ਚੰਡੀਗੜ੍ਹ/10 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਤਲਵੰਡੀ ਸਾਬੋ ਥਰਮਲ ਪਲਾਂਟ ਵੱਲੋਂ ਕੀਤੇ ਜਾਂਦੇ ਪ੍ਰਦੂਸ਼ਣ ਬਾਰੇ ਚਿੰਤਾ ਜਤਾ ਕੇ ਲੋਕਾਂ ਨੂੰ ਮੂਰਖ ਨਾ ਬਣਾਵੇ ਜਦੋਂਕਿ ਉਸ ਦੀ ਆਪਣੀ ਸਰਕਾਰ ਨੇ ਪ੍ਰਦੂਸ਼ਣ-ਰੋਕੂ ਯੰਤਰ ਲਾਉਣ ਦੀ ਸਿਫਾਰਿਸ਼ ਕਰਕੇ ਇਸ ਪਲਾਂਟ ਦੀ ਮਿਆਦ ਵਧਾਈ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਦੂਜੀ ਵਾਰ ਹੈ ਕਿ ਸੁਨੀਲ ਜਾਖੜ ਨੇ 4100 ਕਰੋੜ ਰੁਪਏ ਦੇ ਬਿਜਲੀ ਘੁਟਾਲੇ ਤੋਂ ਧਿਆਨ ਲਾਂਭੇ ਕਰਨ ਲਈ ਬੇਲੋੜੀ ਡਰਾਮੇਬਾਜ਼ੀ ਕੀਤੀ ਹੈ। ਇਸ ਘੁਟਾਲੇ ਵਿਚ ਕਾਂਗਰਸ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਹਿੱਤਾਂ ਦੀ ਰਾਖੀ ਲਈ ਬਹੁਤ ਜਲਦਬਾਜ਼ੀ ਵਿਖਾਈ ਗਈ ਸੀ। ਉਹਨਾਂ ਕਿਹਾ ਕਿ ਮੈਂ ਜਾਖੜ ਨੂੰ ਇੱਕ ਸਾਦਾ ਸੁਆਲ ਪੁੱਛਣਾ ਚਾਹੁੰਦਾ ਹਾਂ। ਉਹ 4100 ਕਰੋੜ ਰੁਪਏ ਦੇ ਬਿਜਲੀ ਘੁਟਾਲੇ ਬਾਰੇ ਕਿਉਂ ਚੁੱਪ ਹੈ? ਉਹ ਇਸ ਕੇਸ ਨੂੰ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਕਿਉਂ ਨਹੀਂ ਲੈ ਕੇ ਗਏ?
ਅਕਾਲੀ ਆਗੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਮੁਖੀ ਸਿਰਫ ਕਾਂਗਰਸ ਪਾਰਟੀ ਦੇ ਭ੍ਰਿਸ਼ਟ ਸੌਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਇਹ ਡਰਾਮੇਬਾਜ਼ੀ ਕਰ ਰਿਹਾ ਹੈ ਜਦਕਿ ਕਾਂਗਰਸ ਦੀਆਂ ਹੇਰਾਫੇਰੀਆਂ ਹੀ ਵਾਰ ਵਾਰ ਵਧ ਰਹੀਆਂ ਬਿਜਲੀ ਦਰਾਂ ਦੀ ਅਸਲੀ ਵਜ੍ਹਾ ਹਨ। ਉੁਹਨਾਂ ਕਿਹਾ ਕਿ ਜੇਕਰ ਜਾਖੜ ਇਸ ਮਸਲੇ ਬਾਰੇ ਸੱਚਮੁੱਚ ਸੰਜੀਦਾ ਹੁੰਦਾ ਤਾਂ ਉਸ ਨੇ 4100 ਕਰੋੜ ਰੁਪਏ ਦੇ ਬਿਜਲੀ ਘੁਟਾਲੇ ਦੀ ਇੱਕ ਸੁਤੰਤਰ ਜਾਂਚ ਕਰਵਾਉਣੀ ਸੀ ਜਾਂ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪ੍ਰਦੂਸ਼ਣ ਰੋਕੂ ਯੰਤਰ ਨਾ ਲਾਉਣ ਲਈ ਸਾਰੇ ਪ੍ਰਾਈਵੇਟ ਥਰਮਲ ਪਲਾਂਟਾਂ ਬੰਦ ਕਰਾਉਣ ਦਾ ਨਿਰਦੇਸ਼ ਦੇਣਾ ਸੀ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪ੍ਰਬੰਧਕਾਂ ਨਾਲ ਅੰਦਰਖਾਤੇ ਮਿਲੀ ਹੋਈ ਹੈ, ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਸਰਕਾਰੀ ਖਜ਼ਾਨੇ ਨੂੰ 4100 ਕਰੋੜ ਰੁਪਏ ਦਾ ਚੂਨਾ ਲਾਉਣ ਲਈ ਪਲਾਂਟਾਂ ਦੇ ਪ੍ਰਬੰਧਕਾਂ ਨਾਲ ਗੁਪਤ ਸਮਝੌਤੇ ਕੀਤੇ ਸਨ। ਉਹਨਾਂ ਕਿਹਾ ਕਿ ਹੁਣ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਾਂਗਰਸ ਸਰਕਾਰ ਦੇ ਇਸ਼ਾਰੇ ਉੱਤੇ ਉਹਨਾਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪ੍ਰਬੰਧਕਾਂ ਨੂੰ ਦੋ ਸਾਲ ਦੀ ਰਾਹਤ ਦੇ ਦਿੱਤੀ ਹੈ, ਜਿਹਨਾਂ ਨੇ ਫਿਊਲ ਗੈਸ ਡੀਸਲਫਰਾਈਜੇਸ਼ਨ ਯੂਨਿਟਸ ਪਿਛਲੇ ਸਾਲ 31 ਦਸੰਬਰ ਤਕ ਲਗਾਉਣੇ ਸਨ। ਉਹਨਾਂ ਕਿਹਾ ਕਿ ਇਹ ਇੱਕ ਹੋਰ ਘੁਟਾਲਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਘੁਟਾਲੇ ਦਾ ਵਿਰੋਧ ਅਤੇ ਪਰਦਾਫਾਸ਼ ਕਰਨ ਦੀ ਬਜਾਇ ਜਾਖੜ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿਚ ਚਲਾ ਗਿਆ ਅਤੇ ਇਹ ਪ੍ਰਭਾਵ ਦੇਣ ਦਾ ਡਰਾਮਾ ਕਰਨ ਲੱਗਿਆ ਕਿ ਕਾਂਗਰਸ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ। ਸੱਚਾਈ ਇਹ ਹੈ ਕਿ ਕਾਂਗਰਸ ਪਾਰਟੀ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪ੍ਰਬੰਧਕਾਂ ਨਾਲ ਮਿਲੀ ਹੋਈ ਹੈ ਅਤੇ ਜਾਖੜ ਸਰਕਾਰ ਨੂੰ ਨੁਕਤਾਚੀਨੀ ਤੋਂ ਬਚਾਉਣ ਲਈ ਘਟੀਆ ਹਥਕੰਡੇ ਇਸਤੇਮਾਲ ਕਰ ਰਿਹਾ ਹੈ।
ਪ੍ਰੋਫੈਸਰ ਚੰਦੂਮਾਜਰਾ ਨੇ ਪੀਪੀਸੀਸੀ ਮੁਖੀ ਨੂੰ ਇਹ ਵੀ ਮਸ਼ਵਰਾ ਦਿੱਤਾ ਕਿ ਜੇਕਰ ਉਹ ਸੱਚਮੁੱਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਮੁੱਖ ਮੰਤਰੀ ਕੋਲੋਂ ਜੁਆਬ ਮੰਗਣੇ ਚਾਹੀਦੇ ਹਨ ਅਤੇ ਜੇਕਰ ਕੈਪਟਨ ਉਸ ਨੂੰ ਮਿਲਣ ਤੋਂ ਇਨਕਾਰ ਕਰਦਾ ਹੈ, ਜਿਸ ਤਰ੍ਹਾਂ ਕਿ ਪਹਿਲਾਂ ਵੀ ਵਾਪਰ ਚੁੱਕਿਆ ਹੈ ਤਾਂ ਉਸ ਨੂੰ ਸੋਨੀਆ ਗਾਂਧੀ ਕੋਲ ਪਹੁੰਚ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਵੀ ਨਹੀਂ ਹੁੰਦਾ ਤਾਂ ਤੁਹਾਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਜਾਖੜ ਨੂੰ ਕਿਹਾ ਕਿ ਉਹ ਜੁਆਬ ਦੇਵੇ ਕਿ ਉਸ ਨੇ ਵਾਰ ਵਾਰ ਵਧੀਆਂ ਬਿਜਲੀ ਦਰਾਂ ਸੰਬੰਧੀ ਕੀ ਕੀਤਾ ਹੈ? ਤੁਸੀਂ ਬਿਜਲੀ ਦਰਾਂ ਵਿਚ ਵਾਰ ਵਾਰ ਕੀਤੇ ਗਏ ਵਾਧਿਆਂ ਨੂੰ ਚੁੱਪਚਾਪ ਵੇਖਦੇ ਰਹੇ ਹੋ, ਜਿਹਨਾਂ ਨੇ ਪੰਜਾਬ ਅੰਦਰ ਦੇਸ਼ ਵਿਚ ਸਭ ਤੋਂ ਮਹਿੰਗੀ ਬਿਜਲੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਨੇ ਆਮ ਆਦਮੀ ਦੀ ਜ਼ਿæੰਦਗੀ ਨਰਕ ਬਣਾ ਦਿੱਤੀ ਹੈ ਅਤੇ ਨਿਵੇਸ਼ ਨੂੰ ਪੰਜਾਬ ਤੋਂ ਭਜਾ ਦਿੱਤਾ ਹੈ। ਇਸ ਲਈ ਵਧੀਆ ਹੋਵੇਗਾ ਕਿ ਜੇਕਰ ਤੁਸੀਂ ਘਟੀਆ ਡਰਾਮੇਬਾਜ਼ੀ ਕਰਨ ਦੀ ਬਜਾਇ ਬਿਜਲੀ ਦਰਾਂ ਵਿਚ ਕੀਤੇ ਵਾਧਿਆਂ ਨੂੰ ਵਾਪਸ ਕਰਵਾਓ।