ਕਿਹਾ ਕਿ ਵਿੱਤ ਮੰਤਰੀ ਨੇ ਪੰਜਾਬ ਸਿਰ 2.75 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਣ ਦੀ ਗੱਲ ਮੰਨੀ ਪਰ ਚੰਨੀ ਨੁੰ ਵਾਅਦੇ ਪੂਰੇ ਕਰਨ ਵਾਸਤੇ ਕੋਈ ਪੈਸਾ ਨਹੀਂ ਦਿੱਤਾ
ਚੰਨੀ ਨੂੰ ਕਿਹਾ ਕਿ ਉਹ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਤੇ ਕਿਹਾ ਕਿ ਉਹ ਇਹਨਾਂ ਵਾਅਦਿਆਂ ਨੂੰ ਲਾਗੂ ਕਰਨ ਤੋਂ ਭੱਜ ਨਹੀਂ ਸਕਦੇ
ਅੰਮ੍ਰਿਤਸਰ, 22 ਅਕਤੂਬਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪਿਛਲੇ ਇਕ ਮਹੀਨੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 15000 ਕਰੋੜ ਰੁਪਏ ਦੇ ਵਾਅਦੇ ਤਾਂ ਕਰ ਦਿੱਤੇ ਹਨ ਪਰ ਲੋਕਾਂ ਨੂੰ ਅਸਲ ਵਿਚ ਇਕ ਵੀ ਲਾਭ ਨਹੀਂ ਮਿਲਿਆ ਕਿਉਂਕਿ ਇਹਨਾਂ ਅਖੌਤੀ ਵਾਅਦਿਆਂ ਦੀ ਪੂਰਤੀ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਚੰਨੀ ਦੇ ਵਾਅਦੇ ਸਿਰਫ ਕਾਗਜ਼ਾਂ ਤੱਕ ਸੀਮਤ ਹਨ ਤੇ ਇਹਨਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ’ਤੇ ਛੱਡੀ ਜਾ ਰਹੀ ਹੈ। ਇਸ ਦੌਰਾਨ ਸਰਦਾਰ ਮਜੀਠੀਆ ਨੇ ਚੰਨੀ ਸਰਕਾਰ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ।
‘ਚੰਨੀ ਦੇ ਵਾਅਦਿਆਂ’ ਦੇ ਵੇਰਵੇ ਸਾਂਝੇ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਚੰਨੀ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦਾ 8000 ਕਰੋੜ ਰੁਪਏ ਦੇਣਾ ਹੈ ਜਿਸ ਵਿਚੋਂ 4500 ਕਰੋੜ ਰੁਪਏ ਸਬਸਿਡੀ ਦਾ ਬਕਾਇਆ ਹੈ ਜਦਕਿ 2500 ਕਰੋੜ ਰੁਪਏ ਸਰਕਾਰੀ ਅਦਾਰਿਆਂ ਦੇ ਬਿਜਲੀ ਬਿੱਲਾਂ ਦਾ ਬਕਾਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਪਾਣੀ ਦੇ ਬਿੱਲ ਮੁਆਫ ਕਰਨ ਨਾਲ 1868 ਕਰੋੜ ਰੁਪਏ ਖਰਚਾ ਆਵੇਗਾ ਤੇ 440 ਕਰੋੜ ਰੁਪਏ ਦਾ ਭਾਰ ਸੂਬੇ ਸਰਕਾਰ ਪਾਣੀ ਦੀਆਂ ਦਰਾਂ ਘਟਾ ਕੇ 50 ਰੁਪਏ ਪ੍ਰਤੀ ਕੁਨੈਕਸ਼ਨ ਕਰਨ ਨਾਲ ਪਵੇਗਾ। ਉਹਨਾਂ ਕਿਹਾ ਕਿ ਦੋ ਕਿਲੋਵਾਟ ਤੋਂ ਘੱਟ ਲੋਡ ਵਾਲੇ ਖਪਤਕਾਰਾਂ ਦੇ ਬਿੱਲ ਮੁਆਫ ਲਈ 1505 ਕਰੋੜ ਰੁਪਏ ਦੀ ਜ਼ਰੂਰਤ ਹੈ ਜਦਕਿ ਐਸ ਸੀ ਤੇ ਬੀ ਸੀ ਖਪਤਕਰਾਂ ਦੀ ਸਬਸਿਡੀ ਵਿਚ ਵਾਧੇ ਸਮੇਤ ਹੋਰ ਵਾਅਦਿਆਂ ਲਈ ਕੁਝ ਹਜ਼ਾਰ ਕਰੋੜ ਰੁਪਏ ਹੋਰ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਐਸ ਸੀ ਸਕਾਲਰਸ਼ਿਪ ਦਾ 2400 ਕਰੋੜ ਰੁਪਏ ਦੇ ਬਕਾਇਆਂ ਦਾ ਭੁਗਤਾਨ ਹਾਲੇ ਕਰਨਾ ਹੈ ਤੇ 550 ਕਰੋੜ ਰੁਪਏ ਬੇਜ਼ਮੀਨੇ ਮਜ਼ਦੂਰਾਂ ਨੂੰ ਦੇਣੇ ਬਾਕੀ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਹੀ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਵਿੱਤ ਮੰਤਰੀ ਤਾਂ ਪਹਿਲਾਂ ਹੀ ਮੰਨ ਚੁੱਕੇ ਹਨ ਕਿ ਸੂਬੇ ਸਿਰ ਕਰਜ਼ਾ 2.75 ਲੱਖ ਕਰੋੜ ਰੁਪਏ ਤੋਂ ਵੀ ਟੱਪ ਚੁੱਕਾ ਹੈ। ਉਹਨਾ ਕਿਹਾ ਕਿ ਇਸਦਾ ਮਤਲਬ ਹੈ ਕਿ ਸਰਕਾਰ ਕੋਲ ਮੁੱਖ ਮੰਤਰੀ ਵੱਲੋਂ ਕੀਤੇ ਐਲਾਨਾਂ ਨੁੰ ਪੂਰਾ ਕਰਲ ਵਾਸਤੇ ਕੋਈ ਪੈਸਾ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਹਰ ਐਲਾਨ ਦੀ ਪੂਰਤੀ ਵਾਸਤੇ ਪੈਸਾ ਨਹੀਂ ਰੱਖਿਆ ਜਾਂਦਾ ਉਦੋਂ ਤੱਕ ਲੋਕਾਂ ਨੁੰ ਅਸਲ ਲਾਭ ਮਿਲਣ ਵਾਲਾ ਨਹੀਂ ਹੈ।
ਸਾਬਕਾ ਮੰਤਰੀ ਨੇ ਕਾਂਗਰਸ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਦੀ ਸਥਿਤੀ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਕਿਹਾ ਕਿ ਉਹ ਇਹ ਵਾਅਦੇ ਪੂਰੇ ਕਰਨ ਤੋਂ ਪੱਜ ਨਹੀਂ ਸਕਦੀ। ਉਹਨਾਂ ਪੁੱਛਿਆ ਕਿ ਕੀ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਹੋ ਗਈ ਹੈ? ਉਹਨਾਂ ਨੇ ਚੰਨੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਕੀ ਘਰ ਘਰ ਨੌਕਰੀ ਮਿਲ ਗਈ ਹੈ ਤੇ 51000 ਰੁਪਏ ਸ਼ਗਨ, 2500 ਰੁਪਏ ਬੁਢਾਪਾ ਪੈਨਸ਼ਨ ਅਤੇ 2500 ਰੁਪਏ ਬੇਰੋਜ਼ਗਾਰੀ ਭੱਤਾ ਲੋਕਾਂ ਨੂੰ ਵੰਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ਦਾ ਹਿੱਸਾ ਸਨ ਜਿਵੇਂ ਕਿ ਹੋਰ ਸਨ ਤੇ ਹੁਣ ਉਹ ਨਵੇਂ ਵਾਅਦਿਆਂ ਨਾਲ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।
ਜਦੋਂ ਉਹਨਾਂ ਤੋਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਫਾ ਲਗਾਏ ਗਏ ਨਿੱਜੀ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਮਜੀਠੀਆ ਨੇ ਕਿਹਾ ਕਿ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਚੰਗੇ ਮੰਤਰਾਲਿਆਂ ਦਾ ਨਜ਼ਾਰਾ ਲਿਆ ਤੇ ਕਦੇ ਵੀ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਦੀਆਂ ਤਾਰੀਫਾਂ ਦੇ ਪੁੱਲ ਬੰਨਣ ਤੋਂ ਪਿੱਛੇ ਨਹੀਂ ਹਟੇ। ਉਹਨਾਂ ਕਿਹਾ ਕਿ ਹੁਣ ਜੇਕਰ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਔਖ ਹੈ ਤਾਂ ਫਿਰ ਉਹ ਸਾਰੇ ਦੋਸ਼ਾਂ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਜਾਂ ਫਿਰ ਸਪੁਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾਏ ਜਾਣ ਦੇ ਹੁਕਮ ਜਾਰੀ ਕਰਨ। ਉਹਨਾਂ ਕਿਹਾ ਕਿ ਮੈਨੁੰ ਯਕੀਨ ਹੈ ਕਿ ਇਹ ਜਾਂਚ ਸਾਬਤ ਕਰ ਦੇਵੇਗੀ ਕਿ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੀ ਜੁੰਡਲੀ ਦਾ ਹਿੱਸਾ ਸਨ ਤੇ ਉਹ ਸਾਬਕਾ ਮੁੱਖ ਮੰਤਰੀ ਵੱਲੋਂ ਜੇਕਰ ਕੋਈ ਗਲਤ ਕੰਮ ਕੀਤਾ ਗਿਆ ਹੈ, ਤਾਂ ਉਸਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਸਮੇਤ ਗੈਂਗਸਟਰ ਰੰਧਾਵਾ ਨਾਲ ਨੇੜਿਓਂ ਜੁੜੇ ਹੋਏ ਸਨ ਤੇ ਉਹਨਾਂ ਦੇ ਗ੍ਰਹਿ ਮੰਤਰੀ ਬਣਦੇ ਸਾਰ ਹੀ ਉਹਨਾਂ ਨੇ ਫਿਰੌਤੀਆਂ ਲੈਣ ਵਾਸਤੇ ਤੁਰੰਤ ਫੋਨ ਕਰਨੇ ਸ਼ੁਰੂ ਕਰ ਦਿੱਤੇ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਛੋਟੀਆਂ ਛੋਟੀਆਂ ਮੱਛੀਆਂ ਫੜਨ ਦੀ ਥਾਂ ਸਾਬਕਾ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਐਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਫੌਜਦਾਰੀ ਕੇਸ ਦਰਜ ਕਰਵਾਉਣ। ਉਹਨਾ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੰਲ ਹੈ ਕਿ ਕਾਂਗਰਸ ਪਾਰਟੀ ਨੇ ਸੂਬੇ ਦੀ ਕਮਾਂਡ ਰਾਜਸਥਾਨ ਦੇ ਆਗੂ ਹਰੀਸ਼ ਚੌਧਰੀ ਦੇ ਹੱਥ ਦੇ ਦਿੱਤੀ ਹੈ ਜੋ ਸ੍ਰੀ ਚੰਨੀ ਦੀ ਥਾਂ ਫੈਸਲੇ ਲੈ ਰਹੇ ਹਨ। ਉਹਨਾਂ ਨੇ ਸਰਕਾਰ ਵੱਲੋਂ ਗੁਲਾਬੀ ਸੁੰਡੀ ਨਾਲ ਪ੍ਰਭਾਵਤ ਹੋਏ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਾ ਦੇਣ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ਼ਤਿਹਾਰ ਦੇ ਕੇ ਵੀ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਹੁਣ ਵੀ ਕਿਸਾਨਾਂ ਨੁੰ ਝੋਨੇ ਦੀ ਖਰੀਦ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਸ਼ਹਿਰੀ ਲੋਕ ਕਾਂਗਰਸ ਸਰਕਾਰ ਵੱਲੋਂ ਡੇਂਗੂ ਮਾਮਲੇ ਵਿਚ ਪੂਰੀ ਤਰ੍ਹਾਂ ਕੁਪ੍ਰਬੰਧਨ ਤੋਂ ਮੁਸ਼ਕਿਲ ਵਿਚ ਹਨ।