ਚੰਡੀਗੜ੍ਹ/ 09 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਡਿਪਟੀ ਆਗੂ ਸ੍ਰੀ ਪਵਨ ਕੁਮਾਰ ਨੇ ਕਿਹਾ ਹੈ ਕਿ ਪੰਜਾਬ ਤਕਨੀਕੀ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਚਾਰ ਉਦਯੋਗਿਕ ਸਿਖਲਾਈ ਕੇਂਦਰ ਸ਼ੁਰੂ ਕਰਨ ਸੰਬੰਧੀ ਕੀਤਾ ਦਾਅਵਾ ਬਿਲਕੁੱਲ ਝੂਠਾ ਹੈ। ਉਹਨਾਂ ਕਿਹਾ ਕਿ ਇਹ ਚਾਰੇ ਆਈਟੀਆਈਜ਼ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਹੋ ਗਈਆਂ ਸਨ ਅਤੇ ਹੁਣ ਕਾਂਗਰਸ ਸਰਕਾਰ ਇਹਨਾਂ ਸਿਖਲਾਈ ਕੇਂਦਰਾਂ ਨੂੰ ਸ਼ੁਰੂ ਕਰਨ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਸ੍ਰੀ ਟੀਨੂੰ ਨੇ ਚੰਨੀ ਵੱਲੋਂ ਕੀਤੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਇਹਨਾਂ ਸੰਸਥਾਨਾਂ ਨੂੰ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ, ਪਰੰਤੂ ਸੱਤਾ ਵਿਚ ਆਉਣ ਮਗਰੋਂ ਢਾਈ ਸਾਲ ਤਕ ਕਾਂਗਰਸ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਖੂੰਜੇ ਲਾਈ ਰੱਖਿਆ ਅਤੇ ਹੁਣ ਅਚਾਨਕ ਇਸ ਨੇ ਇਹਨਾਂ ਸੰਸਥਾਨਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਦਕਿ ਜ਼ਮੀਨੀ ਪੱਧਰ ਤੇ ਇਸ ਵਾਸਤੇ ਕੁੱਝ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਹਰੇਕ ਆਈਟੀਆਈ ਵਿਚ 12 ਟਰੇਡ ਰੱਖੇ ਗਏ ਸਨ ਜਦ ਕਿ ਹੁਣ ਇਹਨਾਂ ਦੀ ਗਿਣਤੀ ਘਟਾ ਕੇ 2 ਜਾਂ ਤਿੰਨ ਕਰ ਦਿੱਤੀ ਗਈ ਹੈ।
ਸ੍ਰੀ ਟੀਨੂੰ ਨੇ ਕਿਹਾ ਕਿ ਅਜਿਹਾ ਐਲਾਨ ਕਰਨ ਤੋਂ ਪਹਿਲਾਂ ਚੰਨੀ ਨੂੰ ਇਸ ਗੱਲ ਲਈ ਜਨਤਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਸੀ ਕਿ ਉਸ ਨੇ 2017 ਵਿਚ ਵਿਧਾਨ ਸਭਾ ਅੰਦਰ ਇਹਨਾਂ ਆਈਟੀਆਈਜ਼ ਨੂੰ ਤੁਰੰਤ ਸ਼ੁਰੂ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਸੀ ਕਿ ਇਹ ਆਈਟੀਆਈਜ਼ ਛੇ ਮਹੀਨੇ ਅੰਦਰ ਸ਼ੁਰੂ ਹੋ ਜਾਣਗੀਆਂ। ਉਹਨਾਂ ਕਿਹਾ ਕਿ ਉਸ ਨੇ ਇਹ ਵੀ ਕਿਹਾ ਸੀ ਕਿ ਉਹ ਇਹਨਾਂ ਆਈਟੀਆਈਜ਼ ਵਿਚ 10 ਨਵੀਆਂ ਟਰੇਡਜ਼ ਸ਼ੁਰੂ ਕਰਵਾਉਣਗੇ। ਚੰਨੀ ਆਪਣੇ ਦੋਵੇ ਵਾਅਦੇ ਪੂਰੇ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ।
ਸ੍ਰੀ ਟੀਨੂੰ ਨੇ ਕਿਹਾ ਕਿ ਕੈਬਨਿਟ ਵੱਲੋਂ ਇਹਨਾਂ ਆਈਟੀਆਈਜ਼ ਲਈ ਅਧਿਆਪਕ ਅਤੇ ਸਟਾਫ ਦੀ ਭਰਤੀ ਕਰਨ ਲਈ ਅਜੇ ਪ੍ਰਵਾਨਗੀ ਦਿੱਤੀ ਜਾਣੀ ਬਾਕੀ ਹੈ ਤਾਂ ਫਿਰ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਇਹਨਾਂ ਸੰਸਥਾਨਾਂ ਨੂੰ ਕਿਵੇਂ ਸ਼ੁਰੂ ਕੀਤਾ ਜਾ ਸਕੇਗਾ?
