ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਬਾਲੀ ਦਾ ਪਾਰਟੀ ਵਿਚ ਸਵਾਗਤ ਕੀਤਾ
ਚੰਡੀਗੜ੍ਹ/20 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਆਨੰਦਪੁਰ ਸਾਹਿਬ ਹਲਕੇ ਅੰਦਰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ ਪਾਰਟੀ ਦੇ ਸਾਬਕਾ ਆਗੂ ਅਤੇ ਬੁਲਾਰੇ ਸਰਦਾਰ ਗੁਰਵਿੰਦਰ ਸਿੰਘ ਬਾਲੀ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਸਰਦਾਰ ਬਾਦਲ ਅੱਜ ਪੰਚਕੂਲਾ ਵਿਖੇ ਸਰਦਾਰ ਬਾਲੀ ਦੀ ਰਿਹਾਇਸ਼ ਉੱਤੇ ਪੁੱਜੇ ਅਤੇ ਉਹਨਾਂ ਨੂੰ ਸਮਰਥਕਾਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ ਕਰ ਲਿਆ। ਆਪਣੇ ਸਿਆਸੀ ਸਕੱਤਰ ਸਰਦਾਰ ਚਰਨਜੀਤ ਸਿੰਘ ਬਰਾੜ ਸਮੇਤ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦਿਵਾਇਆ ਕਿ ਸਰਦਾਰ ਬਾਲੀ ਨੂੰ ਅਕਾਲੀ ਦਲ ਅੰਦਰ ਢੁੱਕਵਾਂ ਮਾਣ ਅਤੇ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਨੇ ਸਰਦਾਰ ਬਾਲੀ ਨੂੰ ਅਕਾਲੀ ਦਲ ਦੀ ਮਜ਼ਬੂਤੀ ਲਈ ਡਟ ਕੇ ਕੰਮ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਰਦਾਰ ਬਾਲੀ ਨੇ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖੇ ਹਮਲੇ ਕੀਤੇ। ਉਹਨਾਂ ਕਿਹਾ ਕਿ ਜਦੋਂ ਉਹਨਾਂ ਪਾਰਟੀ ਖ਼ਿਲਾਫ ਬਗਾਵਤ ਕੀਤੀ ਤਾਂ ਮੁੱਖ ਮੰਤਰੀ ਨੂੰ ਕਾਂਗਰਸ ਭਵਨ ਆ ਕੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਦੇਂ ਕਾਂਗਰਸ ਭਵਨ ਜਾਣ ਦੀ ਵੀ ਜਰੂਰਤ ਨਹੀਂ ਸੀ ਸਮਝੀ, ਪਾਰਟੀ ਵਰਕਰਾਂ ਦੀਆਂ ਸ਼ਿਕਾਇਤਾਂ ਦੂਰ ਕਰਨਾ ਤਾਂ ਬੜੀ ਦੂਰ ਦੀ ਗੱਲ ਸੀ।
ਸਰਦਾਰ ਬਾਲੀ ਨੇ ਕਿਹਾ ਕਿ ਉਹ ਪਹਿਲਾਂ ਵੀ ਕਾਂਗਰਸੀ ਵਰਕਰਾਂ ਦੇ ਮਾਣ ਸਨਮਾਨ ਲਈ ਲੜੇ ਸਨ। ਉਹਨਾਂ ਕਿਹਾ ਕਿ ਮੈਂ ਕਾਂਗਰਸ ਦੀ ਇੱਕ ਵਰਕਰ ਵਜੋਂ ਸੇਵਾ ਕੀਤੀ ਹੈ ਅਤੇ ਮੈਨੂੰ ਇਹ ਵੇਖ ਕੇ ਬਹੁਤ ਦੁੱਖ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਕਿਸ ਤਰ੍ਹਾਂ ਕਾਂਗਰਸੀ ਵਰਕਰਾਂ ਨੂੰ ਅਣਦੇਖਿਆ ਕਰਦੇ ਸਨ।ਸਰਦਾਰ ਬਾਲੀ ਨੇ ਅਕਾਲੀ ਦਲ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਉਹ ਇੱਕ ਵਫਾਦਾਰ ਸਿਪਾਹੀ ਬਣ ਕੇ ਅਕਾਲੀ ਦਲ ਦੀ ਸੇਵਾ ਕਰਨਗੇ ਅਤੇ ਜਲਦੀ ਹੀ ਆਨੰਦਪੁਰ ਸਾਹਿਬ ਹਲਕੇ ਅੰਦਰ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਦਾ ਅਸਲੀ ਚਿਹਰਾ ਵਿਖਾਉਣਗੇ।