ਇਹ
ਵੀ ਕਿਹਾ ਕਿ ਇੱਕ ਕੈਦੀ ਦੀ ਮੌਤ ਅਤੇ ਚਾਰ ਕੈਦੀਆਂ ਦੇ ਜਖ਼ਮੀ ਹੋਣ ਦੀ ਜ਼ਿੰਮੇਵਾਰੀ ਤੈਅ
ਕਰਨ ਲਈ ਸੁਖਜਿੰਦਰ ਰੰਧਾਵਾ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ
ਚੰਡੀਗੜ੍ਹ/28 ਜੂਨ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਰੰਧਾਵਾ ਕੱਲ੍ਹ ਲੁਧਿਆਣਾ ਕੇਂਦਰੀ ਜੇਲ੍ਹ ਵਿਚ ਹੋਈ ਪੁਲਿਸ ਗੋਲੀਬਾਰੀ ਦੌਰਾਨ ਹੋਈ ਇੱਕ ਕੈਦੀ ਦੀ ਮੌਤ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।
ਇੱਥੇ
ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਦੇ ਨਾਲ ਹੀ
ਪੁਲਿਸ ਗੋਲੀਬਾਰੀ ਵਿਚ ਕੈਦੀ ਅਜੀਤ ਬਾਬਾ ਅਤੇ ਚਾਰ ਹੋਰ ਕੈਦੀਆਂ ਦੇ ਜ਼ਖ਼ਮੀ ਹੋਣ ਦੀ
ਜਿੰæਮੇਵਾਰੀ ਤੈਅ ਕਰਨ ਲਈ ਜੇਲ੍ਹ ਮੰਤਰੀ ਤੋਂ ਇਲਾਵਾ ਬਾਕੀ ਸੀਨੀਅਰ ਪੁਲਿਸ ਅਧਿਕਾਰੀਆਂ
ਅਤੇ ਜੇਲ੍ਹ ਸੁਪਰਇਨਟੇਨਡੈਂਟ ਦੀ ਭੂਮਿਕਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਅਕਾਲੀ
ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਇਸ ਘਟਨਾ ਦੀ ਜਾਂਚ ਕਿਸੇ ਕੇਂਦਰੀ
ਏਜੰਸੀ ਜਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਉਣ ਦਾ ਹੁਕਮ
ਨਾ ਦਿੱਤਾ ਤਾਂ ਸੱਤਾ ਵਿਚ ਆਉਣ ਮਗਰੋਂ ਅਕਾਲੀ ਦਲ ਵੱਲੋਂ ਇਸ ਘਟਨਾ ਦੀ ਉੱਚ ਪੱਧਰੀ
ਜਾਂਚ ਕਰਵਾਉਣ ਦਾ ਹੁਕਮ ਜਾਰੀ ਕੀਤਾ ਜਾਵੇਗਾ।
ਸਰਦਾਰ
ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਕਾਰਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ
ਮਿਲਦੀ ਜੁਲਦੀ ਹੀ ਹੋਵੇਗੀ, ਜਿਸ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈ ਪੁਲਿਸ
ਗੋਲੀਬਾਰੀ ਇਹ ਦਲੀਲ ਦਿੱਤੀ ਸੀ ਕਿ ਕੋਈ ਵੀ ਪੁਲਿਸ ਅਧਿਕਾਰੀ ਉੱਪਰੋਂ ਮਿਲੇ ਹੁਕਮਾਂ ਤੋਂ
ਬਗੈਰ ਗੋਲੀ ਨਹੀਂ ਚਲਾ ਸਕਦਾ ਸੀ। ਉਹਨਾਂ ਕਿਹਾ ਕਿ ਇਸ ਦਲੀਲ ਮੁਤਾਬਿਕ ਵੇਖੀਏ ਤਾਂ ਇਹ
ਬਿਲਕੁੱਲ ਸਪੱਸ਼ਟ ਹੈ ਕਿ ਕੱਲ੍ਹ ਲੁਧਿਆਣਾ ਜੇਲ੍ਹ ਦੇ ਕੈਦੀਆਂ ਉੱਤੇ ਗੋਲੀ ਚਲਾਉਣ ਦੇ
ਹੁਕਮ ਜੇਲ੍ਹ ਮੰਤਰੀ ਨੇ ਦਿੱਤੇ ਸਨ। ਉਹਨਾਂ ਕਿਹਾ ਕਿ ਅਸੀਂ ਇਸ ਦੀ ਜਾਂਚ ਕਰਾਵਾਂਗੇ ਅਤੇ
ਜ਼ਿੰਮੇਵਾਰੀ ਤੈਅ ਕਰਾਂਗੇ। ਇਹ ਫੈਸਲਾ ਲੈਣ ਲਈ ਕਿ ਪੁਲਿਸ ਗੋਲੀਬਾਰੀ ਦੇ ਹੁਕਮ ਕਿਸਨੇ
