਦਿਆਂ ਦੇ ਝਾਂਸੇ ਵਿਚ ਨਾ ਆਉਣ ਅਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਉਹਨਾਂ ਦੀ ਭੈਣ 'ਹਰਸਿਮਰਤ' ਨੂੰ ਵੋਟ ਪਾ ਕੇ ਕਾਮਯਾਬ ਬਣਾਉਣ।
ਬਾਲੀਵੁੱਡ ਦੀ ਜਾਣੀ-ਪਹਿਚਾਣੀ ਅਦਾਕਾਰਾ ਹੇਮਾ ਮਾਲਿਨੀ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੱਢੇ ਗਏ ਰੋਡ ਸ਼ੋਅ ਨੂੰ ਮਾਨਸਾ ਦੇ ਬਜ਼ਾਰ ਵਿਚ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਬਾਅਦ ਵਿਚ ਉਹਨਾਂ ਵੱਲੋਂ ਮੌੜ ਅਤੇ ਰਾਮਾ ਮੰਡੀ ਵਿਖੇ ਕੀਤੀਆਂ ਜਨਤਕ ਰੈਲੀਆਂ ਵਿਚ ਵੀ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕੀੰ ਆਪਣੀ ਚਹੇਤੀ ਅਦਾਕਾਰਾ ਦਾ ਸਵਾਗਤ ਕਰਨ ਲਈ ਕਤਾਰਾਂ ਬਣਾ ਕੇ ਖੜ੍ਹੇ ਸਨ, ਜਿਸ ਦੌਰਾਨ ਕਈ ਥਾਂਵਾਂ ਉੱਤੇ ਹੇਮਾ ਮਾਲਿਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਰੋਡ ਸ਼ੋਅ ਦੌਰਾਨ ਇੱਕ ਖੁੱਲ੍ਹੇ ਵਾਹਨ ਵਿਚ ਬੈਠੀ ਹੇਮਾ ਮਾਲਿਨੀ ਨੇ ਮਾਈਕ ਹੱਥ ਵਿਚ ਲੈ ਕੇ ਲੋਕਾਂ ਨੂੰ ਵਿਕਾਸ ਲਈ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਹਲਕੇ ਦਾ ਚੋਖਾ ਵਿਕਾਸ ਕਰਵਾਇਆ ਹੈ, ਇਹ ਚਾਹੇ ਵੱਕਾਰੀ ਏਮਜ਼ ਇੰਸਟੀਚਿਊਟ ਬਠਿੰਡਾ ਵਿਖੇ ਲਿਆਉਣਾ ਜਾਂ ਸੈਂਟਰਲ ਯੂਨੀਵਰਸਿਟੀ ਬਣਾਉਣੀ ਹੋਵੇ। ਉਹਨਾਂ ਕਿਹਾ ਕਿ ਹਰਸਿਮਰਤ ਜੀ ਨੇ ਆਪਣੀ ਚੈਰੀਟੇਬਲ ਸੰਸਥਾ ਨੰਨ੍ਹੀ ਛਾਂ ਰਾਹੀਂ ਮਾਲਵਾ ਖੇਤਰ ਅੰਦਰ ਕੁੜੀਆਂ ਦੀ ਭਰੂਣ ਹੱਤਿਆ ਵਿਚ ਕਮੀ ਲਿਆ ਕੇ ਸਮਾਜ ਦੀ ਸੇਵਾ ਕੀਤੀ ਹੈ। ਇਸ ਤੋਂ ਇਲਾਵਾ ਇਸ ਸੰਸਥਾ ਨੇ 12 ਹਜ਼ਾਰ ਔਰਤਾਂ ਨੂੰ ਸਿਖਲਾਈ ਦੇ ਕੇ ਸਵੈ-ਨਿਰਭਰ ਬਣਾਇਆ ਹੈ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਲਈ ਉਹਨਾਂ ਦੀ ਦੂਰ ਦ੍ਰਿਸ਼ਟੀ ਨੂੰ ਵੋਟ ਪਾਉਣ ਲਈ ਕਿਹਾ। ਉਹਨਾਂ ਕਿਹਾ ਕਿ ਮੋਦੀ ਜੀ ਨੇ ਆਪਣੀਆਂ ਨੀਤੀਆਂ ਰਾਹੀਂ ਨਾ ਸਿਰਫ ਦੇਸ਼ ਨੂੰ ਮਜ਼ਬੂਤ ਬਣਾਇਆ ਹੈ, ਸਗੋਂ ਬਾਕੀ ਦੇਸ਼ਾਂ ਅੰਦਰ ਵੀ ਭਾਰਤ ਦੀ ਇੱਕ ਨਿਵੇਕਲੀ ਪਹਿਚਾਣ ਬਣਾਈ ਹੈ।
