ਕਿਹਾ ਕਿ ਖਹਿਰਾ ਅਮਰਿੰਦਰ ਦੇ ਹੱਥਾਂ ਦੀ ਕਠਪੁਤਲੀ ਹੈ
ਬਠਿੰਡਾ/27 ਅਪ੍ਰੈਲ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਏਕਤਾ ਪਾਰਟੀ (ਪੀਈਪੀ) ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਕਾਂਗਰਸੀ ਏਜੰਟ ਕਰਾਰ ਦਿੰਦਿਆਂ ਕਿਹਾ ਕਿ ਉਸ ਦਾ ਇੱਕੋ-ਇੱਕ ਮਕਸਦ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਮੱਦਦ ਕਰਨਾ ਹੈ।
ਇੱਥੇ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿਚ ਸਰਦਾਰ ਮਜੀਠੀਆ ਨੇ ਖਹਿਰਾ ਨੂੰ ਵਿਧਾਨ ਸਭਾ ਹਲਕਾ ਭੁਲੱਥ ਤੋਂ ਦਿੱਤੇ ਅਸਤੀਫੇ ਲਈ ਸਖ਼ਤ ਝਾੜ ਪਾਉਂਦਿਆਂ ਕਿਹਾ ਕਿ ਉਸ ਨੇ ਲੋਕ ਸਭਾ ਚੋਣਾਂ ਵਾਸਤੇ ਆਪਣੇ ਨਾਮਜ਼ਦਗੀ ਕਾਗਜ਼ਾਂ ਨੂੰ ਰੱਦ ਹੋਣ ਤੋਂ ਬਚਾਉਣ ਲਈ ਮਜ਼ਬੂਰੀ ਵਿਚ ਅਸਤੀਫ਼ਾ ਦਿੱਤਾ ਹੈ। ਉਹਨਾਂ ਕਿਹਾ ਕਿ ਖਹਿਰਾ ਹੁਣ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੱਦਦ ਕਰਨ ਲਈ ਬਠਿੰਡਾ ਦੇ ਚੋਣ ਮੁਕਾਬਲੇ ਵਿਚ ਬਾਹਰ ਹੋਣ ਦੀ ਰੌਂਅ ਵਿਚ ਜਾਪਦਾ ਹੈ। ਇਸ ਤਰ੍ਹਾਂ ਉਹ ਇੱਕ ਕਠਪੁਤਲੀ ਬਣ ਕੇ ਰਹਿ ਗਿਆ ਹੈ, ਜਿਸ ਦਾ ਕੰਮ ਕੈਪਟਨ ਅਮਰਿੰਦਰ ਸਿੰਘ ਦੀਆਂ ਉਂਗਲਾਂ ਉੱਤੇ ਨੱਚਣਾ ਹੈ। ਉਹਨਾਂ ਕਿਹਾ ਕਿ ਆਪਣੇ ਸਮੁੱਚੇ ਸਿਆਸੀ ਕਰੀਅਰ ਵਿਚ ਖਹਿਰਾ ਨੇ ਚਾਰ ਚੋਣਾਂ ਕਾਂਗਰਸੀ ਉਮੀਦਵਾਰ ਬਣ ਕੇ ਲੜੀਆਂ ਹਨ ਅਤੇ ਵਿਰੋਧੀ ਧਿਰ ਦੇ ਆਗੂ ਵਜੋਂ ਵੀ ਉਹ ਆਪ ਵਿਧਾਇਕ ਨਾਲੋਂ ਵੱਧ ਇੱਕ ਕਾਂਗਰਸੀ ਬੁਲਾਰਾ ਬਣ ਕੇ ਹੀ ਵਿਚਰਦਾ ਸੀ।
ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਨੇ ਵਿਧਾਨ ਸਭਾ ਵਿਚ ਸਪੀਕਰ ਨੂੰ ਸੁਆਲ ਕੀਤਾ ਸੀ ਕਿ ਆਪਣੀ ਮੁੱਢਲੀ ਪਾਰਟੀ ਛੱਡਣ ਵਾਲੇ ਖਹਿਰਾ ਖ਼ਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ? ਸਪੀਕਰ ਨੇ ਇਹ ਕਿਹਾ ਸੀ ਕਿ ਇਸ ਸੰਬੰਧੀ ਅੱਠ ਮਹੀਨਿਆਂ ਤੋਂ ਖਹਿਰਾ ਨੂੰ ਨੋਟਿਸ ਦਿੱਤਾ ਹੋਇਆ ਹੈ। ਮਜੀਠੀਆ ਨੇ ਕਿਹਾ ਕਿ ਸੰਵਿਧਾਨ ਦੀ 10ਵੀਂ ਸੂਚੀ ਅਨੁਸਾਰ ਖਹਿਰਾ ਨੂੰ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਸੀ। ਪਰੰਤੂ ਕਾਂਗਰਸ ਦੁਆਰਾ ਜਾਣਬੁੱਝ ਕੇ ਉਸ ਦਾ ਬਚਾਅ ਕੀਤਾ ਗਿਆ ਅਤੇ ਟਾਲ ਮਟੋਲ ਕਰਕੇ ਕੰਮ ਚਲਾਇਆ ਗਿਆ। ਇਸ ਨਾਲ ਸਰਕਾਰੀ ਖ਼ਜ਼ਾਨੇ ਉੱਤੇ ਵੀ ਬੋਝ ਪੈ ਰਿਹਾ ਸੀ, ਕਿਉਂਕਿ ਖਹਿਰਾ ਵਿਧਾਇਕ ਦੀ ਤਨਖਾਹ ਅਤੇ ਹੋਰ ਸਾਰੇ ਭੱਤੇ ਲੈ ਰਿਹਾ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਖਹਿਰਾ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ ਸੀ, ਇਸ ਲਈ ਵਿਧਾਨ ਸਭਾ ਸੀਟ ਤੋਂ ਅਸਤੀਫਾ ਦਿੱਤੇ ਬਿਨਾਂ ਉਹ ਆਪਣੀ ਨਵੀਂ ਖੜ੍ਹੀ ਕੀਤੀ ਪਾਰਟੀ ਪੀਈਪੀ ਦੇ ਉਮੀਦਵਾਰ ਵਜੋਂ ਲੋਕ ਸਭਾ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਸੀ ਕਰ ਸਕਦਾ। ਉਹਨਾਂ ਕਿਹਾ ਕਿ ਖਹਿਰਾ ਇਸ ਤਕਨੀਕੀ ਉਲਝਣ ਬਾਰੇ ਪਹਿਲਾਂ ਹੀ ਜਾਣਦਾ ਸੀ, ਪਰ ਜਾਣਬੁੱਝ ਕੇ ਉਸ ਨੇ ਆਪਣਾ ਅਸਤੀਫਾ ਮੁਲਤਵੀ ਕੀਤਾ ਸੀ। ਜਦੋਂ ਉਸ ਦੀ ਮੋਢੀ ਪਾਰਟੀ ਆਪ ਨੇ ਇਹ ਮੰਗ ਕੀਤੀ ਤਾਂ ਵੀ ਖਹਿਰਾ ਨੇ ਇਸ ਨੂੰ ਟਾਲ ਦਿੱਤਾ ਸੀ। ਉਹਨਾਂ ਕਿਹਾ ਕਿ ਇਹਨਾਂ ਤਕਨੀਕੀ ਆਧਾਰਾਂ ਉੱਤੇ ਖਹਿਰਾ ਦੇ ਲੋਕ ਸਭਾ ਲਈ ਨਾਮਜ਼ਦਗੀ ਕਾਗਜ਼ ਰੱਦ ਹੋਣ ਦੀ ਸੰਭਾਵਨਾ ਸੀ। ਉਸ ਨੇ ਇਸ ਦਾ ਦੋਸ਼ ਅਕਾਲੀਆਂ ਉਤੇ ਲਾਉਣਾ ਸੀ, ਕਿਉਂਕਿ ਉਹ ਇਸ ਸਭ ਅਮਰਿੰਦਰ ਸਿੰਘ ਦੇ ਇਸ਼ਾਰੇ ਉੱਤੇ ਕਰ ਰਿਹਾ ਹੈ। ਇਸ ਤੋਂ ਇਲਾਵਾ ਖਹਿਰਾ ਨੂੰ ਇਹ ਵੀ ਅਹਿਸਾਸ ਹੋ ਚੁੱਕਿਆ ਹੈ ਕਿ ਉਸ ਦੀ ਜ਼ਮਾਨਤ ਜ਼ਬਤ ਹੋਵੇਗੀ ਅਤੇ ਭਰੋਸੇਯੋਗਤਾ ਨੂੰ ਸੱਟ ਲੱਗੇਗੀ, ਜਿਸ ਕਰਕੇ ਉਹ ਚੋਣ ਪਿੜ ਵਿਚੋਂ ਹਟਣ ਬਾਰੇ ਸੋਚ ਰਿਹਾ ਹੈ।
