ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੀਏਆਈਸੀ ਨੂੰ ਪਾਰਕ ਚਾਲੂ ਕਰਨ ਦਾ ਨਿਰਦੇਸ਼ ਦੇਣ ਅਤੇ ਇਸ ਦੇ ਉਦਘਾਟਨ ਵਿਚ ਹੋਈ ਦੇਰੀ ਦੀ ਜਾਂਚ ਕਰਵਾਉਣ
ਚੰਡੀਗੜ੍ਹ/24 ਜਨਵਰੀ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਕੱਲ੍ਹ ਨੂੰ ਲੁਧਿਆਣਾ ਦੇ ਆਧੁਨਿਕ ਬੁੱਚੜਖਾਨੇ ਦਾ ਉਦਘਾਟਨ ਕਰ ਰਹੀ ਹੈ, ਜਿਸ ਵਾਸਤੇ ਉਹਨਾਂ ਦੇ ਮੰਤਰਾਲੇ ਵੱਲੋਂ 7.93 ਕਰੋੜ ਰੁਪਏ ਦੀ ਗਰਾਂਟ ਦਿੱਤੀ ਗਈ ਹੈ, ਪਰ ਸਰਕਾਰ ਅਜੇ ਵੀ ਫੂਡ ਪ੍ਰੋਸੈਸਿੰਗ ਮੰਤਰਾਲੇ ਸਦਕਾ ਹੋਂਦ ਵਿੱਚ ਆਏ ਲਾਡੋਵਾਲ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਨ ਤੋਂ ਪੈਰ ਖਿੱਚ ਰਹੀ ਹੈ, ਜੋ ਕਿ ਸਹੀ ਨਹੀਂ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਲੁਧਿਆਣਾ ਦੇ ਆਧੁਨਿਕ ਬੁੱਚੜਖਾਨੇ ਨੂੰ ਬਣਾਉਣ ਉੱਤੇ 19.50 ਕਰੋੜ ਰੁਪਏ ਦਾ ਖਰਚਾ ਆਇਆ ਹੈ, ਜਿਸ ਵਿੱਚੋਂ 7.93 ਕਰੋੜ ਰੁਪਏ ਦੀ ਗਰਾਂਟ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਇਸ ਪ੍ਰਾਜੈਕਟ ਦਾ ਉਦਘਾਟਨ ਪ੍ਰੋਸੈਸਿੰਗ ਇੰਡਸਟਰੀ ਅਤੇ ਖਪਤਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰੇਗਾ। ਇਸ ਦੇ ਨਾਲ ਹੀ ਲਾਡੋਵਾਲ ਮੈਗਾ ਫੂਡ ਪਾਰਕ ਦੇ ਉਦਘਾਟਨ ਵਿਚ ਹੋ ਰਹੀ ਬੇਲੋੜੀ ਦੇਰੀ ਪੰਜਾਬ ਅੰਦਰ ਫੂਡ ਪ੍ਰੋਸੈਸਿੰਗ ਇੰਡਸਟਰੀ, ਅਗਾਂਗਵਧੂ ਕਿਸਾਨਾਂ ਅਤੇ ਉਹਨਾਂ ਨੌਜਵਾਨਾਂ ਦਾ ਨੁਕਸਾਨ ਕਰ ਰਹੀ ਹੈ, ਜਿਹਨਾਂ ਨੂੰ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਨੌਕਰੀਆਂ ਮਿਲਣੀਆਂ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀਏਆਈਸੀ) ਨੂੰ ਤੁਰੰਤ ਇਸ ਫੂਡ ਪਾਰਕ ਨੂੰ ਚਾਲੂ ਕਰਨ ਦਾ ਨਿਰਦੇਸ਼ ਦੇਣ ਲਈ ਆਖਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਉਦਘਾਟਨ ਇੰਨਾ ਕਿਉਂ ਲਟਕਾਇਆ ਗਿਆ ਹੈ, ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੇ ਫੂਡ ਪਾਰਕ ਦੇ ਨਿਰਮਾਣ ਕਾਰਜਾਂ ਦੀ ਲਗਾਤਾਰ ਨਿਗਰਾਨੀ ਕੀਤੀ ਸੀ, ਜਿਸ ਵਾਸਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਪੀਏਆਈਸੀ ਨੂੰ 50 ਕਰੋੜ ਰੁਪਏ ਦੀ ਗਰਾਂਟ ਦਿੱਤੀ ਸੀ। ਉਹਨਾਂ ਕਿਹਾ ਕਿ ਇਹ ਪਾਰਕ ਨੂੰ ਨਵੰਬਰ 2015 ਵਿਚ ਪ੍ਰਵਾਨਗੀ ਮਿਲੀ ਸੀ ਅਤੇ ਇਸ ਨੇ ਮਈ 2018 ਤਕ ਮੁਕੰਮਲ ਹੋਣਾ ਸੀ। ਉਹਨਾਂ ਕਿਹਾ ਕਿ ਪੀਏਆਈਸੀ ਵੱਲੋਂ ਨਿਰਧਾਰਿਤ ਸਮਾਂ ਸੀਮਾ ਦੀ ਪਾਲਣਾ ਨਾ ਕਰਨ ਕਰਕੇ ਇਹ ਦੇਰੀ ਹੋਈ ਹੈ। ਇੱਥੇ ਬਹੁਤ ਸਾਰੀਆਂ ਸਹੂਲਤਾਂ ਮੁਕੰਮਲ ਹੋ ਚੁੱਕੀਆਂ ਹਨ , ਪਰੰਤੂ ਇਸ ਦੇ ਉਦਘਾਟਨ ਵਿਚ ਦੇਰੀ ਹੋਣ ਕਰਕੇ ਇੰਡਸਟਰੀ ਇਹਨਾਂ ਸਹੂਲਤਾਂ ਦਾ ਇਸਤੇਮਾਲ ਨਹੀਂ ਕਰ ਪਾ ਰਹੀ ਹੈ।