ਅੰਮ੍ਰਿਤਸਰ, 17 ਨਵੰਬਰ : ਘੱਟ ਗਿਣਤੀਆਂ ਦੀ ਸੁਰੱਖਿਆ, ਬਰਾਬਰੀ ਤੇ ਮਾਣ ਸਨਮਾਨ ਦੀ ਰਾਖੀ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਘੱਟ ਗਿਣਤੀਆਂ ਦੇ ਮਨਾਂ ਵਿਚੋਂ ਅਸੁਰੱਖਿਆ ਤੇ ਬੇਗਾਨਗੀ ਦੀ ਭਾਵਨਾ ਖਤਮ ਕਰਨ ਲਈ ਠੋਸ ਤੇ ਭਰੋਸੇਯੋਗ ਕਦਮ ਚੁੱਕਣ ਦਾ ਸੱਦਾ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਰਬਾਰ ਸਾਹਿਬ ਕੰਪਲੈਕਸ ਵਿਚ ਮੰਜੀ ਸਾਹਿਬ ਹਾਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100ਵਾਂ ਸਥਾਪਨਾ ਦਿਵਸ ਮਨਾਉਣ ਦੇ ਇਤਿਹਾਸਕ ਸਮਾਗਮ ਵਿਚ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਉਹ ਪਤਿਤਪੁਣੇ, ਧਰਮ ਪਰਿਵਰਤਨ ਲਈ ਲੁਭਾਉਣ ਅਤੇ ਨਸ਼ਿਆਂ ਦੀ ਬੁਰਾਈ ਵਰਗੀਆਂ ਬਹੁ ਭਾਂਤੀ ਚੁਣੌਤੀਆਂ ਦੇ ਟਾਕਰੇ ਲਈ ਪੰਜ ਸਾਲਾ ਮੁਹਿੰਮ ਸ਼ੁਰੂ ਕਰੇ। ਉਹਨਾਂ ਕਿਹਾ ਕਿ ਸਿੱਖ ਨੌਜਵਾਨਾਂ ਵਿਚ ਪਤਿਤਪੁਣਾ ਖਤਮ ਕਰਨ ਲਈ ਵੀ ਨਵੀਂ ਲਹਿਰ ਸ਼ੁਰੂ ਕੀਤੀ ਜਾਵੇ।
ਸ੍ਰੀ ਬਾਦਲ ਨੇ ਚੌਕਸ ਕੀਤਾ ਕਿ ਸ਼ਰਾਰਤੀ ਅਨੁਸਾਰ ਸਿੱਖਾਂ ਦੀ ਵਿਲੱਖਣ, ਵੱਖਰੀ ਤੇ ਪ੍ਰਭੂਸੱਤਾ ਵਾਲੀ ਧਾਰਮਿਕ ਪਛਾਣ ਨੂੰ ਖਤਮ ਕਰਨ ਲਈ ਯਤਨਸ਼ੀਲ ਹਨ। ਉਹਨਾਂ ਕਿਹਾ ਕਿ ਖਾਲਸਾ ਪੰਥ ਨੂੰ ਆਪਣੀ ਵੱਖਰੀ ਧਾਰਮਿਕ ਪਛਾਣ ’ਤੇ ਮਾਣ ਹੈ। ਉਹਨਾਂ ਕਿਹਾ ਕਿ ਖਾਲਸਾ ਕਦੇ ਵੀ ਹੋਰਨਾਂ ਦੇ ਧਾਰਮਿਕ ਮਾਲਿਆਂ ਵਿਚ ਦਖਲ ਨਹੀਂ ਦਿੰਦਾ ਪਰ ਇਹ ਆਪਣੇ ਧਾਰਮਿਕ ਮਾਮਲਿਆਂ ਵਿਚ ਹੋਰਨਾਂ ਦਾ ਦਖਲ ਵੀ ਬਰਦਾਸ਼ਸਤ ਨਹੀਂ ਕਰਦਾ।
ਸ੍ਰੀ ਬਾਦਲ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਉਪੇਸ਼ ਦਿੱਤਾ ਹੈ।
ਉਹਨਾਂ ਨੇ ਕਾਂਗਰਸ ਪਾਰਟੀ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਉਸਨੂੰ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕਰਾਰ ਦਿੱਤਾ। ਉਹਨਾਂ ਕਿਹਾ ਕਿ 320 ਸਾਲ ਪਹਿਲਾਂ ਖਾਲਸਾ ਪੰਥ ਦੀ ਸਾਜਣਾ ਵੇਲੇ ਤੋਂ ਸਿੱਖਾਂ ਦਾ ਤਿੰਨ ਦੁਸ਼ਮਣਾਂ ਨਾਲ ਟਾਕਰਾ ਹੋਇਆ ਹੈ ਜਿਹਨਾਂ ਵਿਚ ਮੁਗਲ, ਬਰਤਾਨਵੀ ਤੇ ਕਾਂਗਰਸ ਸ਼ਾਮਲ ਹਨ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਅਹਿਮਦ ਸ਼ਾਹ ਅਬਦਾਲੀ ਤੇ ਇੰਦਰਾ ਗਾਂਧੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਹੁਣ ਕੁਝ ਲੋਕ ਕਾਂਗਰਸ ਦੀ ਸਪਾਂਸਰਸ਼ਿਪ ਦੀ ਮਦਦ ਨਾਲ ਸਾਡੇ ਗੁਰਧਾਮਾਂ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਵਿਲੱਖਣ ਪ੍ਰਾਪਤੀ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਸਿਰਫ ਸਿੱਖ ਹੀ ਹਨ ਜੋ ਆਪਣੇ ਧਾਰਮਿਕ ਮਾਮਲੇ ਲੋਕਤੰਤਰੀ ਤਰੀਕੇ ਚਲਾਉਂਦੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਗਤ ਦੀ ਸਰਵਉਚਤਾ ’ਤੇ ਆਧਾਰਿਤ ਹੈ ਜੋ ਕਿ ਸਾਨੂੰ ਮਹਾਨ ਗੁਰੂ ਸਾਹਿਬਾਨ ਵੱਲੋਂ ਦਿੱਤੇ ਵਿਲੱਖਣ ਸਿਧਾਂਤ ’ਤੇ ਆਧਾਰਿਤ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ 100 ਸਾਲਾਂ ਦੇ ਇਤਿਹਾਸ ਦੌਰਾਨ ਸ਼੍ਰੋਮਣੀ ਕਮੇਟੀ ਲਈ ਖਾਲਸਾ ਪੰਥ ਨੇ ਸਿਰਫ ਪਾਰਟੀ ਦੇ ਹੀ ਪ੍ਰਤੀਨਿਧਾਂ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਜਿਹਨਾਂ ਨੂੰ ਸਿੱਖ ਸੰਗਤਾਂ ਨੇ ਵਾਰ ਵਾਰ ਠੁਕਰਾਇਆ, ਉਹ ਸਿੱਖਾਂ ਦੀ ਧਾਰਮਿਕ ਸੰਸਦ ਦੇ ਖਿਲਾਫ ਸਾਜ਼ਿਸ਼ਾਂ ਰਚਣ ਵਿਚ ਲੱਗੇ ਹਲ। ਉਹਨਾਂ ਕਿਹਾ ਕਿ ਇਹਨਾਂ ਸਾਜ਼ਿਸ਼ਾਂ ਨੂੰ ਹਮੇਸ਼ਾ ਕਾਂਗਰਸ ਤੇ ਉਸਦੀਆਂ ਸਰਕਾਰਾਂ ਤੋਂ ਸਪਾਂਸਰਸ਼ਿਪ ਮਿਲਦੀ ਰਹੀ ਹੈ।
ਉਹਨਾਂ ਕਿਹਾ ਕਿ ਖਾਲਸਾ ਪੰਥ ਦੇ ਸਾਹਮਣੇ ਸਪਸ਼ਟ ਵਿਕਲਪ ਹਨ : ਮਹਾਨ ਗੁਰੂ ਸਾਹਿਬਾਨ ਵੱਲੋਂ ਸਾਨੂੰ ਦਿੱਤੀ ਸੰਗਤੀ ਲੋਕਤੰਤਰੀ ਪ੍ਰਣਾਲੀ ਅਨੁਸਾਰ ਚੱਲਿਆ ਜਾਵੇ ਜਾਂ ਫਿਰ ਮਹੰਤਾਂ ਨੂੰ ਸਿੱਖ ਸੰਗਤਾਂ ਦੇ ਅਧਿਕਾਰ ਖੋਹਣ ਦੀ ਇਜਾਜ਼ਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੰਨਣਾ ਹੈÇ ਕ ਸਿਰਫ ਸੰਗਤ ਨੂੰ ਹੀ ਇਹ ਅਧਿਕਾਰ ਹੈ ਕਿ ਉਹ ਫੈਸਲਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਫੈਸਲਾ ਕਰੇ।
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਭਵਿੱਖ ਲਈ ਆਪਣਾ ਖਾਕਾ ਪੇਸ਼ ਕਰਦਿਆਂ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਪੰਜਾਬ ਨੂੰ ਆਧੁਨਿਕ ਪ੍ਰਗਤੀ ਦੇ ਰੋਲ ਮਾਡਲ ਵਾਂਗ ਵਿਕਸਤ ਕਰਨਾ ਹੈ । ਉਹਨਾਂ ਕਿਹਾ ਕਿ ਜਦੋਂ ਅਸੀਂ ਸਰਕਾਰ ਬਣਾਵਾਂਗੇ ਤਾਂ ਸਾਡਾ ਸਾਰਾ ਜ਼ੋਰ ਨੌਜਵਾਨਾਂ ਤੇ ਬੱਚਿਆਂ ਲਈ ਸਿਹਤ ਤੇ ਸਿੱਖਿਆ ’ਤੇ ਹੋਵੇਗਾ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਅਸੀਂ ਪੰਜਾਬ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦਾ ਵਿਕਾਸ ਮੁੜ ਸ਼ੁਰੂ ਕਰਾਂਗੇ ਤੇ ਕਲੈਕਟੀਵਿਟੀ ਤੇ ਸਮਾਰਟ ਐਨਰਜੀ ’ਤੇ ਵੀ ਜ਼ੋਰ ਦਿਆਂਗੇ। ਉਹਨਾਂ ਕਿਹਾ ਕਿ ਅਸੀਂ ਆਪਣੇ ਦਰਿਆਵਾਂ ਤੇ ਨਹਿਰਾਂ ਨੂੰ ਸਾਫ ਕਰਨ ਲਈ ਵੀ ਕੰਮ ਕਰਾਂਗੇ। ਉਹਨਾਂ ਕਿਹਾ ਕਿ ਮਹਾਨ ਸਿੱਖ ਤੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ’ਤੇ ਵੀ ਧਿਆਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਸਭ ਕੁਝ ਤਾਂ ਹੀ ਪ੍ਰਾਪਤ ਕੀਤਾ ਜਾ ਸਕੇਗਾ ਜੇਕਰ ਅਸੀਂ ਰਲ ਮਿਲ ਕੇ ਲੜੀਏ ਤੇ ਸਾਨੂੰ ਵੰਡਣ ਦਾ ਯਤਨ ਕਰਨ ਵਾਲਿਆਂ ਨੂੰ ਹਰਾਈਏ। ਉਹਨਾਂ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣਾ ਵੀ ਜ਼ਰੂਰੀ ਹੈ।
ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਅੱਜ ਉਸੇ ਤਰੀਕੇ ਦੀਆਂ ਚੁਣੌਤੀਆਂ ਦਰਪੇਸ਼ ਹਨ ਜੋ 1984 ਵਿਚ ਸਨ। ਉਹਨਾਂ ਕਿਹਾ ਕਿ ਉਸ ਵੇਲੇ ਕਾਂਗਰਸ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੀ ਸੀ ਪਰ ਇਸਦੇ ਚੌਕਸ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਹ ਸਾਜ਼ਿਸ਼ ਸਫਲ ਨਹੀਂ ਦਿੱਤੀ। ਉਹਨਾਂ ਕਿਹਾ ਕਿ ਹੁਣ ਵੀ ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਸਾਰੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਉਸਦੇ ਕੰਟਰੋਲ ਵਾਲੇ ਟਰੱਸਟਾ ਨੂੰ ਸੌਂਪਣਾ ਚਾਹੁੰਦੀ ਹੈ ਜਿਵੇਂ ਉਹ ਮੰਦਿਰਾਂ ਦਾ ਸੰਭਾਲ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਤਾਂ ਇਕ ਰਾਜ ਵਿਚ ਆਪਣੇ ਆਪ ਵਿਚ ਰਾਜ ਹੈ। ਉਹਨਾਂ ਕਿਹਾ ਕਿ ਭਾਰਤੀ ਰਾਜ ਨੂੰ ਇਸ ਤਰੀਕੇ ਦੀ ਆਜ਼ਾਦਾਨਾ ਹਸਤੀ ਪਸੰਦ ਨਹੀਂ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੰਗਤ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪੰਥ ਦੇ ਅੰਦਰੋਂ ਹੀ ਪੰਥ ਨੂੰ ਕਮਜ਼ੋਰ ਕਰਨ ਵਾਲਿਆਂ ਤੋਂ ਵੀ ਸੁਚੇਤ ਰਹਿਣ। ਉਹਨਾਂ ਕਿਹਾ ਕਿ ਹਾਲ ਹੀ ਵਿਚ ਕੁਝ ਅਖੌਤੀ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਦੇ ਗੇਟਾਂ ਨੂੰ ਜਿੰਦਰੇ ਲਗਾ ਦਿੱਤੇ ਸਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਦੁਬਾਰਾ ਕੀਤਾ ਗਿਆ ਤਾਂ ਫਿਰ ਸਿੱਖ ਪਿੰਡਾਂ ਵਿਚ ਬੈਠੇ ਨਹੀਂ ਰਹਿਣਗੇ ਬਲਕਿ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਅਜਿਹੇ ਲੋਕਾਂ ਨੂੰ ਚੁਣੌਤੀ ਦੇਣਗੇ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਹੋਣ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਹ ਬੇਅਦਬੀ ਦਾ ਮਾਮਲਾ ਨਹੀਂ ਬਲਕਿ ਭ੍ਰਿਸ਼ਟਾਚਾਰ ਤੇ ਪ੍ਰਸ਼ਾਸਕੀ ਕੁਤਾਹੀਆਂ ਦਾ ਮਾਮਲਾ ਹੈ। ਉਹਨਾਂ ਕਿਹਾ ਕਿ ਮਾਮਲੇ ਵਿਚ ਲੋੜੀਂਦੀ ਕਾਰਵਾਈ ਕੀਤੀ ਗਈ ਹੈ ਤੇ ਕੁਤਾਹੀਆਂ ਤੇ ਉਣਤਾਈਆਂ ਲਈ ਜ਼ਿੰਮੇਵਾਰ ਅਫਸਰਾਂ ਨੂੰ ਪ੍ਰਸਿੱਧ ਜੱਜ ਦੀ ਜਾਂਚ ਰਿਪੋਰਟ ਆਉਣ ਮਗਰੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਤਿਤਪੁਣੇ ਦੇ ਮਸਲੇ ਨਾਲ ਨੱਜਿਠਣ ਲਈ ਅਤੇ ਧਰਮ ਪ੍ਰਚਾਰ ਲਹਿਰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਪ੍ਰਦੂਸ਼ਣ ਨਾਲ ਨਜਿੱਠਣ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ ਤੇ ਗੁਰਦੁਆਰਾ ਸਾਹਿਬਾਨ ਵਿਚ ਬੂਟਾ ਪ੍ਰਸ਼ਾਦ ਵੰਡੇ ਜਾਣਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਸਲਾਹਕਾਰੀ ਕਮੇਟੀ ਬਣਾਏਗੀ ਤਾਂ ਜੋ ਦੁਨੀਆਂ ਭਰ ਦੇ ਸਿੱਖਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ ਤੇ ਧਰਮੀ ਫੌਜੀਆਂ ਨੂੰ ਪੈਨਸ਼ਨ ਲਾਭ ਮਿਲਣਾ ਵੀ ਯਕੀਨੀ ਬਣਾਇਆ ਜਾਵੇਗਾ। ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਐਲਾਨ ਦੇ ਬਾਵਜੂਦ ਕੇਂਦਰ ਸਰਕਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਖ ਕੈਦੀਆਂ ਨੂੰ ਰਿਹਾਅ ਨਹੀਂ ਕਰ ਰਹੀ। ਉਹਨਾਂ ਕਿਹਾ ਕਿ 100 ਸਾਲਾ ਸਮਾਗਮਾਂ ਦੇ ਹਿੱਸੇ ਵਜੋਂ ਆਰਟ ਗੈਲਰੀ ਵੀ ਸਥਾਪਿਤ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਨਾਮ ਸਿੰਘ ਖਾਲਸਾ, ਜਥੇਦਾਰ ਤੋਤਾ ਸਿੰਘ, ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਦੇ ਮੁਖੀ ਅਵਤਾਰ ਸਿੰਘ ਹਿੱਤ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਅਮਰਜੀਤ ਸਿੰਘ ਚਾਵਲਾ, ਬੀਬੀ ਜਗੀਰ ਕੌਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਜਥੇਦਾਰ ਪਟਨਾ ਸਾਹਿਬ ਗਿਆਨੀ ਰਣਜੀਤ ਸਿੰਘ, ਨਿਹਾਲ ਸਿੰਘ ਹਰੀਆਂਵੇਲਾਂ ਵਾਲੇ, ਲੱਖਾ ਸਿੰਘ ਨਾਨਕਸਰ ਵਾਲੇ ਤੇ ਬਾਬਾ ਬਲਬੀਰ ਸਿੰਘ ਬੁੱਢਾ ਦਲ ਨੇ ਵੀ ਸੰਬੋਧਨ ਕੀਤਾ।