ਮਹੇਸ਼ਇੰਦਰ ਗਰੇਵਾਲ ਨੇ ਸੂਬੇ ਅੰਦਰ ਅਮਨ-ਕਾਨੂੰਨ ਦੀ ਸਲਾਮਤੀ ਲਈ ਕੇਂਦਰ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ
ਚੰਡੀਗੜ੍ਹ/05 ਦਸੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸੀਨੀਅਰ ਕਾਂਗਰਸੀ ਅਹੁਦੇਦਾਰਾਂ ਅਤੇ ਮੰਤਰੀਆਂ ਵਲੋਂ ਗੈਂਗਸਟਰਾਂ ਅਤੇ ਕਾਂਗਰਸੀ ਗੁੰੁਡਿਆਂ ਦੀ ਕੀਤੀ ਜਾ ਰਹੀ ਸਿਆਸੀ ਸਰਪ੍ਰਸਤੀ ਨੇ ਪੰਜਾਬ ਅੰਦਰ ਸ਼ਾਂਤੀ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਵਿਗੜੇ ਹਾਲਾਤ ਸੁਧਾਰਨ ਲਈ ਕੇਂਦਰ ਸਰਕਾਰ ਦਖ਼ਲ ਦੇਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਗੈਂਗਸਟਰਾਂ ਅਤੇ ਕਾਂਗਰਸੀ ਗੁੰਡਿਆਂ ਉੱਪਰੋਂ ਕਾਨੂੰਨ ਦਾ ਡਰ ਪੂਰੀ ਤਰ੍ਹਾਂ ਚੁੱਕਿਆ ਗਿਆ ਹੈ, ਜਿਸ ਕਰਕੇ ਉਹ ਇੱਕ ਦੂਜੇ ਕੋਲੋਂ ਅਤੇ ਸਿਆਸੀ ਵਿਰੋਧੀਆਂ ਤੋਂ ਬਦਲੇ ਲੈਣ ਲਈ ਸ਼ਰੇਆਮ ਦਿਨ-ਦਿਹਾੜੇ ਗੋਲੀਆਂ ਨਾਲ ਹਮਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੀ ਪੁਲਿਸ ਆਪਣੀ ਜ਼ਿੰਮੇਵਾਰੀ ਤਿਆਗ ਚੁੱਕੀ ਹੈ। ਪੁਲਿਸ ਦੀ ਅਮਨ ਕਾਨੂੰਨ ਵਿਵਸਥਾ ਬਹਾਲ ਵਿਚ ਬੇਵਸੀ ਸੱਭਿਅਕ ਸਮਾਜ ਲਈ ਗੰਭੀਰ ਖ਼ਤਰਾ ਬਣ ਰਹੀ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਸੂਬੇ ਅੰਦਰ ਗੈਂਗਵਾਰਾਂ ਅਤੇ ਕਾਂਗਰਸੀ ਗੈਂਗਾਂ ਵਿਚਕਾਰ ਖੂਨੀ ਲੜਾਈਆਂ ਇੱਕ ਆਮ ਵਰਤਾਰਾ ਬਣ ਚੁੱਕੀਆਂ ਹਨ, ਇਸ ਲਈ ਕੇਂਦਰ ਨੂੰ ਦਖ਼ਲ ਦੇ ਕੇ ਸੂਬੇ ਅੰਦਰ ਕਾਨੂੰਨ ਦਾ ਰਾਜ ਸਥਾਪਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਗ੍ਰਹਿ ਮੰਤਰੀ ਨੂੰ ਅਪੀਲ ਕਰਦਾ ਹੈ ਕਿ ਉਹ ਸੂਬੇ ਦੇ ਮੁੱਖ ਸਕੱਤਰ ਅਤੇ ਪੁਲਿਸ ਮੁਖੀ ਨੂੰ ਸੱਦ ਕੇ ਪੁੱਛਣ ਕਿ ਉਹਨਾਂ ਨੇ ਪੰਜਾਬ ਅੰਦਰ ਅਮਨ-ਕਾਨੂੰਨ ਕਾਇਮ ਰੱਖਣ ਦੀ ਡਿਊਟੀ ਕਿਉਂ ਪੂਰੀ ਨਹੀਂ ਕੀਤੀ ਹੈ? ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਕੇਂਦਰ ਨੂੰ ਸੂਬੇ ਅੰਦਰ ਲੋੜੀਂਦੇ ਸੁਰੱਖਿਆ ਦਸਤੇ ਭੇਜਣੇ ਚਾਹੀਦੇ ਹਨ ਤਾਂ ਕਿ ਗੈਂਗਸਟਰਾਂ ਦੂਆਰਾ ਲਈਆਂ ਜਾ ਰਹੀਆਂ ਫਿਰੌਤੀਆਂ ਅਤੇ ਸੁਪਾਰੀ ਕਤਲਾਂ ਕਰਕੇ ਦਹਿਸ਼ਤ ਦੇ ਪਰਛਾਂਵੇ ਥੱਲੇ ਜੀਅ ਰਹੇ ਨਾਗਰਿਕਾਂ ਦਾ ਕਾਨੂੰਨ ਵਿਚ ਭਰੋਸਾ ਬਹਾਲ ਹੋ ਸਕੇ।
