ਕਿਹਾ ਕਿ ਡਰ ਅਤੇ ਨਿਰਾਸ਼ਾ ਨੇ ਕਾਂਗਰਸ ਨੂੰ ਚੋਣ ਮੁਕਾਬਲੇ 'ਚੋਂ ਬਾਹਰ ਕੀਤਾ
ਕਿਹਾ ਕਿ ਇਹ ਸਿਰਫ ਅਮਰਿੰਦਰ ਦੀ ਨਹੀਂ, ਕਾਂਗਰਸ ਦੀ ਵੀ ਪੰਜਾਬ 'ਚ ਆਖਰੀ ਚੋਣ ਹੈ
ਕਿਹਾ ਕਿ ਅਕਾਲੀ-ਭਾਜਪਾ ਪੰਜਾਬ ਤੇ ਚੰਡੀਗੜ੍ਹ ਦੀਆਂ 14 ਸੀਟਾਂ ਉੱਤੇ ਹੂੰਝਾ ਫੇਰ ਜਿੱਤ ਹਾਸਿਲ ਕਰੇਗਾ
ਚੰਡੀਗੜ੍ਹ/22 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਝੂਠੀ ਸਹੁੰ ਖਾਣ ਕਰਕੇ ਪੰਜਾਬ ਵਿਚ ਕਾਂਗਰਸ ਉੱਤੇ ਰੱਬੀ ਕਹਿਰ ਟੁੱਟ ਪਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਕਾਰਜਾਂ ਦੀ ਕੀਤੀ ਅਣਦੇਖੀ ਅਤੇ ਲੋਕਾਂ ਦੀਆਂ ਤਕਲੀਫਾਂ ਅਤੇ ਸਮੱਸਿਆਵਾਂ ਪ੍ਰਤੀ ਮੁੱਖ ਮੰਤਰੀ ਦੇ ਲਾਪਰਵਾਹ ਵਤੀਰੇ ਨੇ ਕਾਂਗਰਸੀ ਕੇਡਰ ਨੂੰ ਨਿਰਾਸ਼ਾ ਦੇ ਆਲਮ ਵਿਚ ਸੁੱਟ ਦਿੱਤਾ ਹੈ। ਉਹ ਆਪਣੀ ਪਾਰਟੀ ਤੋਂ ਉਮੀਦਹੀਣ ਹੋ ਚੁੱਕੇ ਹਨ। ਇਕ ਔਸਤ ਕਾਂਗਰਸੀ ਵਰਕਰ ਨੇ ਮਹਿਸੂਸ ਕਰ ਲਿਆ ਹੈ ਕਿ ਕਾਂਗਰਸ ਕਿਤੇ ਵੀ ਚੋਣ ਮੁਕਾਬਲੇ ਵਿਚ ਨਹੀਂ ਹੈ।
ਅੱਜ ਇੱਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਨਹੀਂ, ਸਗੋਂ ਉਹਨਾਂ ਦੀ ਪਾਰਟੀ ਦੀ ਵੀ ਆਖਰੀ ਚੋਣ ਹੈ।ਪੱਛਮੀ ਬੰਗਾਲ ਵਿਚ ਐਸਐਸ ਰੇਅ ਵਾਂਗ ਅਮਰਿੰਦਰ ਵੱਲੋਂ ਲੋਕਾਂ ਦੇ ਕੰਮਾਂ ਪ੍ਰਤੀ ਵਿਖਾਈ ਸੰਵੇਦਨਹੀਣਤਾ ਅਤੇ ਰੁਚੀਹੀਣਤਾ, ਉਸ ਦੇ ਘੁਮੰਡ ਅਤੇ ਐਸ਼ਪ੍ਰਸਤੀ ਨੇ ਕਾਂਗਰਸ ਦੇ ਕਫਨ ਵਿਚ ਆਖਰੀ ਕਿੱਲ ਠੋਕ ਦਿੱਤਾ ਹੈ। ਅਕਾਲੀ ਦਲ ਅਤੇ ਪੰਜਾਬ ਦੇ ਲੋਕ ਸਿਰਫ ਆਈਐਨਸੀ ਦੀਆਂ ਲਾਸ਼ ਦੀਆਂ ਅੰਤਿਮ ਰਸਮਾਂ ਵਿਚ ਭਾਗ ਲੈਣ ਜਾ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਪੰਜਾਬ ਅਤੇ ਚੰਡੀਗੜ੍ਹ ਦੀਆਂ 14 ਸੀਟਾਂ ਉੱਤੇ ਹੂੰਝਾ ਫੇਰ ਜਿੱਤ ਹਾਸਿਲ ਕਰੇਗਾ।
ਸਰਦਾਰ ਬਾਦਲ ਅੱਜ ਸੰਗਰੂਰ ਵਿਖੇ ਪਾਰਟੀ ਵਰਕਰਾਂ ਨਾਲ ਸਾਰੇ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ, ਜਿੱਥੇ ਕਿ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਗਠਜੋੜ ਦੇ ਉਮੀਦਵਾਰ ਹਨ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਰਦਾਰ ਢੀਂਡਸਾ ਵਾਸਤੇ ਚੋਣ ਪ੍ਰਚਾਰ ਕਰਨ ਦਾ ਇਹ ਤੀਜਾ ਗੇੜ ਹੈ। ਸਰਦਾਰ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਹਨ।
ਇਸ ਮੌਕੇ ਸਰਦਾਰ ਬਾਦਲ ਨੇ ਸੰਗਰੂਰ ਬਾਰ ਕੌਂਸਲ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ, ਜਿਸ ਦੌਰਾਨ ਉਹਨਾਂ ਨੇ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਸਰਕਾਰ ਵੱਲੋਂ ਸੂਬੇ ਅੰਦਰ ਆਮ ਆਦਮੀ ਨੂੰ ਦਰਪੇਸ਼ ਅਸਲੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ, ਜਿਹਨਾਂ ਤੋਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਜਾਣਬੁੱਝ ਕੇ ਸੰਵੇਦਨਸ਼ੀਲ ਮੁੱਦਿਆਂ ਦੀਆਂ ਜਾਂਚਾਂ ਨੂੰ ਲੰਬਾ ਖਿੱਚ ਰਹੀ ਹੈ, ਕਿਉਂਕਿ ਉਹ ਚਾਹੁੰਦੇ ਹਨ ਕਿ ਲੋਕਾ ਕੋਲ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਬਾਰੇ ਸੁਆਲ ਕਰਨ ਦਾ ਸਮਾਂ ਹੀ ਨਾ ਬਚੇ। ਅਮਰਿੰਦਰ ਵੱਲੋਂ ਗੁਟਕਾ ਸਾਹਿਬ ਹੱਥ 'ਚ ਲੈ ਕੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਕਾਂਗਰਸ ਸਰਕਾਰ ਮੁਕਰ ਚੁੱਕੀ ਹੈ। ਹੁਣ ਉਹ ਫੰਡਾਂ ਦੀ ਕਮੀ ਵਰਗੇ ਬਹਾਨੇ ਘੜ ਰਹੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਖਾਲੀ ਖਜ਼ਾਨ ਦੀ ਰਟ ਕਾਂਗਰਸੀਆਂ ਵੱਲੋਂ ਆਪਣੇ ਨਿਕੰਮੇਪਣ ਅਤੇ ਲੋਕਾਂ ਲਈ ਕੰਮ ਕਰਨ ਦੀ ਇੱਛਾ-ਸ਼ਕਤੀ ਦੀ ਘਾਟ ਨੂੰ ਲੁਕੋਣ ਦਾ ਬਹਾਨਾ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਨਾ ਅਮਰਿੰਦਰ ਕੋਲ ਅਤੇ ਨਾ ਹੀ ਉਸ ਦੇ ਕਿਸੇ ਮੰਤਰੀ ਕੋਲ ਲੋਕਾਂ ਵਾਸਤੇ ਬਿਲਕੁੱਲ ਵੀ ਸਮਾਂ ਨਹੀਂ ਹੈ। ਉਹਨਾਂ ਕਿਹਾ ਖਜ਼ਾਨਾ ਤਦ ਹੀ ਖਾਲੀ ਹੋ ਸਕਦਾ ਹੈ, ਜੇਕਰ ਉਹਨਾਂ ਨੇ ਟੈਕਸ ਘਟਾ ਦਿੱਤੇ ਹੋਣ ਜਾਂ ਨਵੀਆਂ ਸਮਾਜ ਭਲਾਈ ਸਕੀਮਾਂ ਜਾਂ ਵਿਕਾਸ ਪ੍ਰਾਜੈਕਟ ਸ਼ੁਰੂ ਕਰ ਦਿੱਤੇ ਹੋਣ। ਪਰ ਉਹਨਾਂ ਨੇ ਤਾਂ ਪਿਛਲੇ ਦਸ ਸਾਲਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਵਿਕਾਸ ਕਾਰਜਾਂ ਅਤੇ ਸਮਾਜ ਭਲਾਈ ਸਕੀਮਾਂ ਨੂੰ ਵੀ ਬੰਦ ਕਰ ਦਿੱਤਾ ਹੈ। ਅਸੀਂ ਕਦੇ ਵੀ ਖਾਲੀ ਖਜ਼ਾਨੇ ਦੀ ਸ਼ਿਕਾਇਤ ਨਹੀਂ ਸੀ ਕੀਤੀ, ਕਿਉਂਕਿ ਖਜ਼ਾਨੇ ਦੀ ਕਮੀ ਕਦੇ ਵੀ ਨਹੀਂ ਹੁੰਦੀ, ਇਹ ਸਰਕਾਰ ਦੀ ਇੱਛਾ ਸ਼ਕਤੀ ਅਤੇ ਸਮਰੱਥਾ ਹੁੰਦੀ ਹੈ, ਜਿਸ ਦੀ ਕਮੀ ਹੁੰਦੀ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਾਰੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਵਿੱਤ ਮੰਤਰੀ ਹੁੰਦਿਆਂ ਵੀ ਮਨਪ੍ਰੀਤ ਵਿਕਾਸ ਕਾਰਜਾਂ ਅਤੇ ਸਮਾਜ ਭਲਾਈ ਸਕੀਮਾਂ ਦੇ ਰਾਹ ਵਿਚ ਰੋੜੇ ਅਟਕਾਉਂਦਾ ਰਹਿੰਦਾ ਸੀ। ਉਹਨਾਂ ਕਿਹਾ ਕਿ ਜਦੋਂ ਇਹ ਅੜਿੱਕੇ ਪਾਉਣ ਵਾਲਾ ਵਿਅਕਤੀ ਸਾਨੂੰ ਛੱਡ ਕੇ ਗਿਆ ਤਦ ਹੀ ਅਸੀਂ ਸੂਬੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਸਕੇ ਅਤੇ ਲੋਕਾਂ ਨੂੰ ਉਹ ਸਾਰੀਆਂ ਸਹੂਲਤਾਂ ਦੇ ਸਕੇ, ਜਿਹਨਾਂ ਦੀਆਂ ਹੁਣ ਤੁਸੀਂ ਗੱਲਾਂ ਕਰ ਰਹੇ ਹੋ। ਦੁਬਾਰਾ ਸਰਕਾਰ ਆਉਣ 'ਤੇ ਅਸੀਂ ਵਿਕਾਸ ਕਾਰਜਾਂ ਅਤੇ ਸਮਾਜ ਭਲਾਈ ਸਕੀਮਾਂ ਨੂੰ ਨਵੀਆਂ ਬੁਲੰਦੀਆਂ ਉੱਤੇ ਲੈ ਜਾਵਾਂਗੇ। ਸਰਕਾਰਾਂ ਕੋਲ ਪੈਸੇ ਦੀ ਕਦੇ ਕਮੀ ਨਹੀਂ ਹੁੰਦੀ ਹੈ।