ਚੰਡੀਗੜ੍ਹ/05 ਦਸੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇੱਕ ਕੈਬਨਿਟ ਮੀਟਿੰਗ ਦੌਰਾਨ ਇੱਕ ਕਾਂਗਰਸੀ ਗੈਂਗਸਟਰ ਦੀ ਕੀਤੀ ਤਰਫਦਾਰੀ ਉੱਤੇ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਪਾਰਟੀ ਨੇ ਅਫੀਮ ਖਾਣ ਦੀ ਸ਼ਲਾਘਾ ਕਰਕੇ ਨਸ਼ਿਆਂ ਦੇ ਪੰਜਾਬੀਆਂ ਉੱਤੇ ਹੋ ਰਹੇ ਮਾਰੂ ਅਸਰ ਪ੍ਰਤੀ ਅਸੰਵੇਦਨਸ਼ੀਲਤਾ ਵਿਖਾਉਣ ਲਈ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਲੋਕਤੰਤਰ ਲਈ ਇਹ ਬਹੁਤ ਹੀ ਮੰਦਭਾਗਾ ਦਿਨ ਹੈ, ਜਦੋਂ ਇੱਕ ਕੈਬਨਿਟ ਮੰਤਰੀ ਕੈਬਨਿਟ ਮੀਟਿੰਗ ਦੌਰਾਨ ਇੱਕ ਗੈਂਗਸਟਰ ਦੀ ਤਰਫਦਾਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਅਤੇ ਕਾਂਗਰਸ ਪਾਰਟੀ ਨਾਲ ਜੁੜੇ ਗੈਂਗਸਟਰਾਂ ਦੇ ਬਚਾਅ ਲਈ ਆਪਣੇ ਕੈਬਨਿਟ ਸਾਥੀਆਂ ਨੂੰ ਦਬਕਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਟਿੱਪਣੀ ਕਰਦਿਆਂ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੈਬਨਿਟ ਮੀਟਿੰਗ ਵਿਚ ਕੀਤੇ ਵਿਵਹਾਰ ਦੀ ਖ਼ਬਰ ਜਨਤਕ ਹੋਣ ਮਗਰੋਂ ਸਾਰੇ ਸਮਾਜ ਨੂੰ ਇੱਕ ਵੱਡਾ ਧੱਕਾ ਲੱਗਿਆ ਹੈ, ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਵਿਵਹਾਰ ਮੰਤਰੀ ਦੀ ਤੁਰੰਤ ਬਰਖਾਸਤਗੀ ਅਤੇ ਸਾਡੇ ਸਮਾਜ ਦੀਆਂ ਨੀਹਾਂ ਹਿਲਾ ਰਹੇ ਗੈਂਗਸਟਰ-ਮੰਤਰੀ ਗਠਜੋੜ ਦੀ ਤੁਰੰਤ ਜਾਂਚ ਕਰਵਾਏ ਜਾਣ ਦੀ ਮੰਗ ਕਰਦਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜੇਲ੍ਹ ਮੰਤਰੀ ਨੇ ਇੱਕ ਕਾਂਗਰਸੀ ਗੈਂਗਸਟਰ ਦੇ ਹੱਕ ਵਿਚ ਨਾ ਬੋਲਣ ਲਈ ਨਾ ਸਿਰਫ ਆਪਣੇ ਕੈਬਨਿਟ ਸਾਥੀਆਂ ਦਾ ਸਿਰਫ ਮਜ਼ਾਕ ਉਡਾਇਆ, ਸਗੋਂ ਇਹ ਸੁਆਲ ਵੀ ਕੀਤਾ ਕਿ ਮੁਕਤਸਰ ਦੇ ਐਸਐਸਪੀ ਨੇ ਮਾਰੇ ਜਾ ਚੁੱਕੇ ਬਦਮਾਸ਼ (ਮਨਪ੍ਰੀਤ ਮੰਨਾ) ਨੂੰ ਇੱਕ ਗੈਂਗਸਟਰ ਕਿਉਂ ਕਿਹਾ? ਅਕਾਲੀ ਆਗੂ ਨੇ ਕਿਹਾ ਕਿ ਇਸ ਗੈਂਗਸਟਰ ਖ਼ਿਲਾਫ 14 ਅਪਰਾਧਿਕ ਮਾਮਲੇ ਦਰਜ ਸਨ। ਉਹਨਾਂ ਕਿਹਾ ਕਿ ਜਿੱਥੇ ਮੰਤਰੀ ਪੁਲਿਸ ਅਧਿਕਾਰੀਆਂ ਦੇ ਕੰਮ ਵਿਚ ਦਖ਼ਲ ਦਿੰਦੇ ਹਨ ਅਤੇ ਉਹਨਾਂ ਨੂੰ ਪੇਸ਼ਾਵਰ ਢੰਗ ਨਾਲ ਆਪਣੀ ਡਿਊਟੀ ਕਰਨ ਤੋਂ ਰੋਕਦੇ ਹਨ ਤਾਂ ਅਜਿਹੀ ਸਰਕਾਰ ਕੋਲੋਂ ਆਮ ਲੋਕਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਅਕਾਲੀ ਆਗੂ ਨੇ 2 ਦਸੰਬਰ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਨਸ਼ਿਆਂ ਦੀ ਬੁਰਾਈ ਖ਼ਿਲਾਫ ਮੁਕੰਮਲ ਸੰਵੇਦਨਹੀਣਤਾ ਵਿਖਾਉਣ ਅਤੇ ਨਸ਼ਿਆਂ ਦੀ ਸ਼ਲਾਘਾ ਕਰਨ ਲਈ ਕੈਬਨਿਟ ਮੰਤਰੀਆਂ ਨੂੰ ਸਖ਼ਤ ਝਾੜ ਪਾਈ। ਉਹਨਾਂ ਕਿਹਾ ਕਿ ਭਾਵੇਂਕਿ ਇਹ ਘਟਨਾ ਪਹਿਲਾਂ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕੀ ਸੀ, ਫਿਰ ਵੀ ਇਸ ਦੀ ਪੁਸ਼ਟੀ ਦੀ ਲੋੜ ਸੀ। ਉਹਨਾਂ ਕਿਹਾ ਕਿ ਹੁਣ ਸਰਕਾਰ ਨੇ ਸਿਰਫ ਕਬੂਲ ਹੀ ਨਹੀਂ ਕੀਤਾ ਹੈ ਕਿ ਇਹ ਘਟਨਾ ਵਾਪਰੀ ਸੀ, ਸਗੋਂ ਇਸ ਵੀਡਿਓ ਕਲਿਪ ਨੂੰ ਜਨਤਕ ਤੌਰ ਜਾਰੀ ਕਰਨ ਲਈ ਦੋ ਲੋਕ ਸੰਪਰਕ ਅਧਿਕਾਰੀਆਂ ਖ਼ਿæਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਟਿੱਪਣੀ ਕਰਦਿਆਂ ਕਿ ਅਜਿਹਾ ਵਿਵਹਾਰ ਬਹੁਤ ਹੀ ਸ਼ਰਮਨਾਕ ਹੈ, ਡਾਕਟਰ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਖਜਿੰਦਰ ਰੰਧਾਵਾ ਦੇ ਕੈਬਨਿਟ ਮੀਟਿੰਗ 'ਚ ਮਾੜੇ ਵਿਵਹਾਰ ਅਤੇ ਬਾਕੀ ਮੰਤਰੀਆਂ ਦੁਆਰਾ ਅਫੀਮ ਵਰਗੇ ਨਸ਼ੇ ਦੀ ਕੀਤੀ ਵਕਾਲਤ ਦਾ ਸਖ਼ਤ ਨੋਟਿਸ ਲੈਂਦਿਆਂ ਦੋਵੇਂ ਮਾਮਲਿਆਂ ਵਿਚ ਸਖ਼ਤ ਕਾਰਵਾਈ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬੀ ਸਮਝ ਜਾਣਗੇ ਕਿ ਕਾਂਗਰਸ ਸਰਕਾਰ ਨਾ ਤਾਂ ਗੈਂਗਸਟਰਾਂ ਅਤੇ ਨਾ ਹੀ ਨਸ਼ਿਆਂ ਨੂੰ ਨਕੇਲ ਪਾਉਣ ਪ੍ਰਤੀ ਰਤੀ ਭਰ ਵੀ ਸੰਜੀਦਾ ਹੈ।