ਸਿੱਖਾਂ ਨੂੰ ਡਰਾਉਣ ਦੇ ਯਤਨਾਂ ਦਾ ਪੁਰਜ਼ੋਰ ਵਿਰੋਧ ਕਰਾਂਗੇ : ਸਿਰਸਾ
ਪਾਕਿ 'ਚ ਘੱਟ ਗਿਣਤੀਆਂ ਦੀ ਰਾਖੀ ਯਕੀਨੀ ਬਣਾਉਣ ਲਈ ਇਮਰਾਨ ਖਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇਜ਼ੀ ਨਾਲ ਕਦਮ ਚੁੱਕਣ ਦੀ ਅਪੀਲ
ਚੰਡੀਗੜ•, 3 ਜਨਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਮੁਹੰਮਦ ਹਸਨ ਨਾਂ ਦੇ ਵਿਅਕਤੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਸਿੱਖ ਭਾਈਚਾਰਾ ਪਾਕਿਸਤਾਨ ਵਿਚ ਸਿੱਖਾਂ ਨੂੰ ਧਮਕੀਆਂ ਦੇਣ ਦੇ ਸਾਰੇ ਯਤਨਾਂ ਦਾ ਪੁਰਜ਼ੋਰ ਵਿਰੋਧ ਕਰੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਮੁਹੰਮਦ ਹਸਨ ਜਿਸਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਅਗਵਾ ਕੀਤੀ ਸੀ, ਨੇ ਅੱਜ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲੇ ਲਈ ਭੀੜ ਦੀ ਅਗਵਾਈ ਕੀਤੀ ਤੇ ਇਸ ਭੀੜ ਨੇ ਗੇਟ ਤੋੜ ਕੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਹਮਲੇ ਤੋਂ ਪਹਿਲਾਂ ਹਸਨ ਨੇ ਇਕ ਭੀੜ ਨੂੰ ਸੰਬੋਧਨ ਕੀਤਾ ਤੇ ਐਲਾਨ ਕੀਤਾ ਕਿ ਉਹ ਇਕ ਵੀ ਸਿੱਖ ਨੂੰ ਸ੍ਰੀ ਨਨਕਾਣਾ ਸਾਹਿਬ ਵਿਚ ਨਹੀਂ ਰਹਿਣ ਦੇਵੇਗਾ ਤੇ ਇਸ ਪਵਿੱਤਰ ਸ਼ਹਿਰ ਦਾ ਨਾਂ ਬਦਲ ਕੇ ਗੁਲਾਮ ਅਲੀ ਮੁਸਤਫਾ ਕਰ ਦਿੱਤਾ ਜਾਵੇਗਾ।
ਸ੍ਰੀ ਸਿਰਸਾ ਨੇ ਕਿਹਾ ਕਿ ਇਸ ਹੈਰਾਨ ਕਰ ਦੇਣ ਵਾਲੀ ਘਟਨਾ ਤੇ ਸਿੱਖ ਭਾਈਚਾਰੇ ਨੂੰ ਧਮਕੀਆਂ ਭਾਈਚਾਰੇ ਵੱਲੋਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਜਿਸਦੇ ਮੈਂਬਰ ਦੁਨੀਆਂ ਦੇ ਕਈ ਦੇਸ਼ਾਂ ਵਿਚ ਵਸਦੇ ਹਨ। ਉਹਨਾਂ ਕਿਹਾ ਕਿ ਜਗਜੀਤ ਕੌਰ ਨੂੰ ਅਗਵਾ ਕਰਨ ਵਾਲਾ ਇਹ ਸਭ ਕੁਝ ਸਿਰਫ ਭਾਈਚਾਰੇ ਤੋਂ ਬਦਲਾ ਲੈਣ ਵਾਸਤੇ ਕਰ ਰਿਹਾ ਹੈ ਕਿਉਂਕਿ ਸਿੱਖ ਭਾਈਚਾਰੇ ਨੇ ਉਸ ਵੱਲੋਂ ਜਗਜੀਤ ਕੌਰ ਨੂੰ ਅਗਵਾ ਕਰਨ, ਧਰਮ ਪਰਿਵਰਤਨ ਕਰਨ ਤੇ ਫਿਰ ਵਿਆਹ ਕਰਵਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਉਹਨਾਂ ਕਿਹਾ ਕਿ ਭਾਈਚਾਰਾ ਹਸਨ ਵਰਗੇ ਬਦਮਾਸ਼ਾਂ ਦੇ ਇਹਨਾਂ ਯਤਨਾਂ ਪ੍ਰਤੀ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦਾ ਅਤੇ ਉਹ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਹਿਫਾਜ਼ਤ ਲਈ ਲੋੜੀਂਦਾ ਹਰ ਕਦਮ ਚੁੱਕੇਗਾ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਅਤੇ ਮੁਹੰਮਦ ਹਸਨ ਵਰਗੇ ਗੁੰਡਿਆਂ ਖਿਲਾਫ ਸਖਤ ਕਾਰਵਾਈ ਕਰਨ ਜੋ ਕਿ ਸ਼ਰ•ੇਆਮ ਦੇਸ਼ ਚਿਵ ਘੱਟ ਗਿਣਤੀਆਂ ਨੂੰ ਧਮਕੀਆਂ ਦੇ ਰਹੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਨਾ ਸਿਰਫ ਉਹਨਾਂ ਦਾ ਦੇਸ਼ ਦਾ ਅਕਸ ਦੁਨੀਆਂ ਸਾਹਮਣੇ ਖਰਾਬ ਹੋਵੇਗਾ ਬਲਕਿ ਉਹਨਾਂ ਲਈ ਜੋ ਵੀ ਕੁਝ ਵੀ ਪਾਕਿਸਤਾਨ ਵਿਚ ਹੋ ਰਿਹਾ ਹੈ, ਉਸਦਾ ਜਵਾਬ ਦੁਨੀਆਂ ਨੂੰ ਦੇਣਾ ਔਖਾ ਹੋ ਜਾਵੇਗਾ।
ਉਹਨਾਂ ਕਿਹਾ ਕਿ ਜਦੋਂ ਤੋਂ ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ ਬਣਿਆ ਹੈ, ਪਾਕਿਸਤਾਨ ਵਿਚ ਘੱਟ ਗਿਣਤੀਆਂ 'ਤੇ ਹਮਲੇ ਤੇਜ਼ ਹੋ ਗਏ ਹਨ ਅਤੇ ਰੋਜ਼ਾਨਾ ਆਧਾਰ 'ਤੇ ਨਾਬਾਲਗ ਲੜਕੀਆਂ ਅਗਵਾ ਕੀਤੀਆਂ ਜਾ ਰਹੀਆਂ ਹਨ ਜਦਕਿ ਘੱਟ ਗਿਣਤੀ ਭਾਈਚਾਰੇ ਨੂੰ ਡਰਾਉਣ ਲਈ ਹੋਰ ਹੱਥਕੰਡੇ ਵੀ ਵਰਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਕਾਰਵਾਈ ਬਹੁਤ ਮਹਿੰਗੀ ਪਵੇਗੀ ਕਿਉਂਕਿ ਦੁਨੀਆਂ ਭਰ ਵਿਚ ਵਸਦਾ ਸਿੱਖ ਭਾਈਚਾਰਾ ਇਸਦੀਆਂ ਭਾਵਨਾਵਾਂ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਪਵਿੱਤਰ ਸ਼ਹਿਰ ਦਾ ਨਾਂ ਬਦਲਣ ਦੇ ਐਨਾਨ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਹਸਨ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜਿਸਨੇ ਸਿੱਖ ਗੁਰੂ ਸਾਹਿਬਾਨਾਂ ਨਾਲ ਜੁੜੇ ਪਵਿੱਤਰ ਸ਼ਹਿਰਾਂ ਦਾ ਨਾਂ ਬਦਲਣ ਦਾ ਐਲਾਨ ਕੀਤਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਉਹ ਇਹ ਮਾਮਲਾ ਸੰਯੁਕਤ ਰਾਸ਼ਟਰ ਵਿਚ ਵੀ ਉਠਾਵੁਣਗੇ ਅਤੇ ਦੁਨੀਆਂ ਭਰ ਵਿਚ ਮੁਹਿੰਮ ਸ਼ੁਰੂ ਕਰਨਗੇ ਤਾਂ ਜੋ ਇਮਰਾਨ ਖਾਨ ਦਾ ਅਸਲ ਚੇਹਰਾ ਬੇਨਕਾਬ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਹਮੁਹਿੰਮ ਇਸ ਮੁਸਲਿਮ ਮੁਲਕ ਨੂੰ ਦੁਨੀਆਂ ਭਰ ਦੇ ਭਾਈਚਾਰੇ ਤੋਂ ਅਲੱਗ ਥਲੱਗ ਕਰ ਦੇਵੇਗੀ ਜਿਸ ਮਗਰੋਂ ਉਹ ਘੱਟ ਗਿਣਤੀਆਂ ਨੂੰ ਬਚਾਉਣ ਲਈ ਤੇਜ਼ੀ ਨਾਲ ਕਾਰਵਾਈ ਕਰਨ ਜਾਂ ਫਿਰ ਦੁਨੀਆਂ ਭਰ ਤੋਂ ਉਲਟ ਅਸਰ ਭੋਗਣ ਲਈ ਮਜ਼ਬੂਰ ਹੋਵੇਗਾ।
ਸ੍ਰੀ ਸਿਰਸਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਉਹ ਅੱਜ ਸ੍ਰੀ ਨਨਕਾਣਾ ਸਾਹਿਬ ਵਿਚ ਵਾਪਰੇ ਘਟਨਾਕ੍ਰਮ, ਜਿਸਦੀ ਵੀਡੀਓ ਵਾਇਰਲ ਹੋ ਰਹੀਹੈ, ਦਾ ਗੰਭੀਰ ਨੋਟਿਸ ਲੈਣ ਅਤੇ ਇਹ ਮਾਮਲਾ ਪਾਕਿਸਤਾਨ ਸਰਕਾਰ ਤੇ ਵਿਸ਼ਵ ਭਾਈਚਾਰੇ ਕੋਲ ਉਠਾਉਣ।