ਫਰੀਦਕੋਟ/30 ਜਨਵਰੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਸਮੇਤ ਸਾਰੇ ਅਖੌਤੀ ਟਕਸਾਲੀ ਕਾਂਗਰਸ ਨਾਲ ਮਿਲ ਕੇ ਕੀਤੀ ਇੱਕ ਸਾਜ਼ਿਸ਼ ਤਹਿਤ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਰਹੇ ਹਨ,ਪਰ ਅਕਾਲੀ ਵਰਕਰ ਇਹਨਾਂ ਆਗੂਆਂ ਦੇ ਨਾਪਾਕ ਇਰਾਦਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ।
ਇੱਥੇ ਇੱਕ ਰੈਲੀ ਦਾ ਰੂਪ ਧਾਰਨ ਕਰ ਚੁੱਕੇ ਇੱਕ ਵੱਡੇ ਧਰਨੇ ਦੌਰਾਨ ਅਖੌਤੀ ਅਕਾਲੀਆਂ ਨੂੰ 'ਜਾਅਲੀ' ਕਰਾਰ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਸੁਖਦੇਵ ਢੀਂਡਸਾ ਦਾ ਅੱਜ ਸਿਆਸਤ ਵਿਚ ਕੋਈ ਨਾਂ ਹੈ ਤਾਂ ਇਹ ਸਿਰਫ ਅਕਾਲੀ ਦਲ ਦੀ ਮਿਹਰਬਾਨੀ ਕਰਕੇ ਹੈ। ਉਹਨਾਂ ਕਿਹਾ ਕਿ ਅੱਜ ਤੁਸੀਂ ਜੋ ਕੁੱਝ ਵੀ ਹੋ, ਇਹ ਤੁਹਾਨੂੰ ਪਾਰਟੀ ਨੇ ਬਣਾਇਆ ਹੈ, ਪਰ ਅਫਸੋਸ ਦੀ ਗੱਲ ਹੈ ਕਿ ਜਦੋਂ ਨਵੀਂ ਪ੍ਰਤਿਭਾ ਨੂੰ ਨਿਖਾਰਨ ਅਤੇ ਪਾਰਟੀ ਦਾ ਮੁੱਲ ਮੋੜਣ ਦਾ ਸਮਾਂ ਆਇਆ ਤਾਂ ਤੁਸੀਂ ਇਸ ਦੀ ਪਿੱਠ ਵਿਚ ਛੁਰਾ ਮਾਰਨ ਦਾ ਫੈਸਲਾ ਕਰ ਲਿਆ। ਉਹਨਾਂ ਕਿਹਾ ਕਿ 2 ਫਰਵਰੀ ਨੂੰ ਹੋਣ ਵਾਲੀ ਅਕਾਲੀ ਦਲ ਦੀ ਸੰਗਰੂਰ ਰੈਲੀ ਤੁਹਾਡੀਆਂ ਅੱਖਾਂ ਖੋਲ੍ਹ ਦੇਵੇਗੀ।
ਇਹ ਕਹਿੰਦਿਆਂ ਕਿ ਸਰਦਾਰ ਢੀਂਡਸਾ ਅਤੇ ਦੂਜੇ ਸੇਵਾ ਸਿੰਘ ਸੇਖਵਾਂ ਵਰਗੇ ਜਾਅਲੀ ਅਕਾਲੀ ਆਗੂ ਹੱਦ ਦਰਜੇ ਦੇ ਸੁਆਰਥੀ ਹਨ, ਜਿਹੜੇ ਖੁਦ ਅਤੇ ਆਪਣੇ ਪਰਿਵਾਰ ਤੋਂ ਉੋੱਪਰ ਕਦੇ ਨਹੀਂ ਸੋਚ ਸਕਦੇ, ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਢੀਂਡਸਾ ਪਿਛਲੇ 30 ਸਾਲ ਤੋਂ ਚੋਣਾਂ ਹਾਰਦੇ ਆ ਰਹੇ ਹਨ।ਉਹਨਾਂ ਕਿਹਾ ਕਿ ਵਾਰ ਵਾਰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਦੇ ਬਾਵਜੂਦ ਵੀ ਸਰਦਾਰ ਢੀਂਡਸਾ ਦੀ ਸਤੁੰਸ਼ਟੀ ਨਹੀਂ ਹੋਈ ਅਤੇ ਉਹ ਆਪਣੇ ਬੇਟੇ ਪਰਮਿੰਦਰ ਢੀਂਡਸਾ ਨੂੰ ਵਿੱਤ ਮੰਤਰੀ ਬਣਾਉਣ ਲਈ ਸਰਦਾਰ ਪਰਕਾਸ਼ ਸਿੰਘ ਬਾਦਲ ਨਾਲ ਲੜ ਪਏ। ਉਨ੍ਹਾਂ ਕਿਹਾ ਕਿ ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਨੂੰ ਆਪਣੇ ਜਵਾਈ ਤੇਜਿੰਦਰ ਪਾਲ ਨੂੰ ਮੁਹਾਲੀ ਤੋਂ ਟਿਕਟ ਦੇਣ ਲਈ ਮਜ਼ਬੂਰ ਕੀਤਾ ਜਦਕਿ ਉਹ ਇੱਕ ਹਾਰਨ ਵਾਲਾ ਉਮੀਦਵਾਰ ਸੀ।
