ਕਿਹਾ ਕਿ ਆਪ ਖਤਮ ਹੋ ਰਹੀ ਹੈ, ਇਸ ਦੇ ਆਗੂ ਕਾਂਗਰਸ 'ਚ ਅਤੇ ਵਰਕਰ ਅਕਾਲੀ ਦਲ 'ਚ ਜਾ ਰਹੇ ਹਨ
ਬਠਿੰਡਾ/05 ਮਈ:ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਡੈਮੋਕਰੇਟਿਕ ਅਲਾਇੰਸ (ਪੀਡੀਏ) ਦਾ ਮੋਢੀ ਸੁਖਪਾਲ ਸਿੰਘ ਖਹਿਰਾ ਖੁਦ ਆਪਣੇ ਹੱਥੀਂ ਆਮ ਆਦਮੀ ਪਾਰਟੀ ਦਾ ਬੇੜਾ ਕਰਕੇ ਹੁਣ ਅਕਾਲੀਆਂ ਸਿਰ ਦੋਸ਼ ਮੜ੍ਹ ਰਿਹਾ ਹੈ ਕਿ ਉਹ ਆਪ ਨੂੰ ਤੀਲਾ-ਤੀਲਾ ਕਰਕੇ ਕਾਂਗਰਸ ਦੀ ਮੱਦਦ ਕਰ ਰਹੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਅਤੇ ਇਸ ਬਾਕੀ ਧੜੇ ਆਪਣੇ ਹੀ ਬੋਝ ਨਾਲ ਤੀਲਾ ਤੀਲਾ ਹੋ ਰਹੇ ਹਨ। ਉਹਨਾਂ ਕਿਹਾ ਕਿ ਆਪ ਦੇ ਆਗੂ ਪਾਰਟੀ ਛੱਡ ਕੇ ਕਾਂਗਰਸ ਵੱਲ ਭੱਜ ਰਹੇ ਹਨ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਇਸ ਪਾਰਟੀ ਦੀ ਮੱਦਦ ਕਰਦੀ ਆ ਰਹੀ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਹਾਲ ਹੀ ਵਿਚ ਆਪ ਵਿਧਾਇਕਾਂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਕਾਂਗਰਸ ਅਤੇ ਆਪ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਹਨਾਂ ਕਿਹਾ ਕਿ ਆਪ ਜਲਦੀ ਹੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਨਾਜ਼ਰ ਸਿੰਘ ਅਤੇ ਅਮਰਜੀਤ ਸਿੰਘ ਵਰਗੇ ਵਿਧਾਇਕਾਂ ਨੇ ਚੋਣਾਂ ਮੌਕੇ ਕਾਂਗਰਸ ਦਾ ਹੱਥ ਫੜ ਲਿਆ ਹੈ ਜਦਕਿ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਵਰਗੇ ਆਗੂ ਚੋਣਾਂ ਤੋਂ ਬਾਅਦ ਕਾਂਗਰਸ ਦੀ ਗੋਦੀ ਵਿਚ ਜਾ ਬੈਠਣਗੇ।
ਅਕਾਲੀ ਆਗੂ ਨੇ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਆਪ ਦੇ ਆਗੂ ਤਾਂ ਪਾਰਟੀ ਛੱਡ ਕੇ ਕਾਂਗਰਸ ਵੱਲ ਜਾ ਰਹੇ ਹਨ ਜਦਕਿ ਇਸ ਪਾਰਟੀ ਦੇ ਵਰਕਰ ਅਕਾਲੀ ਦਲ ਵੱਲ ਆ ਰਹੇ ਹਨ। ਉਹਨਾਂ ਕਿਹਾ ਕਿ ਆਪ ਦੇ ਵਰਕਰਾਂ ਦਾ ਪਾਰਟੀ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਉਹ ਖੁਦ ਨੂੰ ਠੱਗੇ ਮਹਿਸੂਸ ਕਰਦੇ ਹਨ। ਉਹਨਾਂ ਕਿਹਾ ਮਾਲਵਾ ਖੇਤਰ ਵਿਚ ਆਪ ਵਰਕਰ ਵੱਡੀ ਗਿਣਤੀ ਵਿਚ ਚੁੱਪ ਚੁਪੀਤੇ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ।
ਖਹਿਰਾ ਵੱਲੋਂ ਆਪ ਅੰਦਰ ਹੋ ਰਹੀ ਟੁੱਟ ਭੱਜ ਵਾਸਤੇ ਅਕਾਲੀਆਂ ਸਿਰ ਦੋਸ਼ ਮੜ੍ਹਣ ਦੀ ਸਖ਼ਤ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਖਹਿਰਾ ਨੇ ਆਪਣੇ ਸੌੜੇ ਸਿਆਸੀ ਹਿੱਤਾ ਵਾਸਤੇ ਖੁਦ ਆਪ ਲੀਡਰਸ਼ਿਪ ਦੇ ਵਿਰੁੱਧ ਬਗਾਵਤ ਕੀਤੀ ਸੀ ਅਤੇ ਹੁਣ ਉਹ ਅਕਾਲੀਆਂ ਉੱਤੇ ਦੋਸ਼ ਮੜ੍ਹ ਰਿਹਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਖਹਿਰਾ 20 ਸਾਲ ਤਕ ਕਾਂਗਰਸ ਵਿਚ ਰਿਹਾ ਸੀ ਜਦਕਿ ਉਸ ਦਾ ਪਿਤਾ ਸੁਖਜਿੰਦਰ ਸਿੰਘ ਸਾਰੀ ਉਮਰ ਅਕਾਲੀ ਰਿਹਾ ਸੀ। ਹੁਣ ਖਹਿਰਾ ਇਹਨਾਂ ਦੋਵੇਂ ਪਾਰਟੀਆਂ ਬਾਰੇ ਮੰਦਾ ਬੋਲਣ ਤੋਂ ਗੁਰੇਜ਼ ਨਹੀਂ ਕਰਦਾ ਹੈ। ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਖਹਿਰਾ ਮੁੜ ਕਾਂਗਰਸ ਪਾਰਟੀ ਵਿਚ ਚਲਿਆ ਜਾਵੇਗਾ। ਹੁਣ ਵੀ ਉਹ ਕਾਂਗਰਸ ਦੇ ਕਹਿਣ ਉੱਤੇ ਹੀ ਇਹ ਸਭ ਡਰਾਮੇਬਾਜ਼ੀ ਕਰ ਰਿਹਾ ਹੈ।