ਚੰਡੀਗੜ•/20 ਦਸੰਬਰ: ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਅੰਤਰਰਾਸ਼ਟਰੀ ਪੱਧਰ ਉੱਤੇ ਅੱਤਵਾਦੀ ਸਰਗਰਮੀਆਂ ਸੰਬੰਧੀ ਜਾਰੀ ਕੀਤੀ ਆਪਣੀ ਸੁਰੱਖਿਆ ਸੂਚੀ ਚ ਸਮੁੱਚੀ ਸਿੱਖ ਕੌਮ ਲਈ “ਟੈਰੋਰਿਸਟ“ ਸ਼ਬਦ ਦੀ ਵਰਤੋਂ ਕਰਨੀ ਸਿੱਖਾਂ ਦੇ ਧਾਰਮਿਕ, ਸਮਾਜਿਕ,ਰਾਜਨੀਤਕ ਅਤੇ ਸਭਿਆਚਾਰਕ ਪੱਖਾਂ ਨਾਲ ਸੰਬੰਧਿਤ ਸਚਾਈ ਵਾਲੇ ਤੱਥਾਂ ਤੋਂ ਕੋਰੀ ਬੁੱਧੀ ਦਾ ਪ੍ਰਗਟਾਵਾ ਕਰਨਾ ਹੈ। ਜਿਸ ਦੇਸ਼ ਚ 100 ਤੋਂ ਵੱਧ ਸਮੇਂ ਤੋਂ ਸਿੱਖ ਪੱਕੇ ਨਾਗਰਿਕ ਤੌਰ ਉੱਤੇ ਰਹਿ ਰਹੇ ਹੋਣ ਉੱਥੋਂ ਦੀ ਸਰਕਾਰ ਦਾ ਸਿੱਖਾਂ ਵਾਰੇ ਅਜਿਹਾ ਕਦਮ ਚੁੱਕਣਾ ਮੰਦਭਾਗਾ,ਨਿੰਦਣਯੋਗ ਅਤੇ ਨਾ ਬਰਦਾਸ਼ਤ ਯੋਗ ਹੈ। ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਰਧਾਨ ਤੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਪਰਮਿੰਦਰ ਸਿੰਘ ਬਰਾੜ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਤੋਂ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਨੇ ਜਾਰੀ ਸੂਚੀ ਚ ਸਿੱਖਾਂ ਨਾਲ ਜੋ “ਅੱਤਵਾਦੀ“ ਜੋੜਿਆ ਹੈ ਉਸ ਸ਼ਬਦ ਨੂੰ ਤੁਰੰਤ ਸੂਚੀ ਚੋਂ ਹਟਾਇਆ ਜਾਵੇ ਕਿਉਂ ਕਿ ਕੈਨੇਡਾ ਦੇ ਬਹੁਪਰਤੀ ਵਿਕਾਸ ਚ ਸਮੁੱਚੇ ਸਿੱਖ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਬਰਾੜ ਨੇ ਕੈਨੇਡਾ ਦੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਰਕਾਰ ਦੇ ਮੰਤਰੀਆਂ,ਮੈਂਬਰ ਪਾਰਲੀਮੈਂਟ,ਵਿਧਾਇਕਾਂ ਅਤੇ ਸਿਆਸੀ ਸਿੱਖ ਆਗੂਆਂ ਕੋਲੋਂ ਵੀ ਮੰਗ ਕੀਤੀ ਹੈ ਉਹ ਤੁਰੰਤ ਸਿੱਖਾਂ ਨਾਲੋਂ “ਅੱਤਵਾਦੀ“ ਸ਼ਬਦ ਹਟਾਉਣ ਲਈ ਟਰੂਡੋ ਸਰਕਾਰ ਉੱਤੇ ਦਬਾਅ ਬਣਾਉਣ ਕਿਉਂ ਕਿ ਸਿੱਖ ਭਾਈਚਾਰੇ ਦੇ ਅਕਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਨਾਲ ਪੰਜਾਬ ਦਾ ਵਿਦਿਆਰਥੀ,ਕਾਰੋਬਾਰੀ, ਟੂਰਿਸਟ ਅਤੇ ਨੌਕਰੀ ਪੇਸ਼ਾ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ ਜੋ ਕੈਨੇਡਾ ਜਾਣ ਦੀ ਇੱਛਾ ਰੱਖਦਾ ਹੈ। ਸਿੱਖ ਭਾਈਚਾਰੇ ਨੇ ਆਪਣੀ ਸਖਤ ਮਿਹਨਤ ਨਾਲ ਕੈਨੇਡਾ ਦੇ ਆਰਥਿਕ ਵਿਕਾਸ,ਸਮਾਜਿਕ, ਰਾਜਨੀਤਕ ਅਤੇ ਸਿਆਸਤ ਦੇ ਖੇਤਰ ਚ ਜੋ ਵੱਡੀ ਭੂਮਿਕਾ ਨਿਭਾਈ ਗਈ ਹੈ ਜਿਸ ਨਾਲ ਕੈਨੇਡਾ ਹਰ ਖੇਤਰ ਚ ਮਜ਼ਬੂਤ ਹੋਇਆ ਹੈ ਪਰ ਉੱਥੋਂ ਦੀ ਸਰਕਾਰ ਵੱਲੋਂ ਜਾਣੇ ਅਣਜਾਣੇ ਚ ਸਿੱਖਾਂ ਦੇ ਅਕਸ ਨੂੰ ਢਾਹ ਲਾਉਣਾ ਮੰਦਭਾਗਾ ਹੈ। ਸਿੱਖ ਸਰਬੱਤ ਦਾ ਭਲਾ ਮੰਗਣ,ਮਿਹਨਤੀ ਅਤੇ ਅਗਾਂਹਵਧੂ ਸੋਚ ਰੱਖਣ ਵਾਲੀ ਕੌਮ ਹੈ ਜੋ ਦੁਨੀਆਂ ਦੇ ਹਰ ਸਭਿਆਚਾਰ ਚ ਆਪਣੇ ਆਪ ਨੂੰ ਸਥਾਪਤ ਕਰਨ ਦੇ ਗੁਣ ਰੱਖਦੀ ਹੈ। ਅਜਿਹੀ ਅਗਾਂਹਵਧੂ ਕੌਮ ਨੂੰ “ਅੱਤਵਾਦੀ“ ਸ਼ਬਦ ਨਾਲ ਜੋੜਨਾਂ ਕਿਸੇ ਡੂੰਘੀ ਸ਼ਾਜਿਸ਼ ਦਾ ਹਿੱਸਾ ਤਾਂ ਹੋ ਸਕਦਾ ਹੈ ਪਰ ਮਾਨੱਖੀ ਅਧਿਕਾਰਾਂ ਦੇ ਖੇਤਰ ਚ ਅਗਵਾਈ ਕਰਨ ਵਾਲੇ ਕੈਨੇਡਾ ਵਰਗੇ ਮੋਹਰੀ ਦੇਸ਼ ਦੀ ਸਰਕਾਰ ਦਾ ਫੈਸਲਾ ਨਹੀਂ ਹੋ ਸਕਦਾ। ਬਰਾੜ ਨੇ ਕਿਹਾ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ ਇਸ ਸੰਬੰਧੀ ਜਲਦੀ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਾਲ ਲੈਕੇ ਕੈਨੇਡਾ ਅੰਬੈਸੀ ਦੇ ਭਾਰਤੀ ਰਾਜਦੂਤ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਤੋਂ ਬਾਆਦ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਸਿੱਖ ਰਹਿ ਰਹੇ ਹਨ,ਪੰਜਾਬ ਦੇ ਵਿਦਿਆਰਥੀਆਂ ਨੇ ਆਪਣੀ ਉਚੇਰੀ ਪੜਾਈ,ਸਿੱਖ ਕਾਰੋਬਾਰੀਆਂ ਤੇ ਵਪਾਰੀਆਂ, ਸਿੱਖ ਟੂਰਿਸਟਾਂ ਅਤੇ ਨੌਕਰੀ ਪੇਸ਼ਾ ਸਿੱਖ ਵਰਗ ਨੇ ਕੈਨੇਡਾ ਨੂੰ ਪਹਿਲੀ ਪਸੰਦ ਬਣਾਇਆ ਹੋਇਆ ਹੈ ਜਿੱਥੇ ਉਹ ਜਾਣਾ ਅਤੇ ਰਹਿਣਾ ਚਾਹੁੰਦੇ ਹਨ। ਉਨ•ਾਂ ਨੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਆਗੂਆਂ ਕੋਲੋਂ ਮੰਗ ਕੀਤੀ ਹੈ ਉਹ ਤੁਰੰਤ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਦੇ ਜ਼ਿਮੇਵਾਰ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਉਣ ਅਤੇ ਸੂਚੀ ਚ ਸਿੱਖਾਂ ਵਾਰੇ ਵਰਤੇ ਸ਼ਬਦਾਂ ਚ ਸ਼ੋਧ ਕਰਾਉਣ।