ਕਿਹਾ ਕਿ ਕਾਂਗਰਸ ਆਗੂ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗੇ
ਚੰਡੀਗੜ•/25 ਨਵੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਖ਼ਤ ਪ੍ਰਤੀਕਿਰਿਆ ਜਾਹਿਰ ਕਰਦਿਆਂ ਕਾਂਗਰਸ ਆਗੂ ਸੁਨੀਲ ਜਾਖੜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀਆਂ ਉਹਨਾਂ ਟਿੱਪਣੀਆਂ ਨੂੰ 'ਅਪਮਾਨਜਨਕ, ਘਿਣਾਉਣੀਆਂ ਅਤੇ ਬੇਅਦਬੀ ਭਰੀਆਂ' ਕਰਾਰ ਦਿੱਤਾ ਹੈ, ਜਿਹਨਾਂ ਵਿਚ ਜਾਖੜ ਨੇ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਨੂੰ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਵੰਡੀਆਂ ਪਾਉਣ ਵਾਲੀ ਦੱਸਦਿਆਂ ਇਸ ਨੂੰ 1947 ਵਿਚ ਭਾਰਤ-ਪਾਕਿਸਤਾਨ ਵੰਡ ਕਰਾਉਣ ਵਾਲੀ ਕਰਾਰ ਦਿੱਤਾ ਸੀ।
ਅਕਾਲੀ ਦਲ ਨੇ ਜਾਖੜ ਨੂੰ ਕਿਹਾ ਹੈ ਕਿ ਉਹ ਮਹਾਨ ਗੁਰੂ ਸਾਹਿਬਾਨ ਦੇ ਪਵਿੱਤਰ ਸੁਨੇਹੇ ਅਤੇ ਜ਼ਿੰਦਗੀ ਨੂੰ ਫਿਰਕੂ ਰੰਗਤ ਦੇਣ ਦੀ ਨਾਮੁਆਫੀਯੋਗ ਹਰਕਤ ਲਈ ਪੂਰੀ ਮਨੁੱਖਤਾ ਖਾਸ ਕਰਕੇ ਪੂਰੀ ਦੁਨੀਆਂ ਅੰਦਰ ਵਸਦੀ ਨਾਨਕ ਨਾਮ ਲੇਵਾ ਸੰਗਤ ਤੋਂ ਮੁਆਫੀ ਮੰਗੇ।
ਇੱਥੇ ਦੱਸਣਯੋਗ ਹੈ ਕਿ ਜਾਖੜ ਨੇ ਸ਼ੁੱਕਰਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਟਵਾਰੇ ਦੀ ਨੀਂਹ ਉਸ ਸਮੇਂ ਰੱਖੀ ਗਈ ਸੀ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਹਿੰਦੂ ਅਤੇ ਮੁਸਲਮਾਨ ਸ਼ਰਧਾਲੂਆਂ ਨੇ ਆਪੋ ਆਪਣੇ ਧਰਮ ਮੁਤਾਬਿਕ ਆਖਰੀ ਰਸਮਾਂ ਕਰਨ ਲਈ ਉਹਨਾਂ ਦੀ ਚਾਦਰ ਦੇ ਟੁਕੜੇ ਕਰਕੇ ਵੰਡ ਲਿਆ ਸੀ।
ਇਸ ਬਾਰੇ ਸਖ਼ਤ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਜਾਖੜ ਦੀਆਂ ਟਿੱਪਣੀਆਂ ਨੂੰ ਫਿਰਕੂ ਜ਼ਹਿਰ ਨਾਲ ਭਰੀਆਂ ਅਤੇ ਅਸਵੀਕਾਰਯੋਗ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਯਕੀਨ ਨਹੀਂ ਆਉਂਦਾ ਕਿ ਕੀ ਕਾਂਗਰਸ ਪਾਰਟੀ, ਜਿਸ ਨੇ ਮੁਸਲਿਮ ਲੀਗ ਨਾਲ ਮਿਲ ਕੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ, ਨੂੰ ਹੁਣ ਮਹਾਨ ਗੁਰੂ ਨਾਨਕ ਪਾਤਸ਼ਾਹ ਅਤੇ ਉਹਨਾਂ ਦੇ ਸ਼ਰਧਾਲੂਆਂ ਦੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਉੱਤੇ ਵੰਡ ਦੇ ਦੁਖਾਂਤ ਦਾ ਇਲਜ਼ਾਮ ਲਾਉਣਾ ਚਾਹੀਦਾ ਹੈ? ਉਹਨਾਂ ਕਿਹਾ ਕਿ ਜੇਕਰ ਕਾਂਗਰਸ ਦੇ ਨਾਪਾਕ ਇਰਾਦਿਆਂ ਨੂੰ ਨੱਥ ਨਾ ਪਾਈ ਹੁੰਦੀ ਤਾਂ ਜਦੋਂ 1984 ਵਿਚ ਇਸ ਨੇ ਗੁਰੂ ਨਾਨਕ ਸਾਹਿਬ ਦੇ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕਰਵਾਇਆ ਸੀ, ਉਸ ਸਮੇਂ ਇਹ ਦੇਸ਼ ਦੀ ਦੂਜੀ ਵੰਡ ਵੀ ਕਰਵਾ ਸਕਦੀ ਸੀ।
ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਉਹ ਅਤੇ ਉਹਨਾਂ ਦੀ ਪਾਰਟੀ ਵੀ ਜਾਖੜ ਦੇ ਵਿਚਾਰਾਂ ਨਾਲ ਸਹਿਮਤ ਹਨ?
ਉਹਨਾਂ ਕਿਹਾ ਕਿ ਜਾਖੜ ਅਤੇ ਕਾਂਗਰਸ ਪਾਰਟੀ ਦੀਆਂ ਟਿੱਪਣੀਆਂ ਗੁਰੂ ਸਾਹਿਬ ਦੀ ਸਰਬ ਸਾਂਝੀਵਾਲਤਾ ਦੀ ਵਿਚਾਰਧਾਰਾ ਦਾ ਘੋਰ ਅਪਮਾਨ ਹਨ, ਜਿਸ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕੱਠੇ ਕੀਤਾ ਸੀ। ਉਹਨਾਂ ਕਿਹਾ ਕਿ ਚਾਦਰ ਨੂੰ ਵੰਡਣਾ ਵੀ ਦੋਵੇਂ ਭਾਈਚਾਰਿਆਂ ਵਿਚ ਗੁਰੂ ਨਾਨਕ ਦੇਵ ਜੀ ਲਈ ਸਾਂਝੇ ਪਿਆਰ ਅਤੇ ਸਤਿਕਾਰ ਦਾ ਪ੍ਰਤੀਕ ਸੀ। ਚਾਦਰ ਨੂੰ ਵੰਡਣ ਦਾ ਸਾਂਝੇ ਫੈਸਲੇ ਨੇ ਅਸਲ ਵਿਚ ਦੋਵੇਂ ਭਾਈਚਾਰਿਆਂ ਨੂੰ ਜੋੜਿਆ ਸੀ, ਜਿਹਨਾਂ ਨੇ ਮਹਾਨ ਗੁਰੂ ਸਾਹਿਬ ਦੀ ਚਾਦਰ ਰੂਪੀ ਵਿਰਾਸਤ ਨੂੰ ਵੰਡ ਕੇ ਉਹਨਾਂ ਪ੍ਰਤੀ ਆਪਣੀ ਸ਼ਰਧਾ ਦਾ ਇਜ਼ਹਾਰ ਕੀਤਾ ਸੀ। ਉਹਨਾਂ ਕਿਹਾ ਕਿ ਇਹ ਘਟਨਾ ਸਾਬਿਤ ਕਰਦੀ ਹੈ ਕਿ ਹਮੇਸ਼ਾਂ ਇੱਕ ਦੂਜੇ ਨਾਲ ਭਿੜਣ ਵਾਲੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਗੁਰੂ ਸਾਹਿਬ ਨੂੰ ਮਿਲਾ ਦਿੱਤਾ ਸੀ। ਦੋਵੇਂ ਭਾਈਚਾਰਿਆਂ ਵੱਲੋਂ ਆਪੋ-ਆਪਣੇ ਧਰਮ ਦੀ ਰੀਤਾਂ ਮੁਤਾਬਿਕ ਚਾਦਰ ਦੇ ਹਿੱਸੇ ਦੀ ਅੰਤਮ ਰਸਮ ਕਰਨਾ ਵੀ ਫਿਰਕੂ ਸਦਭਾਵਨਾ ਦੀ ਇੱਕ ਨਿਵੇਕਲੀ, ਬੇਮਿਸਾਲ ਅਤੇ ਇਤਿਹਾਸਕ ਘਟਨਾ ਹੈ। ਇਸ ਘਟਨਾ ਵਿਚ ਆਪਸ ਵਿਚ ਵੈਰ-ਵਿਰੋਧ ਰੱਖਣ ਵਾਲੇ ਦੋ ਭਾਈਚਾਰਿਆਂ ਨੇ ਇੱਕੋ ਸੰਤ ਉੱਤੇ ਆਪਣੇ ਦਾਅਵੇ ਜਤਾ ਕੇ ਗੁਰੂ ਸਾਹਿਬ ਲਈ ਪਿਆਰ ਅਤੇ ਸ਼ਰਧਾ ਦਾ ਇਜ਼ਹਾਰ ਕੀਤਾ ਸੀ।
ਅਕਾਲੀ ਆਗੂਆਂ ਨੇ ਕਿਹਾ ਕਿ ਜਾਖੜ ਤਾਜ਼ਾ ਇਤਿਹਾਸ ਵੀ ਭੁੱਲ ਗਿਆ ਜਾਪਦਾ ਹੈ ਕਿ ਜਦੋਂ 1947 ਵਿਚ ਹਿੰਦੂ ਅਤੇ ਮੁਸਲਮਾਨ ਦੇਸ਼ ਦੀ ਵੰਡ ਚਾਹੁੰਦੇ ਸਨ ਤਾਂ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਭਾਰਤ ਦੀ ਏਕਤਾ ਦੀ ਵਕਾਲਤ ਕੀਤੀ ਸੀ। ਉਹਨਾਂ ਕਿਹਾ ਕਿ ਕੌਣ ਭੁੱਲ ਸਕਦਾ ਹੈ ਕਿ ਕਿਸ ਤਰ•ਾਂ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੀ ਨੁੰਮਾਇਦਗੀ ਕਰਦਿਆਂ ਵੰਡ ਦਾ ਪੂਰੀ ਤਰ•ਾਂ ਵਿਰੋਧ ਕੀਤਾ ਸੀ। ਅਕਾਲੀ ਦਲ ਦੇਸ਼ ਦੇ ਟੁਕੜੇ ਨਾ ਕੀਤੇ ਜਾਣ ਦੇ ਹੱਕ ਵਿਚ ਸੀ। ਉਹਨਾਂ ਕਿਹਾ ਕਿ ਦੇਸ਼ ਦੇ ਟੁਕੜੇ ਇਸ ਲਈ ਹੋਏ ਕਿਉਂਕਿ ਕਾਂਗਰਸ ਅਤੇ ਮੁਸਲਿਮ ਲੀਗ ਨੇ ਮਹਾਨ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਉਸ ਮਹਾਨ ਗੁਰੂ ਦੇ ਦੇਸ਼ ਦੀ ਫਿਰਕੂ ਵੰਡ ਕਰਨ ਲਈ ਸਹਿਮਤ ਹੋ ਗਈਆਂ, ਜਿਸ ਨੇ ਬਾਹਰੀ ਹਮਲਾਵਰਾਂ ਵੱਲੋਂ ਭਾਰਤ ਦੇ ਲੋਕਾਂ ਉੱਤੇ ਢਾਹੇ ਜ਼ੁਲਮਾਂ ਵਿਰੁੱਧ ਆਵਾਜ਼ ਉੁਠਾਉਂਦਿਆਂ ਕਿਹਾ ਸੀ ਕਿ ਖੁਰਾਸਾਨ ਖਸਮਾਨ ਕੀਆ, ਹਿੰਦੁਸਤਾਨ ਡਰਾਇਆ।