ਇਹ ਟਿੱਪਣੀ ਕਰਦਿਆਂ ਕਿ ਉਹਨਾਂ ਸਰਦਾਰ ਢੀਂਡਸਾ ਦਾ ਹਮੇਸ਼ਾ ਸਤਿਕਾਰ ਕੀਤਾ ਹੈ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਾਂਸਦ ਨੂੰ ਘੱਟੋ ਘੱਟ ਦੱਸਣਾ ਤਾਂ ਚਾਹੀਦਾ ਹੈ ਕਿ ਉਸ ਨਾਲ ਕਿਹੜਾ ਧੱਕਾ ਹੋਇਆ ਹੈ? ਉਹਨਾਂ ਕਿਹਾ ਕਿ ਇਸੇ ਤਰ੍ਹਾਂ ਇੱਕ ਹੋਰ ਨਕਲੀ ਅਕਾਲੀ ਸੇਵਾ ਸਿੰਘ ਸੇਖਵਾਂ ਪਿਛਲੇ 30 ਸਾਲਾਂ ਵਿਚ ਸਾਰੀਆਂ ਚੋਣਾਂ ਹਾਰਿਆ ਹੈ। ਉਹ ਸਿਰਫ ਉਸ ਸਮੇਂ ਇੱਕ ਜ਼ਿਮਨੀ ਚੋਣ ਜਿੱਤਿਆ ਸੀ, ਜਦੋਂ ਸਾਰੀ ਪਾਰਟੀ ਨੇ ਉਸ ਨੇ ਹੱਕ ਵਿਚ ਪ੍ਰਚਾਰ ਕੀਤਾ ਸੀ। ਇਹ ਕਹਿੰਦਿਆਂ ਕਿ ਅਜਿਹੇ ਆਗੂਆਂ ਲਈ ਟਕਸਾਲੀ ਸ਼ਬਦ ਢੁੱਕਦਾ ਨਹੀਂ ਹੈ, ਉਹਨਾਂ ਕਿਹਾ ਕਿ ਉਹ ਨਿਰੋਲ ਕਾਂਗਰਸ ਦੇ ਪਿਆਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹਨਾਂ ਆਗੂਆਂ ਨੂੰ ਅਕਾਲੀ ਦਲ ਖ਼ਿਲਾਫ ਖੜ੍ਹਾ ਕਰਨ ਦੀ ਸਾਜਿਸ਼ ਦਾ ਸਰਗਨਾ ਹੈ। ਇਸ ਤੋਂ ਇਲਾਵਾ ਉਸ ਦਾ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਅਤੇ ਗੁਰਦੁਆਰਾ ਦੇ ਫੰਡਾਂ ਵਿਚ 10 ਕਰੋੜ ਰੁਪਏ ਦਾ ਘਪਲਾ ਕਰਕੇ ਅਦਾਲਤਾਂ ਵਿਚ ਪੇਸ਼ੀਆਂ ਭੁਗਤ ਰਿਹਾ ਮਨਜੀਤ ਸਿੰਘ ਜੀਕੇ ਇਹਨਾਂ ਆਗੂਆਂ ਨੂੰ ਹਵਾ ਦੇ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸੋਚਦਾ ਹੈ ਕਿ ਉਹ ਅਕਾਲੀ ਦਲ ਟਾਕਰਾ ਕਰਨ ਲਈ ਅਜਿਹੇ ਆਗੂਆਂ ਨੂੰ ਅੱਗੇ ਕਰਕੇ ਬਹਿਬਲ ਕਲਾਂ ਦੇ ਮੁੱਦੇ ਉੱਤੇ ਉਸੇ ਤਰ੍ਹਾਂ ਲੋਕਾਂ ਨੂੰ ਮੂਰਖ ਬਣਾ ਸਕਦਾ ਹੈ, ਜਿਸ ਤਰ੍ਹਾਂ ਉਸ ਨੇ ਪਿਛਲੇ ਸਾਲ ਬਣਾਇਆ ਸੀ। ਉਹਨਾਂ ਕਿਹਾ ਕਿ ਪਰ ਇਸ ਵਾਰ ਕੈਪਟਨ ਕਾਮਯਾਬ ਨਹੀਂ ਹੋਵੇਗਾ, ਕਿਉਂਕਿ ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਦਸਮ ਪਿਤਾ ਦੇ ਨਾਂ ਉੱਤੇ ਝੂਠੇ ਵਾਅਦੇ ਕਰਕੇ ਅਮਰਿੰਦਰ ਸਿੰਘ ਨੇ ਸਭ ਤੋਂ ਵੱਡੀ ਬੇਅਦਬੀ ਕੀਤੀ ਹੈ।
