ਕਿਹਾ ਕਿ ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਲਈ ਬਲੀ ਦੇ ਬੱਕਰੇ ਲੱਭਣ ਦੀ ਕੋਸ਼ਿਸ਼ ਨਾ ਕਰੇ
ਕਿਹਾ ਕਿ ਸਿਆਸਤ ਦਾ ਅਰਥ ਲੋਕਾਂ ਦੇ ਕੰਮ ਕਰਨਾ ਹੁੰਦਾ ਹੈ, ਜਿਸ ਵਿਚ ਮੁੱਖ ਮੰਤਰੀ ਬੁਰੀ ਤਰ੍ਹਾਂ ਨਾਕਾਮ ਹੋ ਚੁੱਕਿਆ ਹੈ
ਚੰਡੀਗੜ੍ਹ/15 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਅੰਮ੍ਰਿਤਸਰ ਵਿਖੇ ਸਾਕਾ ਜੱਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਮਨਾਉਣ ਲਈ ਰੱਖੇ ਰਾਸ਼ਟਰੀ ਸਮਾਰੋਹ ਦਾ ਬਾਈਕਾਟ ਕਰਨ ਦੀ ਆਪਣੀ ਗਲਤੀ ਸਵੀਕਾਰ ਕਰੇ ਅਤੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਨਿਰਾਦਾਰ ਕਰਨ ਲਈ ਤੁਰੰਤ ਮੁਆਫੀ ਮੰਗੇ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਬਤੌਰ ਮੁੱਖ ਮੰਤਰੀਆਂ ਆਪਣੀਆਂ ਨਾਕਾਮੀਆਂ ਲੁਕੋਣ ਲਈ ਕੈਪਟਨ ਬਲੀ ਦੇ ਬੱਕਰੇ ਲੱਭਣ ਦੀ ਕੋਸ਼ਿਸ਼ ਨਾ ਕਰੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਪਾਰਟੀ ਸਾਂਸਦ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹ ਪੁੱਛੇ ਜਾਣ ਤੇ ਕਿ ਉਸ ਨੇ ਜੱਲ੍ਹਿਆਂਵਾਲਾ ਬਾਗ ਦੇ ਰਾਸ਼ਟਰੀ ਸਮਾਰੋਹ ਵਿਚ ਕਿਉਂ ਭਾਗ ਨਹੀਂ ਲਿਆ ਅਤੇ ਉਸ ਨੇ ਇੱਕ ਵੱਖਰਾ ਕਾਂਗਰਸੀ ਸਮਾਰੋਹ ਕਰਕੇ ਇਸ ਪਵਿੱਤਰ ਮੌਕੇ ਦਾ ਸਿਆਸੀਕਰਨ ਕਿਉਂ ਕੀਤਾ ਹੈ, ਦੂਜਿਆਂ ਉੱਤੇ ਦੂਸ਼ਣਬਾਜ਼ੀ ਕਰਨ ਦੀ ਬਜਾਇ ਮੁੱਖ ਮੰਤਰੀ ਨੂੰ ਸਿਆਣਪ ਵਿਖਾਂਉਂਦਿਆਂ ਸ਼ਹੀਦ ਪਰਿਵਾਰਾਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
ਸਰਦਾਰ ਭੂੰਦੜ ਨੇ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਕੇਂਦਰ ਉੱਤੇ ਵਿਤਕਰਾ ਕਰਨ ਦੇ ਝੂਠੇ ਅਤੇ ਮਨਘੜਤ ਦੋਸ਼ ਲਾ ਕੇ ਪੰਜਾਬੀਆਂ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੇ। ਉਹਨਾਂ ਕਿਹਾ ਕਿ ਤੁਸੀਂ ਇਹ ਸੱਚਾਈ ਜਾਣਦੇ ਹੋ ਕਿ ਕਾਂਗਰਸ ਨੇ ਸਿੱਖਾਂ ਨਾਲ ਹਮੇਸ਼ਾਂ ਵਿਤਕਰਾ ਕੀਤਾ ਹੈ। ਤੁਸੀਂ ਆਪਰੇਸ਼ਨ ਬਲਿਊ ਸਟਾਰ ਮਗਰੋਂ ਇਸੇ ਵਜ੍ਹਾ ਕਰਕੇ ਕਾਂਗਰਸ ਤੋਂ ਅਸਤੀਫਾ ਵੀ ਦਿੱਤਾ ਸੀ, ਪਰ ਮੌਕਾਪ੍ਰਸਤੀ ਤੁਹਾਨੂੰ ਵਾਪਸ ਕਾਂਗਰਸ ਅੰਦਰ ਲੈ ਗਈ। ਉਹਨਾਂ ਕਿਹਾ ਕਿ ਤੁਸੀਂ ਲਗਾਤਾਰ ਦਿੱਲੀ ਦੇ ਬੁੱਚੜ ਜਗਦੀਸ਼ ਟਾਈਟਲਰ ਦਾ ਬਚਾਅ ਕਰਦੇ ਆ ਰਹੇ ਹੋ। ਇਸ ਲਈ ਤੁਹਾਨੂੰ ਵਿਤਕਰੇ ਦੀ ਗੱਲ ਕਰਨਾ ਸ਼ੋਭਾ ਨਹੀਂ ਦਿੰਦਾ।
ਅਕਾਲੀ ਸਾਂਸਦ ਨੇ ਕਿਹਾ ਕਿ ਅਮਰਿੰਦਰ ਕੇਂਦਰ ਉੱਤੇ ਕਰਤਾਰਪੁਰ ਲਾਂਘੇ ਦਾ ਸਿਹਰਾ ਲੈਣ ਦਾ ਦੋਸ਼ ਲਗਾ ਕੇ ਸੱਚ ਨੂੰ ਤੋੜਣ ਮਰੋੜਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੀ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਕਿ ਕਰਤਾਰਪੁਰ ਲਾਂਘਾ ਤੁਸੀਂ ਖੋਲ੍ਹਿਆ ਹੈ? ਤੁਸੀਂ ਇੰਨੇ ਝੂਠ ਕਿਉਂ ਬੋਲ ਰਹੇ ਹੋ? ਕਰਤਾਰਪੁਰ ਲਾਂਘਾ ਐਨਡੀਏ ਸਰਕਾਰ ਦੁਆਰਾ ਖੋਲ੍ਹਿਆ ਗਿਆ ਹੈ। ਇਹ ਇੱਕ ਰਾਸ਼ਟਰੀ ਪ੍ਰਾਜੈਕਟ ਹੈ, ਜਿਸ ਲਈ ਕੇਂਦਰ ਨੇ ਪੈਸੇ ਦਿੱਤੇ ਹਨ। ਤੁਹਾਡੀ ਇਸ ਵਿਚ ਕੀ ਭੂਮਿਕਾ ਹੈ? ਸਰਦਾਰ ਭੂੰਦੜ ਨੇ ਕਿਹਾ ਕਿ ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪਰਕਾਸ਼ ਪੁਰਬ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦਾ ਆਧੁਨਿਕੀਕਰਨ ਕਰਨਾ, ਵਿਰਾਸਤੀ ਪਿੰਡ 'ਪਿੰਡ ਬਾਬਾ ਨਾਨਕ ਦਾ' ਬਣਾਉਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਧਰਮ ਅਧਿਐਨ ਲਈ ਕੇਂਦਰ ਸਥਾਪਤ ਕਰਨਾ ਅਤੇ ਹੋਰ ਉਪਰਾਲੇ ਕੀਤੇ ਜਾ ਰਹੇ ਹਨ।
ਸਰਦਾਰ ਭੂੰਦੜ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਐਨਡੀਏ ਦੇ ਏਜੰਡੇ ਉੱਤੇ ਉਂਗਲੀ ਉਠਾਉਣ ਦੀ ਥਾਂ ਪੰਜਾਬ ਬਾਰੇ ਆਪਣਾ ਏਜੰਡਾ ਦੱਸੇ। ਉਹਨਾਂ ਕਿਹਾ ਕਿ ਐਨਡੀਏ ਦਾ ਏਜੰਡਾ ਬਹੁਤ ਹੀ ਹਾਂ-ਪੱਖੀ ਰਿਹਾ ਹੈ, ਜਿਸ ਕਰਕੇ ਪੰਜਾਬ ਅੰਦਰ ਏਮਜ਼ ਵਰਗੇ ਵੱਕਾਰੀ ਸੰਸਥਾਨ, ਹਵਾਈ ਅੱਡੇ ਅਤੇ ਸੜਕਾਂ ਬਣੀਆਂ ਹਨ। ਉਹਨਾਂ ਕਿਹਾ ਕਿ ਤੁਸੀਂ ਆਪਣੀ ਗੱਲ ਕਰੋਂ ਕਿ ਤੁਸੀਂ ਮੁਕੰਮਲ ਕਰਜ਼ਾ ਮੁਆਫੀ, ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਅਤੇ ਬੇਰੁਜ਼ਗਾਰੀ ਭੱਤਾ ਅਤੇ ਸਮਾਜ ਭਲਾਈ ਸਹੂਲਤਾਂ ਵਧਾਉਣ ਦੇ ਵਾਅਦੇ ਕੀਤੇ ਸਨ। ਤੁਸੀਂ ਇਹਨਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।
ਇਹ ਕਹਿੰਦਿਆਂ ਕਿ ਸਿਆਸਤ ਦਾ ਅਰਥ ਲੋਕਾਂ ਦੇ ਕੰਮ ਕਰਨਾ ਹੁੰਦਾ ਹੈ, ਸਰਦਾਰ ਭੂੰਦੜ ਨੇ ਕਿਹਾ ਕਿ ਇਸ ਮਾਮਲੇ ਵਿਚ ਅਮਰਿੰਦਰ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਯਾਦ ਰੱਖੋ ਕਿ ਵੱਡੇ ਵੱਡੇ ਝੂਠ ਬੋਲ ਕੇ ਤੁਸੀਂ ਬਚ ਨਹੀਂ ਪਾਓਗੇ। ਲੋਕਾਂ ਨੇ ਤੁਹਾਨੂੰ ਤੁਹਾਡੀ ਕਾਰਗੁਜ਼ਾਰੀ ਤੋਂ ਪਰਖਣਾ ਹੈ। ਤੁਹਾਨੂੰ ਉਹਨਾਂ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਜੁਆਬ ਦੇਣਾ ਪਵੇਗਾ, ਜਿਹਨਾਂ ਦੀ ਪਿੱਠ ਵਿਚ ਤੁਸੀਂ ਛੁਰਾ ਮਾਰਿਆ ਹੈ। ਉਹਨਾਂ ਨੌਜਵਾਨਾਂ ਨੂੰ ਜੁਆਬ ਦੇਣਾ ਪਵੇਗਾ, ਜਿਹਨਾਂ ਨੂੰ ਤੁਸੀਂ ਮੂਰਖ ਬਣਾਇਆ ਹੈ। ਉਹਨਾਂ ਬਜ਼ੁਰਗਾਂ ਅਤੇ ਕਮਜ਼ੋਰ ਤਬਕਿਆਂ ਨੂੰ ਜੁਆਬ ਦੇਣਾ ਪਵੇਗਾ, ਜਿਹਨਾਂ ਨੂੰ ਪੈਨਸ਼ਨਾਂ ਅਤੇ ਸਮਾਜ ਭਲਾਈ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ਇਹ ਸਾਰੇ ਲੋਕ ਤੁਹਾਡੇ ਭਵਿੱਖ ਦਾ ਫੈਸਲਾ ਕਰਨਗੇ।