ਚੰਡੀਗੜ੍ਹ/10 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕੈਬਨਿਟ ਮੰਤਰੀਆਂ ਵੱਲੋਂ ਸਰਕਾਰ ਵਿਚ ਬੇਭਰੋਸਗੀ ਜਤਾਉਣ ਨਾਲ ਪੰਜਾਬ ਵਿਚ ਸੰਵਿਧਾਨਿਕ ਸੰਕਟ ਖੜ੍ਹਾ ਹੋ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕਰਫਿਊ ਦੌਰਾਨ ਕਾਂਗਰਸੀਆਂ ਆਗੂਆਂ ਅਤੇ ਉਹਨਾਂ ਦੇ ਦੋਸਤਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਵੱਲੋਂ ਪੰਜਾਬ ਵਿਚ ਗੈਰਕਾਨੂੰਨੀ ਸ਼ਰਾਬ ਵੇਚ ਕੇ ਕੀਤੇ ਹਜ਼ਾਰਾਂ ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਹਰ ਸੂਬਾ ਕੋਵਿਡ-19 ਦੀ ਰੋਕਥਾਮ ਲਈ ਪੂਰਾ ਜ਼ੋਰ ਲਗਾ ਰਿਹਾ ਹੈ ਤਾਂ ਪੰਜਾਬ ਦੇ ਕੈਬਿਨਟ ਮੰਤਰੀ ਨੌਕਰਸ਼ਾਹਾਂ ਨਾਲ ਲੜਣ ਵਿਚ ਰੁੱਝੇ ਹਨ, ਜਿਸ ਤਰ੍ਹਾਂ ਕਿ ਕੱਲ੍ਹ ਦੀ ਮੀਟਿੰਗ ਦੌਰਾਨ ਵਾਪਰਿਆ ਹੈ। ਉੁਹਨਾਂ ਕਿਹਾ ਕਿ ਕੈਬਨਿਟ ਮੰਤਰੀਆਂ ਅਤੇ ਨੌਕਰਸ਼ਾਹਾਂ ਦੋਵਾਂ ਨੂੰ ਇੱਕ ਦੂਜੇ ਉਤੇ ਭਰੋਸਾ ਨਹੀਂ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇੱਥੇ ਲੀਡਰਸ਼ਿਪ ਸੰਕਟ ਪੈਦਾ ਹੋ ਚੁੱਕਿਆ ਹੈ, ਜਿਸ ਕਰਕੇ ਪੰਜਾਬ ਅਤੇ ਪੰਜਾਬੀਆਂ ਨੂੰ ਦੁੱਖ ਭੋਗਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਰੋਜ਼ਾਨਾ ਕੇਂਦਰ ਸਰਕਾਰ ਦੀ ਆਲੋਚਨਾ ਕਰਨਾ ਬੰਦ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਦੇ ਆਗੂਆਂ ਨੂੰ ਆਪਣੇ ਦੋਸਤਾਂ ਨਾਲ ਮਿਲ ਕੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੀ ਆਗਿਆ ਕਿਉਂ ਦਿੱਤੀ ਗਈ ਹੈ ?
ਹੋਰ ਜਾਣਕਾਰੀ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਕੁੱਝ ਕਾਂਗਰਸੀ ਆਗੂ ਅਤੇ ਉਹਨਾਂ ਦੇ ਦੋਸਤ, ਜਿਹਨਾਂ ਦੀਆਂ ਪੰਜਾਬ ਵਿਚ ਸ਼ਰਾਬ ਦੀਆਂ ਫੈਕਟਰੀਆਂ ਹਨ, ਉਹ ਸ਼ਰੇਆਮ ਆਪਣੀਆਂ ਫੈਕਟਰੀਆਂ ਤੋਂ ਗੈਰਕਾਨੂੰਨੀ ਸ਼ਰਾਬ ਵੇਚ ਰਹੇ ਹਨ। ਉਹਨਾਂ ਕਿਹਾ ਕਿ ਬਿਨਾਂ ਆਬਕਾਰੀ ਕਰ ਦਿੱਤੇ ਅਤੇ ਪੁਲਿਸ ਦੀ ਸੁਰੱਖਿਆ ਹੇਠ ਟਰੱਕਾਂ ਵਿਚ ਭਰ ਕੇ ਵੇਚੀ ਜਾ ਰਹੀ ਇਸ ਸ਼ਰਾਬ ਨਾਲ ਸੂਬੇ ਨੂੰ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਵੱਡੀ ਮਾਤਰਾ ਵਿਚ ਹਰਿਆਣਾ ਤੋਂ ਸ਼ਰਾਬ ਦੀ ਤਸਕਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਜਦੋਂ ਪੰਜਾਬ ਵਿਚ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਹਰੀ ਝੰਡੀ ਦਿੱਤੀ ਤਾਂ ਕਿਸੇ ਵੀ ਠੇਕੇਦਾਰ ਨੇ ਆਪਣੀ ਦੁਕਾਨ ਨਹੀਂ ਖੋਲ੍ਹੀ, ਕਿਉਂਕਿ ਕਾਲਾ ਬਾਜ਼ਾਰੀ ਰਾਹੀ ਖਪਤਕਾਰਾਂ ਤਕ ਸ਼ਰਾਬ ਪਹੁੰਚਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਸ਼ਰਾਬ ਦੀ ਹੋਮ ਡਿਲੀਵਰੀ ਦਾ ਮੰਤਵ ਦੀ ਸ਼ਰਾਬ ਫੈਕਟਰੀਆਂ ਦੇ ਕਾਰੋਬਾਰ ਨੂੰ ਵਧਾਉਣਾ ਹੈ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਇਸ ਕਾਰੋਬਾਰ ਨੂੰ ਕਰਦੇ ਹਨ।
ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਅੰਦਰ ਅਜਿਹੇ ਹਾਲਾਤਾਂ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ, ਕਿਉਂਕਿ ਆਬਕਾਰੀ ਮਹਿਕਮਾ ਉਸ ਕੋਲ ਹੀ ਹੈ, ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਕੋਵਿਡ-19 ਸੰਕਟ ਦੌਰਾਨ ਨਾ ਸਿਰਫ ਸੂਬੇ ਅੰਦਰ ਗੈਰਕਾਨੂੰਨੀ ਸ਼ਰਾਬ ਦੀ ਵਿਕਰੀ ਰੋਕਣ ਵਿਚ ਨਾਕਾਮ ਰਿਹਾ ਹੈ, ਸਗੋਂ ਉਸ ਨੇ ਅਜੇ ਤਕ ਇਸ ਘੁਟਾਲੇ ਦੀ ਜਾਂਚ ਦਾ ਹੁਕਮ ਦੇਣ ਤੋਂ ਵੀ ਪਾਸਾ ਵੱਟਿਆ ਹੈ। ਉਹਨਾਂ ਕਿਹਾ ਕਿ ਇਸ ਘੁਟਾਲੇ ਨਾਲ ਸੂਬੇ ਦੀ ਕੋਵਿਡ-19 ਖ਼ਿਲਾਫ ਲੜਾਈ ਦੇ ਯਤਨਾਂ ਨੂੰ ਵੀ ਸੱਟ ਵੱਜੀ ਹੈ ਅਤੇ ਸਿਹਤ ਢਾਂਚੇ ਅਤੇ ਸੁਰੱਖਿਆ ਕਾਮਿਆਂ ਦੀ ਸੁਰੱਖਿਆ ਲਈ ਫੰਡਾਂ ਵਿਚ ਕਮੀ ਆਈ ਹੈ, ਜਿਸ ਨਾਲ ਸੂਬੇ ਅੰਦਰ ਕੋਵਿਡ ਮੌਤਾਂ ਦੀ ਦਰ ਵਧੀ ਹੈ।
ਕੱਲ੍ਹ ਦੀ ਮੀਟਿੰਗ ਦੌਰਾਨ ਵਾਪਰੀ ਘਟਨਾ ਬਾਰੇ ਦੱਸਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਮੁੱਖ ਮੰਤਰੀ ਅਤੇ ਉਸ ਦੇ ਚਹੇਤੇ ਬਿਨਾਂ ਮੰਤਰੀ ਮੰਡਲ ਨੂੰ ਭਰੋਸੇ ਵਿਚ ਲਏ ਸਰਕਾਰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਦਾ ਨਾਰਾਜ਼ ਹੋ ਕੇ ਮੀਟਿੰਗ ਵਿਚੋਂ ਚਲੇ ਜਾਣਾ ਇਸ਼ਾਰਾ ਕਰਦਾ ਹੈ ਕਿ ਮੁੱਖ ਮੰਤਰੀ ਕੋਲ ਮੰਤਰੀਆਂ ਦਾ ਸਮਰਥਨ ਨਹੀਂ ਬਚਿਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਜਿਹੜੇ ਕੈਬਨਿਟ ਮੰਤਰੀ ਸਾਫ ਸੁਥਰੇ ਹੋਣ ਦਾ ਡਰਾਮਾ ਕਰਦੇ ਹੋਏ ਸਰਕਾਰੀ ਖਜ਼ਾਨੇ ਨੂੰ ਹੋ ਰਹੇ ਨੁਕਸਾਨ ਦੀਆਂ ਗੱਲਾਂ ਕਰ ਰਹੇ ਹਨ, ਉਹ ਆਪਣੇ ਇਲਾਕਿਆਂ ਅੰਦਰ ਗੈਰਕਾਨੂੰਨੀ ਸ਼ਰਾਬ ਦੀ ਵਿਕਰੀ ਕਰਾਉਣ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਤਾਂ ਸ਼ਰਾਬ ਦੀ ਹੋਮ ਡਿਲੀਵਰੀ ਦੀ ਵਕਾਲਤ ਕਰ ਚੁੱਕੇ ਹਨ। ਇਸ ਤੋਂ ਇਹੀ ਸਾਬਿਤ ਹੁੰਦਾ ਹੈ ਕਿ ਕੱਲ੍ਹ ਦੀ ਲੜਾਈ ਸਰਕਾਰੀ ਖਜ਼ਾਨੇ ਨੂੰ ਬਚਾਉਣ ਲਈ ਨਹੀਂ ਸੀ, ਸਗੋਂ ਆਪਣੀਆਂ ਜੇਬਾਂ ਭਰਨ ਲਈ ਸੀ।
ਇਹ ਕਹਿੰਦਿਆਂ ਕਿ ਸਿਰਫ ਸੀਬੀਆਈ ਜਾਂਚ ਹੀ ਇਸ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦੀ ਹੇਠਲੀ ਤਹਿ ਤਕ ਪਹੁੰਚ ਸਕਦੀ ਹੈ, ਡਾਕਟਰ ਚੀਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸੀ ਆਗੂਆਂ ਦੀ ਫੈਕਟਰੀਆਂ ਤੋਂ ਗੈਰਕਾਨੂੰਨੀ ਤੌਰ ਤੇ ਜਾਰੀ ਕੀਤੀ ਸ਼ਰਾਬ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਂਗਰਸ ਦੀ ਅਗਵਾਈ ਵਾਲੇ ਸ਼ਰਾਬ ਮਾਫੀਆ ਵੱਲੋਂ ਗੈਰਕਾਨੂੰਨੀ ਤੌਰ ਤੇ ਵੇਚੀ ਗਈ ਸ਼ਰਾਬ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।