ਅਕਾਲੀ ਦਲ ਦੇ ਪ੍ਰਧਾਨ ਨੇ ਝੋਨੇ ਦੀ ਟਰਾਲੀ ਲੈ ਕੇ ਐਫ ਸੀ ਆਈ ਦਫਤਰ ਦੇ ਮੂਹਰੇ ਅਧਿਕਾਰੀਆਂ ਕੋਲੋਂ ਨਮੀ ਦੀ ਮਾਤਰਾ ਚੈਕ ਕਰਵਾਈ ਤੇ ਵਿਖਾਇਆ ਕਿ ਪੰਜਾਬ ਦੇ ਝੋਨੇ ਵਿਚ ਨਮੀ ਦੀ ਮਾਤਰਾ ਪ੍ਰਵਾਨਤ ਹੱਦ ਦੇ ਅੰਦਰ ਹੀ ਹੈ।
ਚੰਡੀਗੜ੍ਹ, 1 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਝੋਨੇ ਦੀ ਖਰੀਦ ਲਈ ਸਮੇਂ ਸਿਰ ਲੋੜੀਂਦੇ ਪ੍ਰਬੰਧ ਕਰਨ ਵਿਚ ਆਪਣੀ ਨਾਕਾਮੀ ’ਤੇ ਪਰਦਾ ਪਾਉਣ ਲਈ ਝੋਨੇ ਦੀ ਖਰੀਦ 10 ਦਿਨਾਂ ਲਈ ਮੁਲਤਵੀ ਕਰਵਾਈ ਹੈ।
ਅਕਾਲੀ ਦਲ ਦੇ ਪ੍ਰਧਾਨ ਆਪ ਝੋਨੇ ਦੀ ਭਰੀ ਟਰਾਲੀ ਲੈ ਕੇ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ ਸੀ ਆਈ) ਦੇ ਦਫਤਰ ਪਹੁੰਚੇ ਅਤੇ ਉਥੇ ਅਧਿਕਾਰੀਆਂ ਕੋਲੋਂ ਝੋਨੇ ਵਿਚ ਨਮੀ ਦੀ ਮਾਤਰਾ ਚੈਕ ਕਰਵਾਈ। ਡਿਪਟੀ ਮੈਨੇਜਰ ਪੱਧਰ ਦੇ ਅਫਸਰ ਦੀ ਹਾਜ਼ਰੀ ਵਿਚ ਅਜਿਹਾ ਕੀਤਾ ਗਿਆ ਤੇ ਨਮੀ ਦੀ ਮਾਤਰਾ 12.9 ਪਾਈ ਗਈ ਜਦਕਿ ਖਰੀਦ ਵਿਚ ਨਮੀ ਦੀ ਮਾਤਰਾ ਦੀ ਇਜਾਜ਼ਤ 17 ਫੀਸਦੀ ਤੱਕ ਹੈ।
ਐਫ ਸੀ ਆਈ ਦੇ ਦਫਤਰ ਮੂਹਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਝੋਨੇ ਦੀ ਖਰੀਦ ਜੋ ਅੱਜ ਸ਼ੁਰੂ ਹੋਣੀ ਚਾਹੀਦੀ ਸੀ, ਉਹ 10 ਦਿਨ ਲਈ ਮੁਲਤਵੀ ਕਰਵਾ ਦਿੱਤੀ ਗਈ ਹੈ। ਇਸ ਨਾਲ ਸੂਬੇ ਦਾ ਅਰਥਚਾਰਾ ਤਬਾਹੀ ਵੱਲ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਨੇ ਅਗਾਉਂ ਯੋਜਨਾਬੰਦੀ ਕੀਤੀ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਵਾਢੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਝੋਨਾ ਮੰਡੀਆਂ ਵਿਚ ਪਹੁੰਚਦਾ ਸ਼ੁਰੂ ਵੀ ਹੋ ਗਿਆ ਪਰ ਹੁਣ ਅਚਨਚੇਤ ਖਰੀਦ ਪ੍ਰਕਿਰਿਆ ਮੁਲਤਵੀ ਕਰਨ ਨਾਲ ਨਾ ਸਿਰਫ ਕਿਸਾਨ ਖਜੱਲ ਖੁਆਰ ਹੋਣਗੇ ਬਲਕਿ ਇਸ ਨਾਲ ਖਰਾਬ ਮੌਸਮ ਕਾਰਨਾ ਕਿਸਾਨਾਂ ਦੀ ਝੋਨੇ ਦੀ ਫਸਲ ਰੁੱਲ ਵੀ ਸਕਦੀ ਹੈ। ਉਹਨਾਂ ਕਿਹਾ ਕਿ ਇਹਨਾਂ ਤੱਥਾਂ ਨੁੰ ਧਿਆਨ ਵਿਚ ਰੱਖਦਿਆਂ ਸੂਬਾ ਸਰਕਾਰ ਨੂੰ ਆਪਣੀਆਂ ਏਜੰਸੀਆਂ ਰਾਹੀਂ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਵਾਉਣੀ ਚਾਹੀਦੀ ਹੈ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨ ਕੇਂਦਰ ਸਰਕਾਰ ਦੀ ਹਦਾਇਤ ਕਾਰਨ ਖਰੀਦ ਵਿਚ ਦੇਰੀ ਨਾਲ ਮੁਸ਼ਕਿਲਾਂ ਨਾ ਝੱਲਣ।