ਦਿੱਤੇ ਸਨ, ਜੇਲ੍ਹ ਮੰਤਰੀ ਦੀਆਂ ਸਾਰੀਆਂ ਫੋਨ ਕਾਲਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਕਿ
ਇਹ ਸੱਚ ਸਾਹਮਣੇ ਲਿਆਂਦਾ ਜਾ ਸਕੇ ਕਿ ਪੁਲਿਸ ਗੋਲੀਬਾਰੀ ਕਿਸੇ ਨੇ ਕਰਵਾਈ ਸੀ।
ਉਹਨਾਂ
ਕਿਹਾ ਕਿ ਹੁਣ ਅਕਾਲੀ ਦਲ ਨੇ ਜੇਲ੍ਹ ਮੰਤਰੀ ਖ਼ਿਲਾਫ ਇਸ ਲਈ ਕਤਲ ਦਾ ਮੁਕੱਦਮਾ ਦਰਜ ਕਰਨ
ਦੀ ਮੰਗ ਕੀਤੀ ਹੈ, ਕਿਉਂਕਿ ਉਹ ਜੇਲ੍ਹਾਂ ਦੇ ਪ੍ਰਬੰਧ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।
ਉਹਨਾਂ ਕਿਹਾ ਕਿ ਜੇਲ੍ਹ ਸਟਾਫ ਨੇ ਅੰਨੇਵਾਹ ਗੋਲੀਆਂ ਚਲਾਈਆਂ, ਜਿਸ ਨਾਲ ਇੱਕ ਕੈਦੀ ਦੀ
ਮੌਤ ਹੋ ਗਈ ਅਤੇ ਚਾਰ ਕੈਦੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸੁਖਜਿੰਦਰ ਰੰਧਾਵਾ ਦੀ ਇਸ
ਵਾਸਤੇ ਜੁਆਬਦੇਹੀ ਹੋਣੀ ਚਾਹੀਦੀ ਹੈ, ਕਿਉਂਕਿ ਗੋਲੀਬਾਰੀ ਦੀ ਇਹ ਘਟਨਾ ਉਸ ਦੀ ਸਹਿਮਤੀ
ਬਿਨਾਂ ਨਹੀਂ ਸੀ ਵਾਪਰ ਸਕਦੀ।
ਸਰਦਾਰ ਬਾਦਲ ਨੇ ਇਸ ਪ੍ਰਸਾਸ਼ਨਿਕ ਕੋਤਾਹੀ ਉੱਤੇ ਪਰਦਾ ਪਾਉਣ ਲਈ ਘਟਨਾ ਤੋਂ ਤੁਰੰਤ ਬਾਅਦ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਮੰਗ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕੈਦੀਆਂ ਵੱਲੋਂ ਇੱਕ ਦਿਨ ਪਹਿਲਾਂ ਸ਼ੁਰੂ ਕੀਤੇ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਸਥਿਤੀ ਨੂੰ ਇਸ ਹੱਦ ਤਕ ਵਿਗੜਣ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਲ੍ਹਾਂ ਅੰਦਰ ਤਹਿਸ ਨਹਿਸ ਹੋ ਚੁੱਕੇ ਪ੍ਰਸਾਸ਼ਨਿਕ ਪ੍ਰਬੰਧਾਂ ਦੇ ਮੁੱਦੇ ਦਾ ਹੱਲ ਕਰਨ ਦੀ ਬਜਾਇ ਮੁੱਖ ਮੰਤਰੀ ਨੇ ਜੇਲ੍ਹ ਮੰਤਰੀ ਨੂੰ ਕਲੀਨ ਚਿਟ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਜੇਲ੍ਹ ਦੇ ਉਸ ਸੁਰੱਖਿਅਤ ਇਲਾਕੇ ਅੰਦਰ ਗੋਲੀ ਮਾਰ ਦੇਣ ਦੇ ਹੁਕਮ ਕਿਉਂ ਜਾਰੀ ਕੀਤੇ ਗਏ, ਜਿੱਥੇ ਕੈਦੀਆਂ ਕੋਲ ਸਿਵਾਇ ਇੱਟਾਂ ਦੇ ਹੋਰ ਕੁੱਝ ਨਹੀਂ ਸੀ। ਕੈਪਟਨ ਅਮਰਿੰਦਰ ਨੂੰ ਇਸ ਸਮੁੱਚੀ ਘਟਨਾ ਦੀ ਨਿਰਪੱਖ ਜਾਂਚ ਕਰਾਉਣ ਦਾ ਹੁਕਮ ਦੇਣਾ ਚਾਹੀਦਾ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਆਉਣ ਵਾਲੀ ਅਕਾਲੀ-ਭਾਜਪਾ ਸਰਕਾਰ ਇਸ ਗੋਲੀਬਾਰੀ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਦੀ ਕਾਨੂੰਨ ਮੁਤਾਬਿਕ ਜੁਆਬਦੇਹੀ ਕਰੇਗੀ।