ਹੇਮਾ ਮਾਲਿਨੀ ਨੇ ਆਪਣੀ ਸਾਦਗੀ ਨਾਲ ਲੋਕਾਂ ਦਾ ਮਨ ਮੋਹ ਲਿਆ। ਰੋਡ ਸ਼ੋਅ ਦੌਰਾਨ ਉਹ ਲੋਕਾਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਰਹੇ ਅਤੇ ਉਹਨਾਂ ਨਾਲ ਗੱਲਾਂ ਵੀ ਕਰਦੇ ਰਹੇ। ਰੋਡ ਸ਼ੋਅ ਦੌਰਾਨ ਪੂਰਾ ਮਾਹੌਲ 'ਵੋਟ ਕਿੱਥੇ ਪਾਉਣੀ ਹੈ-ਤੱਕੜੀ ਤੇ' ਅਤੇ 'ਬੀਬਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ' ਵਰਗੇ ਨਾਅਰਿਆਂ ਨਾਲ ਗੂੰਜ ਉੱਠਿਆ। ਹੇਮਾ ਮਾਲਿਨੀ ਨੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦਾ ਜੈਕਾਰਾ ਛੱਡਦਿਆਂ ਲੋਕਾਂ ਦੇ ਜੋਸ਼ ਨੂੰ ਹੋਰ ਤਿੱਖਾ ਕਰ ਦਿੱਤਾ। ਉਹਨਾਂ ਇਹ ਵੀ ਵਾਅਦਾ ਕੀਤਾ ਕਿ ਜਦੋਂ ਅਗਲੀ ਵਾਰ ਉਹ ਮਾਨਸਾ ਆਉਣਗੇ ਤਾਂ ਧਰਮਿੰਦਰ ਜੀ ਅਤੇ ਈਸ਼ਾ ਨੂੰ ਵੀ ਆਪਣੇ ਨਾਲ ਲਿਆਉਣਗੇ। ਇਸ ਤੋਂ ਇਲਾਵਾ ਹੇਮਾ ਮਾਲਿਨੀ ਨੇ ਆਪਣੇ ਮਸ਼ਹੂਰ ਡਾਇਲਾਗ 'ਚੱਲ ਧੰਨੋ ਤੇਰੀ ਬਸੰਤੀ ਕੀ ਇੱਜ਼ਤ ਕਾ ਸਵਾਲ ਹੈ' ਬੋਲ ਕੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਇਸ ਮੌਕੇ ਉੱਤੇ ਬੋਲਦਿਆਂ ਬੀਬੀ ਹਰਸਿਮਰਤ ਬਾਦਲ ਨੇ ਕਿਹਾ 'ਬੇਨਤੀ ਦੋਨੋਂ ਭੈਣਾਂ ਦੀ ਮੰਨੋ ਤੇ ਤੱਕੜੀ ਚੋਣ ਨਿਸ਼ਾਨ ਨੂੰ ਦਬਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੇਤੂ ਬਣਾਓ'।ਲੋਕਾਂ ਨੂੰ ਇੱਕ 'ਨਿਮਾਣੀ ਸੇਵਾਦਾਰ' ਵਜੋਂ ਅਪੀਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਮੇਰੀ ਅਪੀਲ ਸਿੱਧੀ ਤੁਹਾਡੇ ਦਿਲ ਤਕ ਜਾਵੇਗੀ ਅਤੇ ਤੁਸੀਂ ਐਨਡੀਏ ਲੀਡਰਸ਼ਿਪ ਦੀ ਅਗਵਾਈ ਹੇਠ ਸਾਡੇ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਵਿਚ ਆਪਣਾ ਯੋਗਦਾਨ ਪਾਓਗੇ।