ਪਟਿਆਲਾ, 18 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਚੋਣ ਮਨੋਰਥ ਪੱਤਰ ਦਾ ਰੁਤਬਾ ਕਾਨੂੰਨੀ ਦਸਤਾਵੇਜ਼ ਵਾਲਾ ਹੋਣਾ ਚਾਹੀਦਾ ਹੈ ਤਾਂ ਜੋ ਸਿਆਸੀ ਪਾਰਟੀਆਂ ਕੀਤੇ ਜਾਂਦੇ ਵਾਅਦਿਆਂ ਲਈ ਜਵਾਬਦੇਹ ਹੋਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਇਥੇ ਸਮਾਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੇ ਸ਼ੁਤਰਾਣਾ ਤੋਂ ਉਮੀਦਵਾਰ ਵਨਿੰਦਰ ਕੌਰ ਲੂੰਬਾ ਦੇ ਹੱਕ ਵਿਚ ਕ੍ਰਮਵਾਰ ਸਮਾਣਾ ਤੇ ਪਾਤੜਾਂ ਵਿਚ ਵਿਸ਼ਾਲ ਰੈਲੀਆਂ ਨੁੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਚੋਣ ਕਮਿਸ਼ਨ ਨੁੰ ਵੀ ਲਿਖਿਆ ਹੈ ਕਿ ਚੋਣ ਮਨੋਰਥ ਪੱਤਰ ਲਾਗੂ ਕਰਵਾਉਣ ਦਾ ਤਰੀਕੇ ਲੱਭਿਆ ਜਾਵੇ। ਉਹਨਾ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਅਦਾਲਤ ਵਿਚ ਵੀ ਜਾਵਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਸਿਆਸੀ ਪਾਰਟੀ ਵਾਅਦੇ ਕਰ ਕੇ ਲੋਕਾਂ ਨੂੰ ਮੂਰਖ ਬਣਾ ਕੇ ਚਲਦੀ ਨਾ ਬਣੇ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਲੋਕ ਪ੍ਰਤੀਨਿਧਤਾ ਐਕਟ ਵਿਚ ਇਕ ਵਿਵਸਥਾ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ।
ਸਮਾਣਾ ਵਿਚ ਲੋਕਾਂ ਵਿਚ ਉਤਸ਼ਾਹ ਭਰਨ ਵਾਲੇ ਭਾਸ਼ਣ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਕਿਵੇਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਆੜ੍ਹਤੀਆਂ ਨੁੰ ਡਰਾਉਣ ਵਾਸਤੇ ਇਨਕਮ ਟੈਕਸ ਦੇ ਛਾਪੇ ਮਰਵਾਏ ਗਏ। ਉਹਨਾਂ ਮੰਗ ਕੀਤੀ ਕਿ ਆੜ੍ਹਤੀਆਂ ਖਿਲਾਫ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲਏ ਜਾਣ। ਉਹਨਾਂ ਨੇ ਪ੍ਰਸਿੱਧ ਪ੍ਰਵਾਸੀ ਸਮਾਜ ਸੇਵੀ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਸਿਰਫ ਇਸ ਕਰ ਕੇ ਮੋੜਨ ਕਿ ਉਹਨਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ, ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਜੋ ਕਿ ਸਮਾਣਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਭਰਾ ਹਨ, ਨੇ ਕਿਸਾਨਾਂ ਲਈ ਦਿੱਲੀ ਦੇ ਬਾਰਡਰਾਂ ’ਤੇ ਲਗਾਤਾਰ ਲੰਗਰ ਚਲਾ ਕੇ ਵੱਡੀ ਸੇਵਾ ਕੀਤੀ ਹੈ।
ਕਾਂਗਰਸ ਸਰਕਾਰ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸਦੇ ਦਿਨ ਗਿਣਤੀ ਦੇ ਰਹਿ ਗੲੈ ਹਨ। ਉਹਨਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਵਿਚ ਸਿਰਫ 280 ਘੰਟੇ ਬਾਕੀ ਰਹਿ ਗਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੋਜ਼ਾਨਾ ਬੇਨਕਾਬ ਹੋ ਰਹੇ ਹਨ। ਉਹਨਾਂ ਵੱਲੋਂ ਕੀਤੇ ਸਾਰੇ ਐਲਾਨ ਕਾਗਜ਼ਾਂ ਤੱਕ ਸੀਮਤ ਰਹਿ ਗਏ ਹਨ। ਉਹਨਾਂ ਕਿਹਾ ਕਿ ਹਰ ਪਾਸੇ ਉਹਨਾਂ ਦਾ ਸਵਾਗਤ ਖਾਲੀ ਕੁਰਸੀਆਂ ਅਤੇ ਮੁਲਾਜ਼ਮਾਂ ਸਮੇਤ ਵੱਖ ਵੱਖ ਵਰਗਾਂ ਦੇ ਲੋਕਾਂ ਦੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਚੰਨੀ ਨੇ ਵਾਅਦੇ ਵੱਡੇ ਕਰ ਦਿੱਤੇ ਪਰ ਪੂਰਾ ਕੋਈ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਕਾਰਨ ਲੋਕ ਉਹਨਾਂ ਨੂੰ ਕਦੇ ਮੁਆਫ ਨਹੀਂ ਕਰਨਗੇ।
ਬਾਅਦ ਵਿਚ ਸ਼ੁਤਰਾਣਾ ਹਲਕੇ ਦੀ ਪਾਤੜਾਂ ਵਿਖੇ ਹੋਈ ਰੈਲੀ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਸਿਖ਼ਰਲੇ ਪੁਲਿਸ ਅਫਸਰਾਂ ਦੀਆਂ ਰੋਜ਼ਾਨਾ ਆਧਾਰ ’ਤੇ ਬਦਲੀਆਂ ਕਰ ਰਹੀ ਹੈ ਤੇ ਉਸਨੇ ਹੁਣ ਕਾਰਜਕਾਰੀ ਡੀ ਜੀ ਪੀ ਵੀ ਇਸ ਆਸ ਵਿਚ ਬਦਲ ਦਿੱਤਾ ਹੈ ਕਿ ਉਹ ਅਕਾਲੀ ਆਗੂਆਂ ਦੇ ਖਿਲਾਫ ਝੂਠੇ ਕੇਸ ਦਰਜ ਕਰਨ ਦੇ ਗੈਰ ਕਾਨੂੰਨੀ ਹੁਕਮਾਂ ਦੀ ਪਾਲਣਾ ਕਰੇਗਾ। ਉਹਨਾਂ ਨੇ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਟਰੱਕ ਯੂਨੀਅਨਾਂ ਸੁਰਜੀਤ ਕੀਤੀਆਂ ਜਾਣਗੀਆਂ ਤੇ ਵਪਾਰ ਤੇ ਇੰਡਸਟਰੀ ਦੇ ਨਾਲ ਨਾਲ ਟਰੱਕ ਅਪਰੇਟਰਾਂ ਦੀ ਸ਼ਮੂਲੀਅਤ ਵਾਲੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਜੋ ਕੰਮਕਾਜ ਸਹੀ ਤਰੀਕੇ ਚਲ ਸਕੇ। ਵੁਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹੈ, ਉਹਨਾਂ ਨੁੰ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਤਰਜੀਹ ਦੇ ਆਧਾਰ ’ਤੇ ਕੁਨੈਕਸ਼ਨ ਦਿੱਤੇ ਜਾਣਗੇ।
ਸਰਦਾਰ ਬਾਦਲ ਨੇ ਇਕੱਠਾਂ ਨੁੰ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਸੇ ਤਰੀਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਵਾਅਦੇ ਕਰ ਕੇ ਕੀਤਾ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਦਾ ਕੋਈ ਵੀ ਵਾਅਦਾ ਪੂਰਾ ਕਰਨ ਦਾ ਇਰਾਦਾ ਨਹੀਂ ਹੈ ਕਿਉਂਕਿ ਉਸਨੇ ਦਿੱਲੀ ਵਿਚ ਵੀ ਕੋਈ ਵਾਅਦਾ ਲਾਗੂ ਨਹੀਂ ਕੀਤਾ।
ਇਸ ਤੋਂ ਪਹਿਲਾਂ ਸਮਾਣਾ ਹਲਕੇ ਵਿਚ ਪਹੁੰਚਣ ’ਤੇ ਸਰਦਾਰ ਸੁਖਬੀਰ ਸਿੰ ਬਾਦਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹਨਾਂ ਨੁੰ 10 ਕਿਲੋਮੀਟਰ ਲੰਬਾ ਰੋਡ ਸ਼ੋਅ ਕਵਰ ਕਰਨ ਵਿਚ 2 ਘੰਟੇ ਤੋਂ ਜ਼ਿਆਦਾ ਸਮਾਂ ਲੱਗਿਆ ਤੇ ਰੋਡ ਸ਼ੋਅ ਦੌਰਾਨ ਲੋਕਾਂ ਨੇ ਉਹਨਾਂ ਦੇ ਗੱਲ ਵਿਚ ਫੁੱਲਾਂ ਦੇ ਹਾਰ ਪਾਏ, ਫੁੱਲ ਪੱਤੀਆਂ ਦੀ ਵਰਖਾ ਕੀਤੀ ਤੇ ਦਰਜਨਾਂ ਥਾਵਾਂ ’ਤੇ ਲੋਕਾਂ ਨੇ ਉਹਨਾਂ ਨਾਲ ਸੈਲਫੀਆਂ ਖਿੱਚਵਾਈਆਂ। ਇਸੇ ਤਰੀਕੇ ਪਾਤੜਾਂ ਵਿਚ ਵੀ ਪਹੁੰਚਣ ’ਤੇ ਅਕਾਲੀ ਦਲ ਪ੍ਰਧਾਨ ਦਾ ਲੋਕਾਂ ਨੇ ਨਿੱਘਾ ਸਵਾਗਤ ਕੀਤਾ ਤੇ ਲੋਕ ਉਹਨਾਂ ਦੇ ਸਵਾਗਤ ਲਈ ਸੜਕਾਂ ’ਤੇ ਨਿਤਰ ਆਏ ਤੇ ਉਹਨਾਂ ਦੇ ਹੱਕ ਵਿਚ ਜ਼ੋਰਦਾ ਨਾਅਰੇ ਵੀ ਲਗਾਏ।