ਸੰਵਿਧਾਨ ਅਨੁਸਾਰ ਆਪਣੀ ਪਾਰਟੀ ਦੀ ਮੈਂਬਰਸ਼ਿਪ ਛੱਡਣ ਮਗਰੋ ਵਿਧਾਨ ਸਭਾ ਮੈਂਬਰ ਅਯੋਗ ਠਹਿਰਾਏ ਜਾਣ ਦਾ ਹੱਕਦਾਰ ਹੁੰਦਾ ਹੈ
ਚੰਡੀਗੜ•/16 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਟੁੱਟਿਆ ਵਿਧਾਇਕਾਂ ਦਾ ਗਰੁੱਥਪ 'ਆਪ ਵਿਧਾਇਕਾਂ' ਵਜੋਂ ਸਾਰੀਆਂ ਸਹੂਲਤਾਂ ਮਾਣ ਕੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ। ਪਾਰਟੀ ਨੇ ਕਿਹਾ ਕਿ ਆਪ ਤੋਂ ਅਸਤੀਫਾ ਦੇ ਚੁੱਕੇ ਸੁਖਪਾਲ ਖਹਿਰਾ ਅਤੇ ਬਲਦੇਵ ਸਿੰਘ ਨੂੰ ਤੁਰੰਤ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਵਜੋਂ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੰਵਿਧਾਨ ਦੀ 10ਵੀਂ ਸੂਚੀ ਮੁਤਾਬਿਕ ਕੋਈ ਵੀ ਵਿਧਾਨ ਸਭਾ ਮੈਂਬਰ, ਜੋ ਆਪਣੀ ਇੱਛਾ ਨਾਲ ਉਸ ਪਾਰਟੀ ਦੀ ਮੈਂਬਰਸ਼ਿਪ ਤਿਆਗ ਦਿੰਦਾ ਹੈ, ਜਿਸ ਦੀ ਉੁਹ ਨੁੰਮਾਇਦਗੀ ਕਰਦਾ ਹੈ ਤਾਂ ਉਸ ਨੂੰ ਵਿਧਾਨ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ 10ਵੀਂ ਸੂਚੀ ਦੇ ਆਰਟੀਕਲ 102 (2) ਅਤੇ 191 (2) ਮੁਤਾਬਿਕ ਇੱਕ ਵਿਧਾਨ ਸਭਾ ਮੈਂਬਰ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਨੂੰ ਛੱਡਣਾ ਦਲਬਦਲੀ ਦੇ ਸਮਾਨ ਹੁੰਦਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਸੰਵਿਧਾਨ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲਾਂ ਅਸਤੀਫਾ ਦੇ ਚੁੱਕੇ ਖਹਿਰਾ ਅਤੇ ਅੱਜ ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਤਿਆਗ-ਪੱਤਰ ਦੇਣ ਦਾ ਐਲਾਨ ਕਰਨ ਵਾਲੇ ਬਲਦੇਵ ਸਿੰਘ ਦੋਵਾਂ ਨੂੰ ਹੀ ਤੁਰੰਤ ਅਯੋਗ ਕਰਾਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਦੋਵੇਂ ਵਿਧਾਇਕ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਅਤੇ ਦੋਗਲੀ ਬੋਲੀ ਬੋਲ ਰਹੇ ਹਨ। ਉਹਨਾਂ ਕਿਹਾ ਕਿ ਦੋਵੇਂ ਵਿਧਾਇਕ ਆਪ ਵਿਧਾਇਕਾਂ ਵਜੋਂ ਤਨਖਾਹਾਂ ਲੈ ਰਹੇ ਹਨ ਅਤੇ ਸਟਾਫ ਤੇ ਸੁਰੱਖਿਆ ਕਰਮੀਆਂ ਸਮੇਤ ਬਾਕੀ ਸਾਰੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਨੂੰ ਜਨਤਕ ਤੌਰ ਤੇ ਛੱਡਣ ਦਾ ਐਲਾਨ ਕਰਨ ਮਗਰੋਂ ਉਸੇ ਪਾਰਟੀ ਦੇ ਵਿਧਾਨ ਸਭਾ ਮੈਂਬਰਾਂ ਵਜੋਂ ਤਨਖਾਹਾਂ ਲੈਣਾ ਅਤੇ ਸਹੂਲਤਾਂ ਮਾਨਣਾ ਬਿਲਕੁੱਲ ਹੀ ਅਨੈਤਿਕ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਜੇਕਰ ਖਹਿਰਾ ਅਤੇ ਬਲਦੇਵ ਸਿੰਘ ਸਚਮੁੱਚ ਉਹਨਾਂ ਉੱਚੇ ਆਦਰਸ਼ਾਂ ਦੀ ਪਾਲਣਾ ਕਰਨਾ ਚਾਹੁੰਦੇ ਹਨ, ਜਿਹਨਾਂ ਦੀਆਂ ਉਹ ਗੱਲਾਂ ਕਰਦੇ ਹਨ ਤਾਂ ਉਹਨਾਂ ਨੂੰ ਤੁਰੰਤ ਵਿਧਾਇਕਾਂ ਵਜੋਂ ਵਿਧਾਨ ਸਭਾ ਦੇ ਸਪੀਕਰ ਨੂੰ ਰਸਮੀ ਤੌਰ ਤੇ ਆਪਣੇ ਅਸਤੀਫੇ ਸੌਂਪ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅਜਿਹਾ ਨਾ ਕਰਨਾ ਇਹੀ ਸੰਕੇਤ ਦਿੰਦਾ ਹੈ ਕਿ ਜਿਹੜੀ ਉਹਨਾਂ ਨੇ ਨਵੀਂ ਪਾਰਟੀ ਬਣਾਈ ਹੈ, ਉਸ ਦੀ ਬੁਨਿਆਦ ਝੂਠ ਅਤੇ ਫਰੇਬ ਉੱਪਰ ਟਿਕੀ ਹੈ ਅਤੇ ਉਹ ਜਿਹਨਾਂ ਆਦਰਸ਼ਾਂ ਦਾ ਰੌਲਾ ਪਾਉਂਦੇ ਹਨ, ਉਹਨਾਂ ਨੂੰ ਅਪਣਾਉਣ ਦੀ ਥਾਂ, ਆਪਣੇ ਫਾਇਦਿਆਂ ਬਾਰੇ ਵਧੇਰੇ ਸੋਚਦੇ ਹਨ।