ਚੰਡੀਗੜ੍ਹ/19 ਦਸੰਬਰ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ) ਨੇ ਦੂਜੀ ਕਲਾਸ ਵਿਚ ਪੜ੍ਹਦੀ ਵਿਦਿਆਿਰਥਣ ਨਾਲ ਹੋਏ ਜਬਰ-ਜਨਾਹ ਦੇ ਘਿਨੌਣੇ ਅਪਰਾਧ ਦੀ ਜਾਂਚ ਲਈ ਇੱਕ ਟੀਮ ਦਾ ਗਠਨ ਕੀਤਾ ਹੈ। ਉਹਨਾਂ ਦੱਸਿਆ ਕਿ ਇਹ ਟੀਮ ਇਸ ਮਾਮਲੇ ਵਿਚ ਸਕੂਲ ਮੈਨੇਜਮੈਂਟ ਵੱਲੋਂ ਵਰਤੀ ਅਣਗਹਿਲੀ ਵਾਸਤੇ ਜ਼ਿੰਮੇਵਾਰੀ ਤੈਅ ਕਰਨ ਅਤੇ ਭਵਿੱਖ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲਦੀ ਹੀ ਸਕੂਲ ਦਾ ਦੌਰਾ ਕਰੇਗੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਘਟਨਾ ਹੋਣ ਤੋਂ ਚਾਰ ਦਿਨ ਬਾਅਦ ਵੀ ਨਾ ਇਸ ਘਿਨੌਣੇ ਅਪਰਾਧ ਨੂੰ ਲੁਕੋਣ ਦੀ ਕੋਸ਼ਿਸ਼ ਕਰਨ ਵਾਲੀ ਸਕੂਲ ਮੈਨੇਜਮੈਂਟ ਖ਼ਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਉਹਨਾਂ ਪੁਲਿਸ ਅਧਿਕਾਰੀਆਂ ਖ਼ਿਲਾਫ, ਜਿਹਨਾਂ ਨੇ ਇਸ ਅਣਮਨੁੱਖੀ ਕੰਮ ਵਿਚ ਮੈਨੇਜਮੈਂਟ ਦੀ ਮੱਦਦ ਕੀਤੀ ਸੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਅੱਜ ਐਨਸੀਪੀਸੀਆਰ ਦੇ ਚੇਅਰਮੈਨ ਪ੍ਰਿਯਾਂਕ ਕਾਨੂੰਗੋ ਨੂੰ ਮਿਲੇ ਸਨ ਤਾਂ ਕਿ ਸਕੂਲ ਮੈਨੇਜਮੈਂਟ ਖ਼ਿਲਾਫ ਇੱਕ ਨਿਰਪੱਖ ਜਾਂਚ ਸ਼ੁਰੂ ਕੀਤੀ ਜਾ ਸਕੇ, ਜਿਸ ਨੇ ਇਹ ਮੰਨਣ ਤੋਂ ਇਨਕਾਰ ਕਰਕੇ ਕਿ ਇਹ ਘਟਨਾ ਵਾਪਰੀ ਹੈ, ਇਸ ਅਪਰਾਧ ਨੂੰ ਲੁਕੋਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਐਨਸੀਪੀਸੀਆਰ ਮੁਖੀ ਨੂੰ ਸਕੂਲ ਮੈਨੇਜਮੈਂਟ ਦੇ ਗੈਰਸਹਿਯੋਗੀ ਵਿਵਹਾਰ ਤੋਂ ਜਾਣੂ ਕਰਵਾਇਆ ਹੈ, ਜਿਸ ਨੇ ਪੀੜਤ ਬੱਚੀ ਦੇ ਮਾਪਿਆਂ ਨੂੰ ਸੀਸੀਟੀਵੀ ਦੀ ਫੁਟੇਜ ਵੀ ਨਹੀਂ ਦਿੱਤੀ। ਬੀਬਾ ਬਾਦਲ ਨੇ ਕਿਹਾ ਕਿ ਐਨਸੀਪੀਸੀਆਰ ਚੇਅਰਮੈਨ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਉਹ ਪੂਰੀ ਘਟਨਾ ਦੀ ਵਿਸਥਾਰ ਵਿਚ ਜਾਂਚ ਕਰਵਾਉਣਗੇ ਅਤੇ ਪੀੜਤ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਸਿਫਾਰਿਸ਼ ਕਰਨਗੇ।
ਇਸੇ ਦੌਰਾਨ ਬੀਬਾ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਆਸ ਸਕੂਲ ਦੇ ਪ੍ਰਿੰਸੀਪਲ ਅਤੇ ਉਹਨਾਂ ਪੁਲਿਸ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ, ਜਿਹਨਾਂ ਨੇ ਆਪਣੇ ਫਰਜ਼ਾਂ ਤੋਂ ਕੋਤਾਹੀ ਕੀਤੀ ਸੀ ਅਤੇ ਇਸ ਮਾਮਲੇ ਦੀ ਸ਼ਿਕਾਇਤ ਨਾ ਕਰਨ ਸੰਬੰਧੀ ਪੀੜਤ ਪਰਿਵਾਰ ਉੱਤੇ ਦਬਾਅ ਪਾਇਆ ਸੀ। ਉਹਨਾਂ ਕਿਹਾ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਮੁੱਖ ਮੰਤਰੀ ਨੂੰ ਇਹ ਹੁਕਮ ਜਾਰੀ ਕਰਨ ਲਈ ਵੀ ਆਖਿਆ, ਜਿਸ ਤਹਿਤ ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਕਿੰਡਰਗਾਰਟਨ ਅਤੇ ਜੂਨੀਅਰ ਸਕੂਲਾਂ ਅੰਦਰ ਪਖਾਨਿਆਂ ਲਾਗੇ ਮਹਿਲਾ ਸਟਾਫ ਦੀ ਤਾਇਨਾਤੀ ਨੂੰ ਲਾਜ਼ਮੀ ਬਣਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਿਰਫ ਨਿਯੁਕਤ ਕੀਤੇ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਹੀ ਸਕੂਲ ਬੱਸਾਂ ਚਲਾਉਣ ਦੀ ਆਗਿਆ ਹੋਵੇ ਅਤੇ ਇਹਨਾਂ ਕਰਮੀਆਂ ਕੋਲ ਹਮੇਸ਼ਾਂ ਆਪਣੇ ਪਹਿਚਾਣ-ਪੱਤਰ ਹੋਣ।
ਬਠਿੰਡਾ ਸਾਂਸਦ ਨੇ ਮੁੱਖ ਮੰਤਰੀ ਨੂੰ ਪਿਛਲੇ ਸਮੇਂ ਵਿਚ ਔਰਤਾਂ ਅਤੇ ਨਾਬਾਲਿਗ ਲੜਕੀਆਂ ਖ਼ਿਲਾਫ ਹੋਏ ਸਾਰੇ ਅਪਰਾਧਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮਿਸ਼ਨ ਬਣਾਉਣ ਦੀ ਵੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੁਆਰਾ ਗੈਂਗਸਟਰਾਂ ਨੂੰ ਦਿੱਤੀ ਖੁੱਲ੍ਹ ਮਗਰੋਂ ਸੂਬੇ ਅੰਦਰ ਵਧੀ ਗੁੰਡਾਗਰਦੀ ਕਾਰਣ ਅਜਿਹੇ ਅਪਰਾਧਾਂ ਵਿਚ ਬੇਹਤਾਸ਼ਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਔਰਤਾਂ ਅਤੇ ਨਾਬਾਲਿਗ ਲੜਕੀਆਂ ਖ਼ਿਲਾਫ ਬਹੁਤ ਹੀ ਭਿਆਨਕ ਅਪਰਾਧ ਹੋਏ ਹਨ, ਇਹ ਚਾਹੇ ਮੋਹਾਲੀ ਵਿਚ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਅਤੇ ਖਰੜ 'ਚ ਇੱਕ ਮਹਿਲਾ ਅਧਿਆਪਕ ਦਾ ਕਤਲ ਹੋਵੇ, ਜਲਾਲਾਬਾਦ, ਕਪੂਰਥਲਾ, ਤਲਵੰਡੀ ਸਾਬੋ ਅਤੇ ਪਟਿਆਲਾ ਵਿਖੇ ਨਾਬਾਲਿਗਾਂ ਨਾਲ ਹੋਏ ਬਲਾਤਕਾਰਾਂ ਦੀਆਂ ਘਟਨਾਵਾਂ ਹੋਣ, ਧੂਰੀ 'ਚ ਚਾਰ ਸਾਲ ਦੀ ਬੱਚੀ ਨਾਲ ਜਬਰ ਜਨਾਹ, ਬਠਿੰਡਾ ਵਿਚ ਇਕ ਮਹਿਲਾ ਨਾਲ ਬਲਾਤਕਾਰ ਜਾਂ ਪੁਲਿਸ ਕਰਮੀਆਂ ਦੁਆਰਾ ਚਲਦੀ ਕਾਰ ਵਿਚ ਇੱੱਕ ਸ਼ਿਕਾਇਤਕਰਤਾ ਨਾਲ ਕੀਤੇ ਜਬਰ- ਜਨਾਹ ਦੀ ਘਟਨਾ ਹੋਵੇ।