ਟੀਨੂੰ ਨੇ ਮੰਤਰੀ ਨੂੰ ਇਹ ਵੀ ਚੇਤੇ ਕਰਵਾਇਆ ਕਿ ਲੁਧਿਆਣਾ 'ਚ ਮਲੌਦ ਵਿਖੇ, ਜਲੰਧਰ ਵਿਚ ਆਦਮਪੁਰ ਵਿਖੇ, ਰੋਪੜ ਵਿਚ ਸਿੰਘਪੁਰਾ ਵਿਖੇ ਅਤੇ ਐਸਏਐਸ ਨਗਰ ਵਿਚ ਮਾਣਕਪੁਰ ਸ਼ਰੀਫ ਇਹਨਾਂ ਚਾਰ ਆਈਟੀਆਈਜ਼ ਲਈ ਜ਼ਮੀਨ ਖਰੀਦੀ ਜਾ ਚੁੱਕੀ ਹੈ, ਇਮਾਰਤਾਂ ਬਣਾਈਆਂ ਜਾ ਚੁੱਕੀਆ ਹਨ ਅਤੇ ਕੇਂਦਰ ਵੱਲੋਂ ਬਰਾਬਰ ਦੀ ਗਰਾਂਟ ਦਾ ਪ੍ਰਬੰਧ ਕੀਤਾ ਜਾ ਚੁੱਕਿਆ ਹੈ। ਇਸ ਤਰ੍ਹਾਂ ਸਾਰੇ ਕੰਮ ਹੋ ਚੁੱਕੇ ਹਨ। ਇੰਨਾ ਹੀ ਨਹੀਂ ਆਦਮਪੁਰ ਵਾਲੇ ਸੰਸਥਾਨ ਵਿਖੇ 2016 ਵਿਚ ਅਕਾਦਮਿਕ ਸੈਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਰੈਫਰਿਜਰੇਸ਼ਨ, ਟਰਨਰਜ਼, ਕੰਪਿਊਟਰ ਐਪਲੀਕੇਸ਼ਨਜ਼, ਇੰਜਣ ਮਕੈਨਿਕ ਵਰਗੀਆਂ 12 ਟਰੇਡਾਂ ਦੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਸੀ।
ਉਹਨਾਂ ਕਿਹਾ ਕਿ 2017 ਵਿਚ ਨਵੀਂ ਕਾਂਗਰਸ ਸਰਕਾਰ ਨੇ ਆਈਟੀਆਈਜ਼ ਦੇ ਪ੍ਰਾਜੈਕਟ ਨੂੰ ਖੂੰਜੇ ਲਾ ਦਿੱਤਾ ਸੀ। ਇਸ ਨੇ ਆਦਮਪੁਰ ਕੇਂਦਰ ਨੂੰ ਬੰਦ ਕਰਕੇ ਇਸ ਦੇ ਵਿਦਿਆਰਥੀਆਂ ਨੂੰ ਦੂਜੇ ਕੇਂਦਰਾਂ ਵਿਚ ਤਬਦੀਲ ਕਰ ਦਿੱਤਾ ਸੀ। ਉਹਨਾਂ ਦੱਸਿਆ ਕਿ ਦੂਜੇ ਕੇਂਦਰ ਬਹੁਤ ਦੂਰ ਸਨ, ਇਸ ਲਈ ਬਹੁਤ ਸਾਰੇ ਵਿਦਿਆਰਥੀ ਅਧਵਾਟੇ ਪੜ੍ਹਾਈ ਛੱਡ ਗਏ ਸਨ ਅਤੇ ਬਾਕੀਆਂ ਨੂੰ ਬਹੁਤ ਸਾਰੀਆਂ ਮੁæਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਉਹਨਾਂ ਵਿਦਿਆਰਥੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਜਿਹਨਾਂ ਨੂੰ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ ਕਰਕੇ ਅਧਵਾਟੇ ਪੜ੍ਹਾਈ ਛੱਡਣੀ ਪਈ।