ਇਸ ਸਾਰੇ ਮਾਮਲੇ ਨੁੰ ਪੰਜਾਬ ਸਰਕਾਰ ਵੱਲੋਂ ਰਚੀ ਸਾਜ਼ਿਸ਼ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ 15 ਦਿਨਾਂ ਤੋਂ ਆਪਣੀ ਅੰਗਰੂਨੀ ਲੜਾਈ ਵਿਚ ਰੁੱਝੀ ਹੈ। ਉਹਨਾਂ ਕਿਹਾ ਕਿ ਪਹਿਲਾਂ ਇਸਦੇ ਆਗੂ ਮੁੱਖ ਮੰਤਰੀ ਦੇ ਅਹੁਦੇ ਵਾਲੀ ਸਿਖਰਲੀ ਕੁਰਸੀ ਲਈ ਆਪਸ ਵਿਚ ਲੜਦੇ ਰਹੇ। ਫਿਰ ਕੁਝ ਦਿਨ ਵੱਖ ਵੱਖ ਮਹਿਕਮੇ ਹਾਸਲ ਕਰਨ ਦੀ ਭੱਜ ਦੌੜ ਵਿਚ ਲੰਘ ਗਏ ਤੇ ਫਿਰ ਪ੍ਰਦੇਸ਼ ਕਾਂਗਰਸ ਮੁਖੀ ਨੇ ਅਸਤੀਫੇ ਦਾ ਡਰਾਮਾ ਕੀਤਾ। ਉਹਨਾਂ ਕਿਹਾ ਕਿ ਇਸ ਕਾਰਨ ਝੋਨੇ ਦੀ ਖਰੀਦ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਜਾ ਸਕੇ। ਉਹਨਾਂ ਕਿਹਾ ਕਿ ਇਸ ਵੇਲੇ ਸੂਬੇ ਕੋਲ ਬਾਰਦਾਨਾ ਨਹੀਂ ਹੈ। ਲੇਬਰ ਤੇ ਟਰਾਂਸਪੋਰਟ ਦੇ ਟੈਂਡਰ ਹੁਣ ਤੱਕ ਨਹੀਂ ਹੋਏ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਆਪਣਾ ਖਿਲਾਰਨਾ ਨਿਬੇੜਨ ਅਤੇ ਇਹ ਯਕੀਨੀ ਬਣਾਉਣ ਕਿ ਸੂਬਾ ਸਰਕਾਰ ਦੇ ਤਿਆਰੀ ਵਿਚ ਨਾਕਾਮ ਰਹਿਣ ਕਾਰਨ ਪੰਜਾਬ ਦਾ ਕਿਸਾਨ ਮੁਸ਼ਕਿਲਾਂ ਨਾ ਝੱਲੇ।
ਇਸ ਤੋਂ ਪਹਿਲਾਂ ਸਰਦਾਰ ਬਾਦਲ ਨੇ ਐਫ ਸੀ ਆਈ ਦੇ ਅਧਿਕਾਰੀਆਂ ਨਾਲ ਉਹਨਾਂ ਦੇ ਦਫਤਰ ਵਿਚ ਮੁਲਾਕਾਤ ਵੀ ਕੀਤੀ ਤੇ ਉਹਨਾਂ ਨੁੰ ਆਖਿਆ ਕਿ ਉਹ ਕੇਂਦਰ ਸਰਕਾਰ ਨੂੰ ਸਪਸ਼ਟ ਰਿਪੋਰਟ ਭੇਜਣ ਕਿ ਪੰਜਾਬ ਵਿਚ ਝੋਨਾ ਖਰੀਦ ਲਈ ਤਿਆਰ ਹੈ ਤੇ ਸੂਬੇ ਦੇ ਝੋਨੇ ਵਿਚ ਨਮੀ ਦੀ ਮਾਤਰਾ ਜ਼ਿਆਦਾ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਅਤੇ ਖਰੀਦ ਤੁਰੰਤ ਸ਼ੁਰੂ ਨਾ ਕੀਤੀ ਤਾਂ ਫਿਰ ਅਕਾਲੀ ਦਲ ਇਸ ਮਾਮਲੇ ’ਤੇ ਸੂਬੇ ਦੇ ਕਿਸਾਨਾਂ ਨਾਲ ਨਿਆਂ ਹੋਣਾ ਯਕੀਨੀ ਬਣਾਉਣ ਲਈ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ।