ਰਿਪੋਰਟ ਵਾਪਸ ਲਈ ਜਾਵੇ ਤੇ ਅਸਲ ਕਾਰਨ ਦੱਸਿਆ ਜਾਵੇ ਕਿ ਕਿਵੇਂ ਮਾਨਸਿਕ ਤੌਰ ’ਤੇ ਬਿਮਾਰ ਲੋਕ ਸਰਹੱਦ ਤੱਕ ਪਹੁੰਚੇ ਤੇ ਇਸਦੀ ਪੜਤਾਲ ਕੀਤੀ ਜਾਵੇ : ਪ੍ਰੋ. ਚੰਦੂਮਾਜਰਾ
ਚੰਡੀਗੜ੍ਹ, 2 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਪੱਤਰ ਜਿਸ ਵਿਚ ਪੰਜਾਬ ਦੀ ਸਰਹੱਦੀ ਪੱਟੀ ਵਿਚ ਵੱਡੀ ਪੱਧਰ ’ਤੇ ਮਨੁੱਖੀ ਤਸਕਰੀ ਹੋਣ ਤੇ ਬੰਧੂਆ ਮਜ਼ਦੂਰ ਬਣਾਏ ਜਾਣ ਨੂੰ ‘ਵੱਡਾ’ ਮਾਮਲਾ ਕਰਾਰ ਦਿੱਤਾ ਗਿਆ, ਨੂੰ ਹਾਸੋਹੀਣਾ ਦੱਸਿਆ ਤੇ ਕਿਹਾ ਕਿ ਇਸਦਾ ਮਕਸਦ ਸੂਬੇ ਦੇ ਕਿਸਾਨਾਂ ਨੁੰ ਬਦਨਾਮ ਕਰਨਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਤੋਂ ਮਿਲੀ ਚਿੱਠੀ ਆਪਣੇ ਆਪ ਵਿਚ ਆਪਾ ਵਿਰੋਧੀ ਹੈ। ਉਹਨਾਂ ਕਿਹਾ ਕਿ ਇਕ ਪਾਸੇ ਤਾ ਚਿੱਠੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਬੀ ਐਸ ਐਫ ਨੇ 58 ਬੰਦੇ ਫੜੇ ਹਨ ਜੋ ਮਾਨਸਿਕ ਤੌਰ ’ਤੇ ਬਿਮਾਰ ਹਨ। ਉਹਨਾਂ ਕਿਹਾ ਕਿ ਨਾਲ ਹੀ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਦੇ ਸਿੰਡੀਕੇਟ ਅਜਿਹੇ ਵਿਅਕਤੀਆਂ ਨੂੰ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਅਬੋਹਰ ਇਲਾਕਿਆਂ ਵਿਚ ਚੰਗੀ ਤਨਖਾਹ ਦਾ ਲਾਲਚ ਦੇ ਕੇ ਲਿਆ ਰਹੇ ਹਨ ਪਰ ਇਹਨਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ ਤੇ ਇਹਨਾਂ ਨੁੰ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਇਆ ਜਾਂਦਾ ਹੈ। ਉਹਨਾਂ ਪੁੱਛਿਆ ਕਿ ਇਹ ਦੋਵੇਂ ਚੀਜ਼ਾ ਨਾਲੋਂ ਨਾਲ ਕਿਵੇਂ ਹੋ ਸਕਦੀਆਂ ਹਨ। ਉਹਨਾਂ ਗ੍ਰਹਿ ਮੰਤਰਾਲੇ ਨੂੰ ਕਿਹਾ ਕਿ ਉਹ ਬੇਤੁਕੇ ਤਾਰਾਂ ਨਾ ਜੋੜੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਤੋਂ ਅਜਿਹੇ ਪੱਤਰਾਂ ਨਾਲ ਦੇਸ਼ ਵਿਚ ਇਕ ਗਲਤ ਸੰਦੇਸ਼ ਜਾਂਦਾ ਹੈ ਤੇ ਇਸ ਨਾਲ ਟਕਰਾਅ ਦਾ ਮਾਹੌਲ ਪੈਦਾ ਹੋਵੇਗਾ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਅਜਿਹੀ ਕੋਈ ਵੀ ਐਫ ਆਰ ਆਈ ਦਰਜ ਨਹੀਂ ਹੋਈ ਕਿ ਕਿਸੇ ਵਿਅਤੀ ਨੂੰ ਕਿਸੇ ਵੀ ਇਲਾਕੇ ਵਿਚ ਜਬਰੀ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਇਆ ਜਾ ਰਿਹਾ ਹੋਵੇ। ਉਹਨਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਦੇ ਕਿਸਾਨ ਮਜ਼ਦੂਰਾਂ ਨੂੰ ਉਹਨਾਂ ਦੇ ਕੰਮਾਂ ਲਈ ਪੇਸ਼ਗੀ ਅਦਾਇਗੀਆਂ ਕਰ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਹਰ ਸਾਲ ਲੱਖਾਂ ਪ੍ਰਵਾਸੀ ਮਜ਼ਦੂਰ ਝੋਨੇ ਦੀ ਲੁਆਈ ਲਈ ਪੰਜਾਬ ਆਉਂਦੇ ਹਨ।
ਸਾਬਕਾ ਐਮ ਪੀ ਨੇ ਕਿਹਾ ਕਿ ਇਹ ਰਿਪੋਰਟ ਤੁਰੰਤ ਵਪਸ ਲਈ ਜਾਵੇ ਤੇ ਇਸ ਪਿੱਛੇ ਅਸਲ ਕਾਰਨ ਦੱਸਿਆ ਜਾਵੇ ਕਿ ਕੁਝ ਮਾਨਸਿਕ ਤੌਰ ’ਤੇ ਬਿਮਾਰ ਲੋਕ ਸਰਹੱਦੀ ਇਲਾਕੇ ਤੱਕ ਕਿਵੇਂ ਪਹੁੰਚ ਗਏ ਤੇ ਇਸਦੀ ਪੜਤਾਲ ਕੀਤੀ ਜਾਵੇ।