ਕਾਂਗਰਸ ਸਰਕਾਰ ਨੂੰ ਕਰਤਾਰਪੁਰ ਲਾਂਘੇ ਵਾਸਤੇ ਜ਼ਮੀਨ ਗ੍ਰਹਿਣ ਕਰਨ ਦਾ ਅਮਲ ਸ਼ੁਰੂ ਕਰਨ ਲਈ ਆਖਦਿਆਂ ਕਿਹਾ ਕਿ ਉਸ ਤੋਂ ਬਾਅਦ ਕੇਂਦਰ ਨੂੰ ਫੰਡ ਭੇਜਣ ਲਈ ਕਹਿ ਦੇਣਾ
ਕਿਹਾ ਕਿ ਅਮਰਿੰਦਰ ਸਿੰਘ ਆਪ ਨਾਲ ਗਠਜੋੜ ਬਾਰੇ ਦੋਗਲੀ ਬੋਲੀ ਨਾ ਬੋਲਣ
ਚੰਡੀਗੜ•/08 ਜਨਵਰੀ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਕੀ ਉੁਹਨਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 1984 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਪਾਰਟੀ ਵਿਚੋਂ ਕੱਢਣ ਅਤੇ ਦੂਜੇ ਦੋਸ਼ੀ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਆਖਿਆ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਸਾਰੀ ਸਿੱਖ ਕੌਮ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਕੱਲ• ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਦੌਰਾਨ ਉਹਨਾਂ ਨੇ ਕਾਂਗਰਸ ਪ੍ਰਧਾਨ ਕੋਲ ਸਿੱਖ ਕੌਮ ਦੇ ਮੁੱਦੇ ਰੱਖੇ ਸਨ। ਉਹਨਾਂ ਕਿਹਾ ਕਿ ਸਿੱਖ ਕੌਮ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਕੀ ਕੈਪਟਨ ਅਮਰਿੰਦਰ 1984 ਸਮੂਹਿਕ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਵਿਚ ਸਿੱਖਾਂ ਦੇ ਨਾਲ ਹੈ ਜਾਂ ਉਹ ਆਪਣੀ ਕੁਰਸੀ ਬਚਾਉਣ ਲਈ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲੀ ਧਿਰ ਬਣ ਚੁੱਕਿਆ ਹੈ।
ਬੀਬੀ ਬਾਦਲ ਨੇ ਕਿਹਾ ਕਿ ਸਿੱਖਾਂ ਲਈ ਇਹ ਜਾਣਨਾ ਵੀ ਬਹੁਤ ਅਹਿਮ ਹੈ ਕਿ ਅਦਾਲਤ ਦਾ ਇਹ ਫੈਸਲਾ ਆਉਣ ਮਗਰੋਂ ਕਿ ਕਾਂਗਰਸ ਪਰਿਵਾਰ ਵੱਲੋਂ ਕੀਤੀ ਸਿਆਸੀ ਪੁਸ਼ਤਪਨਾਹੀ ਕਰਕੇ ਹੀ ਦੋਸ਼ੀ 34 ਸਾਲ ਤਕ ਕਾਨੂੰਨ ਤੋਂ ਬਚਦੇ ਰਹੇ, ਕੀ ਮੁੱਖ ਮੰਤਰੀ ਨੇ ਸਿੱਖ ਕਤਲੇਆਮ ਵਿਚ ਟਾਈਟਲਰ ਦੀ ਸ਼ਮੂਲੀਅਤ ਬਾਰੇ ਆਪਣੇ ਵਿਚਾਰਾਂ ਨੂੰ ਸੁਧਾਰ ਲਿਆ ਹੈ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਕੈਪਟਨ ਅਮਰਿੰਦਰ ਹੁਣ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕਰੇਗਾ ਕਿ ਟਾਈਟਲਰ ਨਿਰਦੋਸ਼ ਹੈ ਅਤੇ ਉਸ ਦੇ ਹੱਥ ਨਿਰਦੋਸ਼ ਸਿੱਖਾਂ ਦੇ ਲਹੂ ਨਾਲ ਰੰਗ ਹੋਏ ਨਹੀਂ ਹਨ। ਹੁਣ ਅਜਿਹਾ ਕਰਕੇ ਉਹ ਪੀੜਤਾਂ ਦੀਆਂ ਉਹਨਾਂ ਵਿਧਵਾਵਾਂ ਦਾ ਅਪਮਾਨ ਕਰੇਗਾ, ਜਿਹਨਾਂ ਨੇ ਟਾਈਟਲਰ ਖ਼ਿਲਾਫ ਗਵਾਹੀ ਦਿੱਤੀ ਹੈ ਅਤੇ ਮਨੁੱਖਤਾ ਖਿਲਾਫ ਕੀਤੇ ਘਿਣਾਉਣੇ ਅਪਰਾਧਾਂ ਲਈ ਉਸ ਨੂੰ ਫਾਂਸੀ ਦੀ ਸਜ਼ਾ ਦਿਵਾਉਣਾ ਚਾਹੁੰਦੀਆਂ ਹਨ।
