ਬਿਕਰਮ ਮਜੀਠੀਆ ਨੇ ਕਿਹਾ ਕਿ ਵਿਧਾਇਕਾਂ ਨੂੰ ਅਯੋਗ ਠਹਿਰਾਉਣਾ ਚਾਹੀਦਾ ਹੈ ਅਤੇ ਉਹਨਾਂ ਦੇ ਚੋਣਾਂ ਲੜਣ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ
ਕਿਹਾ ਕਿ ਸਰਕਾਰੀ ਖ਼ਜ਼ਾਨੇ ਨੂੰ ਕਰੋੜਾ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ, ਕਿਉਂਕਿ ਆਪ ਵੱਲੋਂ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਬਚਾਉਣ ਲਈ ਕਾਂਗਰਸ ਨਾਲ ਦੋਸਤਾਨਾ ਮੈਚ ਖੇਡਿਆ ਜਾ ਰਿਹਾ ਹੈ
ਚੰਡੀਗੜ੍ਹ/09 ਅਗਸਤ:ਸ਼੍ਰੋਮਣੀ ਅਕਾਲੀ ਦਲ ਦੇ ਅੱਜ ਕਿਹਾ ਕਿ ਕਈ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਦੇ ਚੁੱਕੇ ਚਾਰ ਆਪ ਵਿਧਾਇਕਾਂ ਨੂੰ ਅਯੋਗ ਨਾ ਠਹਿਰਾ ਕੇ ਅਤੇ 15ਵੀਂ ਵਿਧਾਨ ਸਭਾ ਦੇ ਬਚਦੇ ਕਾਰਜਕਾਲ ਦੌਰਾਨ ਉਹਨਾਂ ਦੇ ਚੋਣਾਂ ਲੜਣ ਉੱਤੇ ਪਾਬੰਦੀ ਨਾ ਲਗਾ ਕੇ ਸੰਵਿਧਾਨ ਅਤੇ ਲੋਕ ਪ੍ਰਤੀਨਿਧਤਾ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੰਵਿਧਾਨ ਦੀ ਦਸਵੀਂ ਅਨੁਸੂਚੀ ਕਹਿੰਦੀ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਸਦਨ ਦਾ ਮੈਂਬਰ ਜੇਕਰ ਆਪਣੀ ਮਰਜ਼ੀ ਨਾਲ ਉਸ ਪਾਰਟੀ ਦੀ ਮੈਂਬਰਸ਼ਿਪ ਤਿਆਗ ਦਿੰਦਾ ਹੈ ਤਾਂ ਉਸ ਨੂੰ ਸਦਨ ਦੀ ਮੈਂਬਰੀ ਦੇ ਅਯੋਗ ਕਰਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਚਾਰੇ ਵਿਧਾਇਕ ਆਪ ਦੀ ਮੁੱਢਲੀ ਮੈਂਬਰਸ਼ਿਪ ਛੱਡ ਚੁੱਕੇ ਹਨ। ਉਹਨਾਂ ਨੂੰ ਅਯੋਗ ਕਰਾਰ ਨਾ ਦੇ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਭੁਲੱਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਜੈਤੋ ਤੋਂ ਮਾਸਟਰ ਬਲਦੇਵ ਸਿੰਘ ਆਦਿ ਤਿੰਨ ਵਿਧਾਇਕਾਂ ਨੇ ਸੱਤ ਮਹੀਨੇ ਪਹਿਲਾਂ ਜਨਵਰੀ 2019 ਵਿਚ ਆਪ ਤੋਂ ਅਸਤੀਫੇ ਦੇ ਦਿੱਤੇ ਸਨ, ਜਦਕਿ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਮਈ 2019 ਵਿਚ ਅਸਤੀਫਾ ਦੇ ਦਿੱਤਾ ਸੀ। ਸਰਦਾਰ ਮਜੀਠੀਆ ਨੇ ਕਿਹਾ ਕਿ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੇ ਪੰਜਾਬ ਏਕਤਾ ਪਾਰਟੀ ਨਾਂ ਦੀ ਇੱਕ ਸਿਆਸੀ ਪਾਰਟੀ ਬਣਾ ਲਈ ਸੀ ਜਦਕਿ ਮਾਨਸ਼ਾਹੀਆ ਅਤੇ ਸੰਦੋਆ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ। ਉਹਨਾਂ ਕਿਹਾ ਕਿ ਇਹ ਚਾਰੇ ਵਿਧਾਇਕਾਂ ਦੇ ਅਸਤੀਫਿਆਂ ਅਤੇ ਉਹਨਾਂ ਦੀਆਂ ਅਗਲੀਆਂ ਕਾਰਵਾਈਆਂ ਨੂੰ ਲੈ ਕੇ ਕੋਈ ਭੁਲੇਖਾ ਨਹੀਂ ਹੈ। ਇਹ ਕਹਿੰਦਿਆਂ ਸਰਦਾਰ ਮਜੀਠੀਆ ਨੇ ਇਹਨਾਂ ਚਾਰੇ ਵਿਧਾਇਕਾਂ ਦੇ ਅਸਤੀਫਿਆਂ ਦੇ ਸਬੂਤ ਮੀਡੀਆ ਅੱਗੇ ਰੱਖੇ, ਜਿਹਨਾਂ ਵਿਚ ਅਮਰਜੀਤ ਸੰਦੋਆ ਦੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦੀ ਫੋਟੋ ਵੀ ਸ਼ਾਮਿਲ ਸੀ, ਜਿਸ ਵਿਚ ਸਪੀਕਰ ਰਾਣਾ ਕੇਪੀ ਸਿੰਘ ਵੀ ਖੜ੍ਹੇ ਨਜ਼ਰ ਆ ਰਹੇ ਸਨ।
ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਵਿਧਾਇਕਾਂ ਖ਼ਿਲਾਫ ਕਾਰਵਾਈ ਕਰਨ ਵਿਚ ਕੀਤੀ ਜਾ ਰਹੀ ਦੇਰੀ ਚਾਰੇ ਹਲਕਿਆਂ ਦੇ ਵੋਟਰਾਂ ਨਾਲ ਇੱਕ ਕੋਝਾ ਮਜ਼ਾਕ ਹੈ, ਕਿਉਕਿ ਇਹਨਾਂ ਹਲਕਿਆਂ ਦੀ ਮੌਜੂਦਾ ਸਮੇਂ ਵਿਧਾਨ ਸਭਾ ਅੰਦਰ ਕਿਸੇ ਵੱਲੋਂ ਨੁੰਮਾਇਦਗੀ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਲਈ ਲਾਜ਼ਮੀ ਹੈ ਕਿ ਇਹਨਾਂ ਪੰਜ ਸੀਟਾਂ ਨੂੰ ਖਾਲੀ ਐਲਾਨ ਦਿੱਤਾ ਜਾਵੇ ਤਾਂ ਕਿ ਉੱਥ ਤਾਜ਼ਾ ਚੋਣਾਂ ਕਰਵਾਈਆਂ ਜਾ ਸਕਣ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਵਿਧਾਇਕ ਤਨਖਾਹਾਂ ਅਤੇ ਵਿਧਾਇਕਾਂ ਵਾਲੀਆਂ ਸਟਾਫ ਅਤੇ ਸੁਰੱਖਿਆ ਦੀਆਂ ਬਾਕੀ ਸਹੂਲਤਾਂ ਲੈ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਹਨ। ਉਹਨਾਂ ਕਿਹਾ ਕਿ ਇੱਕ ਵਿਧਾਇਕ ਉੱਤੇ ਪ੍ਰਤੀ ਮਹੀਨਾ ਔਸਤ ਸਰਕਾਰੀ ਖਰਚਾ 5 ਲੱਖ ਰੁਪਏ ਤੋਂ ਵੱਧ ਆਉਂਦਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ 10 ਮਹੀਨੇ ਪਹਿਲਾਂ ਅਸਤੀਫਾ ਦੇ ਚੁੱਕੇ ਐਚ ਐਸ ਫੂਲਕਾ ਸਮੇਤ ਇਹਨਾਂ ਸਾਰਿਆਂ ਨੂੰ ਦਿੱਤੀਆਂ ਜਾ ਰਹੀਆਂ ਵਿਧਾਇਕਾਂ ਦੀਆਂ ਸਹੂਲਤਾਂ ਨਾਲ ਸਰਕਾਰੀ ਖਜ਼ਾਨੇ ਉੱਤੇ ਕਰੋੜਾਂ ਰੁਪਏ ਦਾ ਬੋਝ ਪੈ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹ ਸਭ ਵਿਰੋਧੀ ਧਿਰ ਨੂੰ ਆਪਣੀ ਮੁੱਠੀ ਵਿਚ ਰੱਖਣ ਲਈ ਵੱਡੀ ਕਾਂਗਰਸ ਅਤੇ ਛੋਟੀ ਕਾਂਗਰਸ (ਆਪ) ਵਿਚਕਾਰ ਇਹ ਇੱਕ ਦੋਸਤਾਨਾ ਮੈਚ ਖੇਡਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਐਚ ਐਸ ਫੂਲਕਾ ਦਾ ਅਸਤੀਫਾ 10 ਮਹੀਨਿਆਂ ਮਗਰੋਂ ਸਵੀਕਾਰ ਕੀਤਾ ਗਿਆ ਸੀ।ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਦੇ ਵਿਧਾਇਕਾਂ ਦੀ ਗਿਣਤੀ ਮਹਿਜ਼ 11 ਰਹਿ ਜਾਣ ਦੇ ਬਾਵਜੂਦ ਕਾਂਗਰਸ ਪਾਰਟੀ ਵੱਲੋਂ ਆਪ ਦੇ ਨੇਤਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਸਰਦਾਰ ਫੂਲਕਾ ਦਾ ਅਸਤੀਫਾ ਸਵੀਕਾਰ ਤਾਂ ਰ ਕਰ ਲਿਆ ਗਿਆ ਹੈ, ਪਰ ਬਾਕੀ ਚਾਰ ਵਿਧਾਇਕਾਂ ਬਾਰੇ ਸਪੀਕਰ ਵੱਲੋਂ ਅਜੇ ਫੈਸਲਾ ਲੈਣਾ ਬਾਕੀ ਹੈ। ਇੰਨਾ ਹੀ ਨਹੀਂ,ਕੰਵਰ ਸੰਧੂ ਅਤੇ ਤਿੰਨ ਹੋਰ ਵਿਧਾਇਕਾਂ ਪੀਰਮੱਲ ਸਿੰਘ, ਜਗਦੇਵ ਸਿੰਘ ਕਮਾਲੂ ਅਤੇ ਜਗਤਾਰ ਸਿੰਘ ਜੱਗਾ ਨੂੰ ਪਾਰਟੀ ਦਾ ਵਿਰੋਧ ਕਰਨ ਲਈ ਆਪ ਵੱਲੋਂ ਮੁਅੱਤਲ ਕੀਤਾ ਜਾ ਚੁੱਕਿਆ ਹੈ।
ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੂੰ ਕਹਿੰਦਿਆਂ ਕਿ ਉਹ ਖੁਲਾਸਾ ਕਰਨ ਕਿ ਆਪ ਪਾਰਟੀ ਨਾਲ ਉਹਨਾਂ ਦਾ ਕੀ ਲੈਣ ਦੇਣ ਹੋਇਆ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਕਰਨਾਟਕ ਅਤੇ ਪੰਜਾਬ ਲਈ ਦੋ ਤਰ੍ਹਾਂ ਦੇ ਨਿਯਮ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਕਰਨਾਟਕ ਵਿਧਾਨ ਸਭਾ ਵਿਚ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਦਲਬਦਲੀ ਕਰਨ ਵਾਲੇ 17 ਵਿਧਾਇਕਾਂ ਨੂੰ ਅਯੋਗ ਠਹਿਰਾ ਦਿੱਤਾ ਸੀ ਅਤੇ ਉਹਨਾਂ ਉੱਪਰ ਵਿਧਾਨ ਸਭਾ ਦੇ ਬਚਦੇ ਕਾਰਜਕਾਲ ਦੌਰਾਨ ਚੋਣਾਂ ਲੜਣ 'ਤੇ ਪਾਬੰਦੀ ਲਾ ਦਿੱਤੀ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਸੀ ਅਤੇ ਇਸ ਨੂੰ ਲੋਕਤੰਤਰ ਦੀ ਸੱਚੀ ਜਿੱਤ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਫੈਸਲਾ ਵਿਧਾਇਕਾਂ ਵੱਲੋਂ ਲੋਕ ਫਤਵੇਂ ਨਾਲ ਵਿਸ਼ਵਾਸ਼ਘਾਤ ਕਰਕੇ ਆਪਣੇ ਸੁਆਰਥਾਂ ਲਈ ਖੁਦ ਨੂੰ ਵੇਚਣ ਦੇ ਰੁਝਾਣ ਨੂੰ ਖਤਮ ਕਰ ਦੇਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਵਿਧਾਇਕ ਕੰਵਰਜੀਤ ਬਰਕੰਦੀ, ਸਰਦਾਰ ਚਰਨਜੀਤ ਸਿੰਘ ਬਰਾੜ ਅਤੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਵੀ ਹਾਜ਼ਿਰ ਸਨ।