ਇਸੇ ਦੌਰਾਨ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੇ ਮੁੱਖ ਗਵਾਹ ਨੂੰ ਮਾਰ-ਮੁਕਾਉਣ ਲਈ ਕਾਂਗਰਸੀ ਆਗੂਆਂ ਗੁਰਪ੍ਰੀਤ ਕਾਂਗੜ ਅਤੇ ਕੁਸ਼ਲਦੀਪ ਢਿੱਲੋਂ ਖ਼ਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਵੱਲੋਂ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਪਤਨੀ ਵਾਰ ਵਾਰ ਇਹ ਬਿਆਨ ਦੇ ਚੁੱਕੀ ਹੈ ਕਿ ਉਸ ਦੇ ਪਤੀ ਉਤੇ ਉਹਨਾਂ ਪੁਲਿਸ ਅਧਿਕਾਰੀਆਂ ਖ਼ਿਲਾਫ ਗਵਾਹੀ ਨਾ ਦੇਣ ਲਈ ਕਾਂਗੜ ਅਤੇ ਕੁਸ਼ਲਦੀਪ ਵੱਲੋਂ ਦਬਾਅ ਪਾਇਆ ਗਿਆ ਸੀ, ਜਿਹਨਾਂ ਨੇ ਬਹਿਬਲ ਕਲਾਂ ਵਿਖੇ ਨਿਰਦੋਸ਼ ਸਿੱਖਾਂ ਦਾ ਗੋਲੀ ਚਲਾ ਕੇ ਕਤਲ ਕੀਤਾ ਸੀ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਵੱਲੋਂ ਦਬਾਅ ਪਾਉਣ ਲਈ ਦਿੱਤੀਆਂ ਧਮਕੀਆਂ ਅਤੇ ਬਿਜਲੀ ਮਹਿਕਮੇ ਦੇ ਛਾਪੇ ਅਤੇ ਚਲਾਈਆਂ ਗੋਲੀਆਂ ਸੁਰਜੀਤ ਦੀ ਮੌਤ ਦਾ ਕਾਰਣ ਬਣੀਆਂ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਪਰਿਵਾਰ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਵਾਈ ਜਾਵੇਗੀ ਅਤੇ ਇਸ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਿਚ ਸੁਤੰਤਰ ਜਾਂਚ ਕਰਵਾਉਣ ਲਈ ਅੰਦੋਲਨ ਜਾਰੀ ਰੱਖਿਆ ਜਾਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਪਿਛਲੇ ਤਿੰਨ ਸਾਲਾਂ ਵਿਚ ਵਾਰ ਵਾਰ ਬਿਜਲੀ ਦਰਾਂ ਵਧਾ ਕੇ ਆਮ ਆਦਮੀ ਉੱਤੇ 22 ਹਜ਼ਾਰ ਕਰੋੜ ਰੁਪਏ ਦਾ ਬੋਝ ਪਾ ਚੁੱਕੀ ਹੈ। ਉਹਨਾਂ ਕਿਹਾ ਕਿ ਇਹ ਵਾਧਾ ਸਰਕਾਰ ਦੇ ਨਿਕੰਮੇਪਣ ਅਤੇ ਭ੍ਰਿਸ਼ਟਾਚਾਰ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੂੰ 3 ਰੁਪਏ ਪ੍ਰਤੀ ਯੂਨਿਟ ਤੋਂ ਵੀ ਘੱਟ ਬਿਜਲੀ ਦੇ ਰਹੇ ਹਨ ਅਤੇ ਸਰਕਾਰ ਖਪਤਕਾਰਾਂ ਕੋਲੋਂ 10 ਰੁਪਏ ਪ੍ਰਤੀ ਯੂਨਿਟ ਵਸੂਲ ਰਹੀ ਹੈ।ਉਹਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ, ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਅੰਦਰਖਾਤੇ ਸੌਦੇਬਾਜ਼ੀਆਂ ਕਰਕੇ ਉਹਨਾਂ ਨੂੰ 4100 ਕਰੋੜ ਰੁਪਏ ਦਾ ਲਾਭ ਪਹੁੰਚਾਇਆ ਹੈ। ਇਹਨਾਂ ਵਿਚ 2700 ਕਰੋੜ ਰੁਪਏ ਕੋਲਾ ਧੁਆਈ ਲਈ ਦਿੱਤਾ ਖਰਚਾ ਅਤੇ 1400 ਕਰੋੜ ਰੁਪਏ ਇੱਕ ਪੰਚਾਇਤੀ ਟ੍ਰਿਬਿਊਨਲ ਦੁਆਰਾ ਕੀਤਾ ਗਿਆ ਜੁਰਮਾਨਾ ਸ਼ਾਮਿਲ ਹੈ, ਜਿਸ ਨੂੰ ਸਰਕਾਰ ਨੇ ਜਾਣਬੁੱਝ ਕੇ ਅਦਾਲਤ ਵਿਚ ਚੁਣੌਤੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਇਸ ਘੁਟਾਲੇ ਦਾ ਪਰਦਾਫਾਸ਼ ਕਰ ਚੁੱਕਿਆ ਹੈ ਅਤੇ ਹੁਣ ਇਸ ਘੁਟਾਲੇ ਵਿਚ ਸ਼ਾਮਿਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸਰਕਾਰ ਨੂੰ ਖਪਤਕਾਰਾਂ ਨੂੰ ਜਾਰੀ ਕੀਤੇ ਵੱਡੇ ਬਿਲ ਵਾਪਸ ਲੈਣ ਵਾਸਤੇ ਮਜ਼ਬੂਰ ਕਰਨ ਲਈ ਅੰਦੋਲਨ ਕਰੇਗਾ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਲੋਕਾਂ ਕੋਲ ਝੂਠ ਨਾ ਬੋਲਣ ਦਾ ਵੀ ਮਸ਼ਵਰਾ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਸਰਕਾਰ ਨੌਜਵਾਨਾਂ ਨੂੰ 16 ਲੱਖ ਨੌਕਰੀਆਂ ਦੇ ਚੁੱਕੀ ਹੈ ਜਦਕਿ ਇੱਕ ਵੀ ਨੌਕਰੀ ਨਹੀਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਦੇ 4000 ਕਰੋੜ ਰੁਪਏ ਦੇ ਡੀਏ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ ਹਨ ਅਤੇ ਠੇਕੇ ਉੱੇਤੇ ਰੱਖੇ 27 ਹਜ਼ਾਰ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਜਥੇਦਾਰ ਤੋਤਾ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ, ਮੰਤਰ ਸਿੰਘ ਬਰਾੜ ਅਤੇ ਪਰਮਬੰਸ ਸਿੰਘ ਰੋਮਾਣਾ ਤੋਂ ਇਲਾਵਾ ਭਾਜਪਾ ਦੇ ਦਿਆਲ ਸਿੰਘ ਸੋਢੀ ਅਤੇ ਸੰਜੀਵ ਗਰੋਵਰ ਨੇ ਵੀ ਸੰਬੋਧਨ ਕੀਤਾ।