ਬਠਿੰਡਾ ਸਾਂਸਦ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਸਾਰੀ ਸਿੱਖ ਕੌਮ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਸ ਨੇ ਰਾਹੁਲ ਗਾਂਧੀ ਨੂੰ ਇਸ ਝੂਠੇ ਬਿਆਨ ਵਾਸਤੇ ਮੁਆਫੀ ਮੰਗਣ ਲਈ ਕਿਹਾ ਹੈ ਕਿ 1984 ਦੇ ਕਤਲੇਆਮ ਵਿਚ ਕੋਈ ਕਾਂਗਰਸੀ ਸ਼ਾਮਿਲ ਨਹੀਂ ਸੀ, ਜਦਕਿ ਅਦਾਲਤਾਂ ਨੇ ਬਿਲਕੁੱਲ ਉਲਟ ਗੱਲ ਸਾਬਿਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਟਾਈਟਲਰ ਨੂੰ ਕਾਂਗਰਸ ਵਿਚੋਂ ਕੱਢਣਾ ਚਾਹੀਦਾ ਹੈ ਅਤੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਟਾਇਆ ਜਾਣਾ ਚਾਹੀਦਾ ਹੈ।
ਬੀਬੀ ਬਾਦਲ ਨੇ ਕੈਪਟਨ ਅਮਰਿੰਦਰ ਦੇ ਕਰਤਾਰਪੁਰ ਲਾਂਘੇ ਸੰਬੰਧੀ ਕੇਂਦਰ ਸਰਕਾਰ ਤੋਂ ਪੈਸੇ ਨਾ ਮਿਲਣ ਦੇ ਦਾਅਵੇ ਨੂੰ ਵੀ ਖਾਰਿਜ ਕੀਤਾ ਹੈ। ਉਹਨਾਂ ਕਿਹਾ ਕਿ ਕੀ ਤੁਹਾਡੀ ਸਰਕਾਰ ਨੇ ਜ਼ਮੀਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਵੀ ਅਜੇ ਸ਼ੁਰੂ ਕੀਤੀ ਹੈ? ਉਹਨਾਂ ਕਿਹਾ ਕਿ ਇਸ ਸੰਵੇਦਨਸ਼ੀਲ ਮੁੱਦੇ ਦਾ ਸਿਆਸੀਕਰਨ ਕਰਨ ਦੀ ਥਾਂ ਤੁਸੀਂ ਜ਼ਮੀਨ ਗ੍ਰਹਿਣ ਕਰਨੀ ਕਿਉਂ ਨਹੀਂ ਸ਼ੁਰੂ ਕਰਦੇ ਅਤੇ ਫਿਰ ਕੇਂਦਰ ਨੂੰ ਇਸ ਵਾਸਤੇ ਫੰਡ ਭੇਜਣ ਲਈ ਆਖ ਦੇਣਾ। ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਰਕਾਰਾਂ ਕਿਵੇਂ ਕੰਮ ਕਰਦੀਆਂ ਹਨ?
ਬੀਬੀ ਬਾਦਲ ਨੇ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਆਮ ਆਦਮੀ ਪਾਰਟੀ ਨਾਲ ਭਾਈਵਾਲੀ ਦੇ ਮੁੱਦੇ ਉਤੇ ਕੈਪਟਨ ਅਮਰਿੰਦਰ ਦੀ ਦੋਗਲੀ ਬੋਲੀ ਉੱਪਰ ਵੀ ਸਵਾਲੀਆ ਚਿੰਨ• ਲਾਇਆ। ਉਹਨਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਨੇ ਆਪ ਨੂੰ ਪੂਰੀ ਤਰ•ਾ ਬੇਜਾਨ ਹੋ ਚੁੱਕੀ ਪਾਰਟੀ ਕਰਾਰ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਨੂੰ ਆਪ ਨਾਲ ਗਠਜੋੜ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਦੂਜੇ ਪਾਸੇ ਉਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਰਾਸ਼ਟਰੀ ਨਜ਼ਰੀਏ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸੀ ਹਾਈ ਕਮਾਂਡ ਕੋਈ ਫੈਸਲਾ ਲੈ ਸਕਦੀ ਹੈ। ਉਹਨਾਂ ਕਿਹਾ ਕਿ ਇਸ ਦਾ ਕੀ ਅਰਥ ਹੈ? ਉਹਨਾਂ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਆਪ ਨਾਲ ਗਠਜੋੜ ਕਰਨ ਦਾ ਫੈਸਲਾ ਲੈਂਦੀ ਹੈ ਤਾਂ ਕੀ ਕੈਪਟਨ ਅਮਰਿੰਦਰ ਪੰਜਾਬ ਵਿਚ ਲੋਕ ਸਭਾ ਚੋਣਾਂ ਇੱਕ ਬੇਜਾਨ ਪਾਰਟੀ ਨਾਲ ਹੱਥ ਮਿਲਾ ਕੇ ਲੜੇਗਾ?