ਚੰਡੀਗੜ•/ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੋ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਕਿਹਾ ਸੀ ਕਿ 70 ਫੀਸਦੀ ਪੰਜਾਬੀ ਯਾਨਿ 80 ਤੋਂ 90 ਲੱਖ ਦੇ ਕਰੀਬ ਪੰਜਾਬ ਦੇ ਗੱਭਰੂ ਨਸ਼ਾ-ਪੀੜਤ ਹਨ। ਪਰੰਤੂ ਪੰਜਾਬ ਦੀ ਕਾਂਗਰਸ ਸਰਕਾਰ ਅਜੇ ਤੀਕ ਸਿਰਫ 1.3 ਲੱਖ ਨਸ਼ਾ-ਪੀੜਤਾਂ ਨੂੰ ਹੀ ਰਜਿਸਟਰ ਕਰ ਪਾਈ ਹੈ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਪੰਜਾਬ ਅੰਦਰ 2.5 ਲੱਖ ਨਸ਼ਾ-ਪੀੜਤਾਂ ਦੇ ਅਨੁਮਾਨ ਨੂੰ ਸਹੀ ਮੰਨਣ ਲੱਗੀ ਹੈ।
ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਬਾਰੇ ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰ ਦੀ ਸੋਚ ਵਿਚਲੇ ਵਖਰੇਵੇਂ ਉੱਤੇ ਟਿੱਪਣੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਨਸ਼ਾ-ਪੀੜਤਾਂ ਦੀ ਗਿਣਤੀ ਬਾਰੇ ਦੋਵੇਂ ਧਿਰਾਂ ਦੀ ਸੋਚ ਵਿਚਲਾ ਫਾਸਲਾ ਹੈਰਾਨ ਕਰਨ ਵਾਲਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਸ ਸਮੇਂ ਦੀ ਅਕਾਲੀ-ਭਾਜਪਾ ਹਕੂਮਤ ਨੂੰ ਬਦਨਾਮ ਕਰਨ ਅਤੇ ਸਿਆਸੀ ਲਾਹਾ ਲੈਣ ਵਾਸਤੇ ਜਾਣਬੁੱਝ ਕੇ ਪੰਜਾਬ ਅੰਦਰ ਨਸ਼ਥਾਖੋਰੀ ਦੀ ਸਮੱਸਿਆ ਨੂੰ 30 ਤੋਂ 35 ਫੀਸਦੀ ਤਕ ਵਧਾ ਕੇ ਦੱਸਿਆ ਸੀ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨਸ਼ਿਆਂ ਦੀ ਸਮੱਸਿਆ ਖ਼ਤਮ ਕਰਨ ਵਿਚ ਬੁਰੀ ਤਰ•ਾਂ ਨਾਕਾਮ ਸਾਬਿਤ ਹੋਈ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਅਕਾਲੀ-ਭਾਜਪਾ ਨੇ ਕਦੇ ਵੀ ਨਸ਼ਿਆਂ ਦੀ ਸਮੱਸਿਆ ਨੂੰ ਝੁਠਲਾਇਆ ਨਹੀਂ ਸੀ ਅਤੇ ਹਮੇਸ਼ਾਂ ਇਸ ਦੀ ਗੰਭੀਰਤਾ ਨੂੰ ਸਵੀਕਾਰ ਕੀਤਾ ਸੀ, ਪਰੰਤੂ ਕਾਂਗਰਸ ਨੇ ਸਿਆਸੀ ਫਾਇਦਾ ਲੈਣ ਵਾਸਤੇ ਜਾਣਬੁੱਝ ਕੇ ਇਸ ਨੂੰ 'ਰਾਈ ਦਾ ਪਹਾੜ' ਬਣਾ ਕੇ ਪੇਸ਼ ਕੀਤਾ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਲਈ ਨਸ਼ਿਆਂ ਦੇ ਖਾਤਮੇ ਲਈ ਸੰਜੀਦਗੀ ਨਾਲ ਕੰਮ ਕਰਦੀ ਰਹੀ ਹੈ, ਜਦਕਿ ਕਾਂਗਰਸ ਲਈ ਇਹ ਮਹਿਜ਼ ਇੱਕ ਚੋਣ ਮੁੱਦਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਵਿਚੋਂ ਚਾਰ ਮਹੀਨਿਆਂ ਦੇ ਅੰਦਰ ਨਸ਼ਿਆਂ ਦੀ ਸਪਲਾਈ ਅਤੇ ਨਸ਼ਿਆਂ ਦੀ ਖਪਤ ਬੰਦ ਕਰਨ ਦਾ ਵਾਅਦਾ ਕੀਤਾ ਸੀ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸੱਤਾ ਸੰਭਾਲਣ ਤੋਂ 22 ਮਹੀਨਿਆਂ ਮਗਰੋਂ ਵੀ ਕਾਂਗਰਸ ਸਰਕਾਰ ਆਪਣੇ ਟੀਚੇ ਦੇ ਨੇੜੇ-ਤੇੜੇ ਵੀ ਨਹੀਂ ਪੁੱਜੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਦੱਸੇ ਅੰਕੜਿਆਂ ਮੁਤਾਬਿਕ ਇਸ ਨੇ ਅਜੇ ਸੂਬੇ ਅੰਦਰ 1.31 ਲੱਖ ਨਸ਼ੇੜੀ ਰਜਿਸਟਰ ਕੀਤੇ ਹਨ। ਉਹਨਾਂ ਕਿਹਾ ਕਿ ਨਸ਼ਾ ਛੱਡ ਚੁੱਕੇ ਨਸ਼ੇੜੀਆਂ ਦਾ ਮੁੜ ਵਸੇਵਾ ਕਰਵਾਉਣਾ ਤਾਂ ਦੂਰ ਦੀ ਗੱਲ ਹੈ, ਸਰਕਾਰ ਨਸ਼ੇੜੀਆਂ ਦਾ ਇਲਾਜ ਕਰਵਾਉਣ ਵਿਚ ਵੀ ਬੁਰੀ ਤਰ•ਾਂ ਨਾਕਾਮ ਹੋਈ ਹੈ, ਕਿਉਂਕਿ ਰਜਿਸਟਰਡ ਨਸ਼ੇੜੀਆਂ ਵਿਚੋਂ ਲਗਭਗ ਇੱਕ-ਚੌਥਾਈ ਦਾ ਢੁੱਕਵਾਂ ਇਲਾਜ ਨਹੀਂ ਹੋ ਰਿਹਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਨਸ਼ੇੜੀਆਂ ਦੇ ਇਲਾਜ ਲਈ ਲੋੜੀਂਦੇ ਓਓਪੀਟੀ ਕਲੀਨਿਕ ਖੋਲ•ਣ ਵਿਚ ਨਾਕਾਮ ਰਹਿਣ ਮਗਰੋਂ ਸਰਕਾਰ ਨੇ ਨਿੱਜੀ ਸੈਕਟਰ ਨੂੰ ਇਹ ਕੰਮ ਸੌਪਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਬਹੁਤ ਹੀ ਜੋਖ਼ਮ ਭਰਿਆ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਕਲੀਨਿਕ ਨਸ਼ੇੜੀਆਂ ਦੇ ਇਲਾਜ ਲਈ ਗਲਤ ਤਰੀਕੇ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਦੀ ਘਾਟ, ਮਨੋਵਿਗਿਆਨੀਆਂ ਸਮੇਤ ਕੁਸ਼ਲ ਸਟਾਫ ਦੀ ਕਮੀ ਨੇ ਇਸ ਸਮੱਸਿਆ ਨੂੰ ਹੋਰ ਭਿਆਨਕ ਬਣਾ ਦਿੱਤਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਰਿਪੋਰਟਾਂ ਦੱਸਦੀਆਂ ਹਨ ਕਿ 2018 ਸਾਲ ਦੇ ਪਹਿਲੇ ਅੱਧ ਦੌਰਾਨ 60 ਵਿਅਕਤੀ ਮਰ ਚੁੱਕੇ ਹਨ । ਉਹਨਾਂ ਕਿਹਾ ਕਿ ਭਾਵੇਂਕਿ ਨਸ਼ਿਆਂ ਦੇ ਖਾਤਮੇ ਲਈ ਜੁਟੀਆਂ ਸਾਰੀਆਂ ਧਿਰਾਂ ਦੀ ਨੀਅਤ 'ਚ ਖੋਟ ਨਹੀਂ ਹੈ, ਪਰੰਤੂ ਕਾਂਗਰਸ ਪਾਰਟੀ ਨੇ ਨਸ਼ਿਆਂ ਦੀ ਸਮੱਸਿਆ ਦਾ ਰੱਜ ਕੇ ਸਿਆਸੀਕਰਨ ਕੀਤਾ ਹੈ।