ਅਕਾਲੀ ਆਗੂ ਨੇ ਪਿਛਲੇ ਦੋ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੱਲ੍ਹ ਪੁਲਿਸ ਦੀ ਹਾਜ਼ਰੀ ਵਿਚ ਯੂਥ ਕਾਂਗਰਸ ਦੇ ਦੋ ਧੜ੍ਹਿਆਂ ਨੇ ਲੁਧਿਆਣਾ ਵਿਚ ਸ਼ਰੇਆਮ ਇੱਕ ਦੂਜੇ ਉੱਤੇ ਅੰਨੇਵਾਹ ਫਾਇਰਿੰਗ ਕੀਤੀ ਸੀ। ਉਹਨਾਂ ਕਿਹਾ ਕਿ ਕਾਂਗਰਸੀ ਇੱਕ ਦੂਜੇ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਦੇ ਰਹੇ ਅਤੇ ਪੁਲਿਸ ਮੂਕ ਦਰਸ਼ਕ ਬਣੀ ਵੇਖਦੀ ਰਹੀ। ਉਹਨਾਂ ਕਿਹਾ ਕਿ ਇੱਕ ਹੋਰ ਕੇਸ ਵਿਚ ਦੋਰਾਹਾ ਵਿਖੇ ਕਾਨੂੰਨ ਨੂੰ ਟਿੱਚ ਜਾਣਦਿਆਂ ਇੱਕ ਮੈਰਿਜ ਰਿਜ਼ੋਰਟ ਵਿਖੇ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਸਰਦਾਰ ਗਰੇਵਾਲ ਨੇ ਕਿਹਾ ਕਿ ਇਕ ਹੋਰ ਮਾਮਲੇ ਇੱਕ ਔਰਤ ਦਾ ਖਰੜ ਵਿਖੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਪਿਛਲੇ ਹਫ਼ਤੇ ਜੇਲ੍ਹ ਵਿਚ ਬੈਠੇ ਗੈਗਸਟਰਾਂ ਨੇ ਮਲੇਟਕੋਟਲਾ ਅਤੇ ਮਲੌਟ ਵਿਖੇ ਆਪਣੇ ਵਿਰੋਧੀਆਂ ਦੇ ਕਤਲ ਕਰਵਾਏ ਸਨ। ਉਹਨਾਂ ਕਿਹਾ ਕਿ ਇੱਕ ਮਾਮਲਾ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਦਾ ਵੀ ਹੈ, ਜਿਸ ਦਾ ਡੇਰਾ ਬਾਬਾ ਨਾਨਕ ਹਲਕੇ ਵਿਚ ਹੋਏ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਵਿਚ ਹੱਥ ਹੈ ਅਤੇ ਇਸ ਨਾਮੀ ਬਦਮਾਸ਼ ਦੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਖਸਤਾ ਹੋ ਰਹੀ ਹੈ, ਇਸ ਨਾਲ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇੱਕ ਸਰੱਹਦੀ ਸੂਬਾ ਹੋਣ ਕਰਕੇ, ਪੰਜਾਬ ਵਿਚ ਅਮਨ-ਕਾਨੂੰਨ ਦਾ ਤਹਿਸ ਨਹਿਸ ਹੋਣਾ ਰਾਸ਼ਟਰ-ਵਿਰੋਧੀ ਤਾਕਤਾਂ ਨੂੰ ਭੰਨ-ਤੋੜੂ ਕਾਰਵਾਈਆਂ ਕਰਨ ਦਾ ਮੌਕਾ ਦੇ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਬਰਕਰਾਰ ਰੱਖਣ ਲਈ ਤੁਰੰਤ ਹੰਗਾਮੀ ਕਦਮ ਚੁੱਕਣ ਦੀ ਲੋੜ ਹੈ, ਨਹੀਂ ਤਾਂ ਇਸ ਸੂਬੇ ਦੇ ਦੁਬਾਰਾ ਗੜਬੜ ਵਾਲੇ ਦਿਨਾਂ ਵੱਲ ਧੱਕੇ ਜਾਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ।