ਦੋਵੇਂ ਮੰਤਰੀਆਂ ਨੇ ਭਾਰਤ ਅਤੇ ਯੂਏਈ ਵਿਚਕਾਰ ਸਹਿਯੋਗ ਨੂੰ ਹੋਰ ਵਧਾਉਣ ਲਈ ਵੱਖ ਵੱਖ ਤਰੀਕਿਆਂ ਉੱਤੇ ਵਿਚਾਰ ਚਰਚਾ ਕੀਤੀ
ਭਾਰਤ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਮੌਕਿਆਂ ਬਾਰੇ ਇੱਕ ਕਾਰੋਬਾਰੀ ਗੋਲਮੇਜ਼ ਨੂੰ ਸੰਬੋਧਨ ਕਰਦਿਆਂ ਬੀਬਾ ਬਾਦਲ ਨੇ ਯੂਏਈ ਦੀਆਂ ਕੰਪਨੀਆਂ ਨੂੰ ਦਿੱਲੀ ਵਿਚ 21 ਤੋਂ 23 ਫਰਵਰੀ ਤਕ ਆਯੋਜਿਤ ਕੀਤੀ ਜਾ ਰਹੀ ਪਹਿਲੀ ਆਰਗੈਨਿਕ ਭੋਜਨ ਪ੍ਰਦਰਸ਼ਨੀ ਵਿਚ ਭਾਗ ਲੈਣ ਦਾ ਸੱਦਾ ਦਿੱਤਾ
ਚੰਡੀਗੜ੍ਹ/ਦੁਬਈ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਦੁਬਈ ਵਿਖੇ ਗਲਫੂਡ 2020 ਦੌਰਾਨ ਆਪਣੀ ਹਮਰੁਤਬਾ ਯੂਏਈ ਦੀ ਖੁਰਾਕ ਸੁਰੱਖਿਆ ਮੰਤਰੀ ਮਰੀਅਮ ਬਿੰਟ ਮੁਹੰਮਦ ਸਈਅਦ ਹਰੇਬ ਅਲੀ ਮੁਹੈਰੀ ਨੂੰ ਮਿਲੇ।
ਦੋਵੇਂ ਮੰਤਰੀਆਂ ਨੇ ਖੁਰਾਕ ਸੁਰੱਖਿਆ ਦੇ ਖੇਤਰ ਵਿਚ ਦੋਵੇਂ ਦੇਸ਼ਾਂ ਵਿਚਕਾਰ ਮੌਜੂਦਾ ਦੁਵੱਲੇ ਸਹਿਯੋਗ ਉੱਤੇ ਤਸੱਲੀ ਪ੍ਰਗਟ ਕੀਤੀ। ਦੱਸਣਯੋਗ ਹੈ ਕਿ ਭਾਰਤ ਯੂਏਈ ਨੂੰ ਖੁਰਾਕ ਉਤਪਾਦ ਨਿਰਯਾਤ ਕਰਨ ਵਾਲੇ ਵੱਡੇ ਦੇਸ਼ਾਂ ਵਿਚੋਂ ਇੱਕ ਹੈ। ਇਸੇ ਦੌਰਾਨ ਦੋਵੇਂ ਮੰਤਰੀਆਂ ਨੇ ਭਾਰਤ ਅਤੇ ਯੂਏਈ ਵਿਚਕਾਰ ਸਹਿਯੋਗ ਨੂੰ ਹੋਰ ਵਧਾਉਣ ਲਈ ਵੱਖ ਵੱਖ ਤਰੀਕਿਆਂ ਉੱਤੇ ਵਿਚਾਰ ਚਰਚਾ ਕੀਤੀ।
ਇਸ ਸੰਬੰਧ ਵਿਚ ਦੋਵੇਂ ਮੰਤਰੀਆਂ ਨੇ ਦੋਵੇਂ ਦੇਸ਼ਾਂ ਦੀ ਉੱਚ ਲੀਡਰਸ਼ਿਪ ਦੇ ਨਜ਼ਰੀਏ ਅਨੁਸਾਰ ਭਾਰਤ ਵਿਚ ਖੁਰਾਕ ਸੈਕਟਰ ਅੰਦਰ ਯੂਏਈ ਦੇ ਨਿਵੇਸ਼ ਬਾਰੇ ਚਰਚਾ ਕੀਤੀ।ਦੋਵੇਂ ਮੰਤਰੀਆਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੋਵੇਂ ਧਿਰਾਂ ਖਾਰੇ ਪਾਣੀ ਨਾਲ ਖੇਤੀਬਾੜੀ ਵਰਗੇ ਨਵੇਂ ਖੇਤਰਾਂ ਵਿਚ ਇੱਕ ਦੂਜੇ ਨਾਲ ਸੂਚਨਾ ਸਾਂਝੀ ਕਰ ਸਕਦੀਆਂ ਹਨ।
ਬੀਬਾ ਬਾਦਲ ਨੇ ਦੱਸਿਆ ਕਿ ਭਾਰਤ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਨਿਵੇਸ਼ ਦੀਆਂ ਸ਼ਾਨਦਾਰ ਸੰਭਾਵਨਾਵਾਂ ਹਨ। ਯੂਏਈ ਨੇ ਭਾਰਤ ਅੰਦਰ ਫੂਡ ਪ੍ਰੋਸੈਸਿੰਗ ਦੇ ਕੋਲਡ ਚੇਨਜ਼, ਫੂਡ ਪਾਰਕਾਂ, ਠੇਕੇ ਉੱਤੇ ਖੇਤੀ ਅਤੇ ਯੋਜਨਾਬੰਦੀ ਦੇ ਖੇਤਰ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਹਾਂ-ਪੱਖੀ ਹੁੰਗਾਰਾ ਦਿੱਤਾ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਬੀਬਾ ਬਾਦਲ ਨੇ ਭਾਰਤ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਮੌਕਿਆਂ ਬਾਰੇ ਜਾਣਕਾਰੀ ਦੇਣ ਲਈ ਇੱਕ ਕਾਰੋਬਾਰੀ ਗੋਲਮੇਜ਼ ਨੂੰ ਸੰਬੋਧਨ ਕੀਤਾ। ਤਕਰੀਬਨ 50 ਤੋਂ ਵੱਧ ਬਿਜ਼ਨਸ ਘਰਾਣਿਆਂ, ਵਪਾਰੀਆਂ ਅਤੇ ਨਿਵੇਸ਼ਕਾਂ ਨੇ ਇਸ ਗੋਲਮੇਜ਼ ਵਿਚ ਭਾਗ ਲਿਆ। ਕੇਂਦਰੀ ਮੰਤਰੀ ਨੇ ਭਾਰਤ ਸਰਕਾਰ ਵੱਲੋਂ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਕਾਰੋਬਾਰ ਦੀ ਸੌਖ ਲਈ ਅਤੇ ਨਿਵੇਸ਼ਕ ਪੱਖੀ ਨੀਤੀਆਂ ਬਣਾਉਣ ਲਈ ਪਿਛਲੇ ਕੁੱਝ ਸਾਲਾਂ ਤੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਪਾਰਕ ਘਰਾਣਿਆਂ ਨੂੰ ਫੂਡ ਪਾਰਕਾਂ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਜਿਸ ਵਾਸਤੇ ਭਾਰਤ ਸਰਕਾਰ 50 ਕਰੋੜ ਰੁਪਏ ਤਕ ਦੀ ਸਹਾਇਤਾ ਦਿੰਦੀ ਹੈ। ਉਹਨਾਂ ਨੇ ਟਮਾਟਰ, ਪਿਆਜ਼ ਅਤੇ ਆਲੂ ਦੇ ਸਾਂਝੇ ਉਤਪਾਦਨ ਲਈ ਭਾਰਤ ਸਰਕਾਰ ਦੀ ਆਪਰੇਸ਼ਨ ਗਰੀਨ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਭਾਰਤ ਇਸ ਦੇ ਉੱਤਰ ਪੂਰਬੀ ਸੂਬਿਆਂ ਕਰਕੇ ਆਰਗੈਨਿਕ ਭੋਜਨ ਵਿਚ ਇੱਕ ਵੱਡਾ ਖਿਡਾਰੀ ਬਣ ਸਕਦਾ ਹੈ। ਉਹਨਾਂ ਯੂਏਈ ਦੀਆਂ ਕੰਪਨੀਆਂ ਨੂੰ ਦਿੱਲੀ ਵਿਚ 21 ਤੋਂ 23 ਫਰਵਰੀ ਤਕ ਆਯੋਜਿਤ ਕੀਤੀ ਜਾ ਰਹੀ ਪਹਿਲੀ ਆਰਗੈਨਿਕ ਭੋਜਨ ਪ੍ਰਦਰਸ਼ਨੀ ਵਿਚ ਭਾਗ ਲੈਣ ਦਾ ਸੱਦਾ ਦਿੱਤਾ।
ਗੋਲਮੇਜ਼ ਵਿਚ ਭਾਗ ਲੈਣ ਵਾਲੇ ਕਾਰੋਬਾਰੀਆਂ ਨੇ ਭਾਰਤ ਸਰਕਾਰ ਵੱਲੋਂ ਵਪਾਰ ਅਤੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਚੁੱਕੇ ਗਏ ਵੱਖ ਵੱਖ ਕਦਮਾਂ ਦੀ ਸ਼ਲਾਘਾ ਕੀਤੀ। ਇਸ ਵਿਚਾਰ ਚਰਚਾ ਦੌਰਾਨ ਕੁੱਝ ਅਹਿਮ ਸੁਝਾਅ ਵੀ ਸਾਹਮਣੇ ਆਏ ਜਿਹਨਾਂ ਵਿਚ ਨਿਵੇਸ਼ਾਂ ਲਈ ਸਿੰਗਲ ਵਿੰਡੋਂ ਮਨਜ਼ੂਰੀਆਂ, ਭਾਰਤ ਤੋਂ ਨਿਰਯਾਤ ਹੋਣ ਵਾਲੇ ਖਾਦ ਉਤਪਾਦਾਂ ਲਈ ਉੱਚ ਪੱਧਰ ਦੇ ਪ੍ਰਮਾਣ-ਪੱਤਰ ਦੇਣਾ, ਭਾਰਤ ਦੇ ਆਰਗੈਨਿਕ ਉਤਪਾਦਾਂ ਨੂੰ ਮਾਨਤਾ ਦੇਣਾ, ਨਵੇਂ ਬਜ਼ਾਰਾਂ ਦੀ ਤਲਾਸ਼ ਲਈ ਐਸਐਮਈਜ਼ ਦੀ ਮੱਦਦ ਕਰਨਾ ਅਤੇ ਭਾਰਤੀ ਉਤਪਾਦਾਂ ਦੀ ਮਾਰਕੀਟਿੰਗ ਕਰਨਾ ਸ਼ਾਮਿਲ ਹਨ। ਇਹ ਸਮਾਗਮ ਦੁਬਈ ਵਿਚ ਭਾਰਤੀ ਕੌਂਸਲੇਟ ਦੁਆਰਾ ਪੀਆਈਓਸੀਸੀਆਈ, ਯੂਏਈ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਬੀਬਾ ਬਾਦਲ ਨੇ ਖੁਰਾਕ ਉਤਪਾਦਾਂ ਦੀ ਟਰੇਡਿੰਗ ਅਤੇ ਨਿਵੇਸ਼ ਨਾਲ ਜੁੜੀਆਂ ਵੱਖ ਵੱਖ ਕੰਪਨੀਆਂ ਨਾਲ ਇਕੱਲੇ ਇਕੱਲੇ ਤੌਰ ਤੇ ਮੀਟਿੰਗਾਂ ਕੀਤੀਆਂ। ਇਹਨਾਂ ਵਿਚ ਫੀਨਿਕਸ ਗਰੁੱਪ, ਹਲਕਾਨ ਐਗਰੋ ਐਂਡ ਇੰਡੋ-ਅਰਬ ਸਪਾਈਸਜ਼ ਸ਼ਾਮਿਲ ਸਨ। ਇਸ ਤੋਂ ਪਹਿਲਾਂ ਉਹਨਾਂ ਨੇ ਲੁਲੁ ਗਰੁੱਪ, ਇਫਕੋ, ਅਲ ਮਾਇਆ, ਈਮਾਰ, ਸ਼ਰਾਫ ਗਰੁੱਪ ਅਤੇ ਅਲ ਘੁਰੈਰ ਗਰੁੱਪ ਨਾਲ ਮੀਟਿੰਗਾਂ ਕੀਤੀਆਂ ਸਨ। ਇਸ ਤੋਂ ਪਹਿਲਾਂ 16 ਫਰਵਰੀ ਨੂੰ ਉਹਨਾਂ ਨੇ ਗਲਫੂਡ 2020 ਵਿਖੇ ਏਪੀਈਡੀਏ ਦੇ ਸਹਿਯੋਗ ਨਾਲ ਇੰਡੀਆ ਪੈਵੀਲੀਅਨ ਦਾ ਉਦਘਾਟਨ ਕੀਤਾ ਸੀ। ਇਸ ਗਲਫੂਡ ਵਿਚ ਭਾਰਤ ਦੀਆਂ ਤਕਰੀਬਨ 300 ਕੰਪਨੀਆਂ ਭਾਗ ਲੈ ਰਹੀਆਂ ਹਨ। ਭਾਰਤ ਯੂਏਈ ਨੂੰ ਤਕਰੀਬਨ 1.8 ਬਿਲੀਅਨ ਡਾਲਰ ਦਾ ਖੁਰਾਕ ਨਿਰਯਾਤ ਕਰਦਾ ਹੈ।