ਅਕਾਲੀ ਆਗੂ ਨੇ ਖਹਿਰਾ ਦੀ ਗਿਰਗਿਟ ਵਾਂਗ ਰੰਗ ਬਦਲਣ ਅਤੇ ਕਾਂਗਰਸ ਦੇ ਇਸ਼ਾਰੇ ਉੱਤੇ ਵਾਰ ਵਾਰ ਪਾਰਟੀਆਂ ਬਦਲਣ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਖਹਿਰਾ ਨੇ ਕਾਂਗਰਸ ਪਾਰਟੀ ਨਾਲ ਅੰਦਰਖਾਤੇ ਸੌਦਾ ਮਾਰ ਰੱਖਿਆ ਹੈ।
ਉਹਨਾਂ ਕਿਹਾ ਕਿ ਖਹਿਰਾ ਪੰਜਾਬ ਡੈਮੋਕਟਰੇਟਿਕ ਗਠਜੋੜ ਦੇ ਝੰਡੇ ਥੱਲੇ ਇਕੱਠੀਆਂ ਹੋਈ ਪਾਰਟੀਆਂ ਦਾ ਆਪੂੰ ਬਣਿਆ ਆਗੂ ਹੈ, ਜਿਸ ਨੂੰ 'ਪੰਜਾਬ ਦੀ ਮਹਾਂਮਿਲਾਵਟ' ਦਾ ਨਾਂ ਦਿੱਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਉੱਪਰੋਂ ਪੀਡੀਏ ਵੱਲੋਂ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਚੁਣੌਤੀ ਦੇਣ ਦਾ ਢਕਵੰਜ ਕੀਤਾ ਜਾ ਰਿਹਾ ਹੈ, ਜਦਕਿ ਅਸਲੀਅਤ ਇਹ ਹੈ ਕਿ ਕਾਂਗਰਸ-ਵਿਰੋਧੀ ਵੋਟਾਂ ਨੂੰ ਵੰਡ ਕੇ ਉਹ ਕਾਂਗਰਸ ਦੀ ਮੱਦਦ ਕਰ ਰਹੇ ਹਨ।
ਉਹਨਾਂ ਕਿਹਾ ਕਿ ਪੀਈਪੀ, ਲੋਕ ਇਨਸਾਫ ਪਾਰਟੀ ਅਤੇ ਸੀਪੀਆਈ ਦਾ ਹਮੇਸ਼ਾਂ ਹੀ ਕਾਂਗਰਸ ਨਾਲ ਗਠਜੋੜ ਰਿਹਾ ਹੈ। ਪੀਡੀਏ ਦਾ ਅੰਗ ਬਣੀ ਰੈਵਿਯੂਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ (ਆਰਐਮਪੀ)ਵੀ ਕਾਂਗਰਸ ਦੀ ਹੀ ਸਿਰਜਣਾ ਹੈ।
ਇਸ ਦੌਰਾਨ ਅੱਜ ਮਨਪ੍ਰੀਤ ਸਿੰਘ ਬਾਦਲ ਦੇ ਪ੍ਰਾਈਵੇਟ ਮੀਡੀਆ ਸਲਾਹਕਾਰ ਚਮਕੌਰ ਸਿੰਘ ਮਾਨ ਅਤੇ ਨਗਰ ਕੌਂਸਲ ਬਠਿੰਡਾ ਦੇ ਸਾਬਕਾ ਚੇਅਰਮੈਨ ਭੁਪਿੰਦਰ ਭੁੱਲਰ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਸਰਦਾਰ ਮਜੀਠੀਆ ਨੇ ਉਪਰੋਕਤ ਦੋਵੇਂ ਆਗੂਆਂ ਦਾ ਪਾਰਟੀ ਨਿੱਘਾ ਸਵਾਗਤ ਕੀਤਾ।