ਅਕਾਲੀ ਆਗੂਆ ਨੇ ਜਾਖੜ ਨੂੰ ਕਿਹਾ ਕਿ ਉਸ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਅੱਜ ਕਰਤਾਰਪੁਰ ਸਾਹਿਬ ਵਿਖੇ ਪਵਿੱਤਰ ਗੁਰਦੁਆਰਾ ਸਾਹਿਬ ਨੂੰ ਡੇਰਾ ਬਾਬਾ ਨਾਨਕ ਨਾਲ ਜੋੜਣ ਵਾਲੇ ਪ੍ਰਸਤਾਵਿਤ ਲਾਂਘੇ ਦੇ ਜ਼ਰੀਏ ਗੁਰੂ ਸਾਹਿਬ ਅਤੇ ਉਹਨਾਂ ਦੇ ਸ਼ਰਧਾਲੂਆਂ ਦੀ ਵਿਰਾਸਤ ਨੇ ਹੀ ਭਾਰਤ ਅਤੇ ਪਾਕਿਸਤਾਨ ਨੂੰ ਸਾਂਝੇ ਪਲੇਟਫਾਰਮ ਉੱਤੇ ਲਿਆਂਦਾ ਹੈ। ਉਹਨਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਲ ਹਾਲ ਹੀ ਤਕ ਵੀ ਨਫਰਤ ਅਤੇ ਦੁਸ਼ਮਣੀ ਵਾਲੇ ਬੋਲੀ ਬੋਲਦੇ ਰਹੇ ਹਨ। ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਉੱਤੇ ਇਸ ਨਫਰਤ ਨੂੰ ਤਿਆਗ ਕੇ ਹੱਥ ਮਿਲਾਉਣ ਅਤੇ ਗੁਰੂ ਸਾਹਿਬ ਨਾਲ ਜੁੜੇ ਇਤਿਹਾਸਕ ਗੁਰਧਾਮਾਂ ਨੂੰ ਲਾਂਘੇ ਰਾਹੀ ਜੋੜਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਜਾਖੜ ਵਰਗੇ ਅੱਜ ਵੀ ਫਿਰਕੂ ਨਫਰਤ ਅਤੇ ਕੁੜੱਤਣ ਨਾਲ ਭਰੇ ਹਨ ਅਤੇ ਉਹ ਇਸ ਅਹਿਮ ਘਟਨਾ ਨੂੰ ਵੇਖ ਨਹੀਂ ਪਾ ਰਹੇ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਜਾਖੜ ਦੀ ਮਾਨਸਿਕਤਾ 'ਚ ਨਫਰਤ ਭਰੀ ਹੈ। ਜਿਸ ਤਰ•ਾਂ ਕਿ 1984 ਵਿਚ ਕਾਂਗਰਸੀ ਗੁੰਡਿਆਂ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਹੋਣ ਤੇ ਉਸ ਨੇ ਪਿਤਾ ਨੇ ਨਫਰਤ ਭਰੀਆਂ ਟਿੱਪਣੀਆਂ ਕੀਤੀਆਂ ਸਨ। ਉਸ ਨੂੰ ਆਪਣੀਆਂ ਬੇਅਦਬੀ ਵਾਲੀਆਂ ਟਿੱਪਣੀਆਂ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।