ਕਿਹਾ ਕਿ ਕੇਜਰੀਵਾਲ ਪਿਛਲੇ ਛੇ ਸਾਲਾਂ ਵਿਚ ਇਕ ਵੀ ਨਵਾਂ ਹਸਪਤਾਲ ਖੋਲ੍ਹਣ ਵਿਚ ਨਾਕਾਮ ਰਹੇ ਹਨ
ਕਿਹਾ ਕਿ ਦਿੱਲੀ ਵਿਚ 25 ਹਜ਼ਾਰ ਲੋਕ ਕੋਰੋਨਾ ਨਾਲ ਮਰੇ ਤੇ ਅਦਾਲਤਾਂ ਨੇ ਕੋਰੋਨਾ ਦੇ ਕੁਪ੍ਰਬੰਧਨ ਲਈ ਕੇਜਰੀਵਾਲ ਨੂੰ ਝਾੜਾਂ ਪਾਈਆਂ
ਕਿਹਾ ਕਿ ਚੰਨੀ ਪਿਛਲੀ ਕਾਂਗਰਸ ਸਰਕਾਰ ਦਾ ਹਿੱਸਾ ਸਨ ਜਿਹਨਾਂ ਨੇ ਪੰਜਾਬੀਆਂ ਨਾਲ ਛਲ ਕੀਤਾ
ਸਾਬਕਾ ਐਮ ਪੀ ਵਰਿੰਦਰ ਸਿੰਘ ਬਾਜਵਾ ਦਾ ਮੁੜ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਕੀਤਾ ਨਿੱਘਾ ਸਵਾਗਤ
ਚੰਡੀਗੜ੍ਹ, 30 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਦੇ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਕੀਤੀ ਹੈ ਅਤੇ ਉਹਨਾਂ ਨੂੰ ਝੂਠ ਬੋਲ ਕੇ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ ਜਦੋਂ ਉਹ ਪਹਿਲਾਂ ਹੀ ਕੋਈ ਵੀ ਪ੍ਰਾਪਤੀ ਹਾਸਲ ਕਰਨ ਵਿਚ ਨਾਕਾਮ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਇਥੇ ਸਾਬਕਾ ਐਮ ਪੀ ਵਰਿੰਦਰ ਸਿੰਘ ਬਾਜਵਾ ਦੇ ਕਾਂਗਰਸ ਛੱਡ ਕੇ ਮੁੜ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਬਾਜਪਾ ਦੇ ਅਕਾਲੀ ਦਲ ਵਿਚ ਮੁੜ ਸ਼ਾਮਲ ਹੋਣ ਮੌਕੇ ਉਹਨਾਂ ਨੁੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ।
ਇਸ ਤੋਂ ਪਹਿਲਾਂ ਦਿੰਲੀ ਦੇ ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿਚ ਅੱਜ ਦਿੱਤੀ ‘ਦੂਜੀ ਗਰੰਟੀ’ ਬਾਰੇ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਹਿੰਦੀ ਵਿਚ ਉਹੀ ਐਲਾਨ ਦੁਹਰਾ ਰਹੇ ਹਨ ਜੋ ਪਿਛਲੇ ਮਹੀਨੇ 3 ਅਗਸਤ ਨੁੰ ਅਕਾਲੀ ਦਲ ਨੇ ਐਲਾਨ ਕੀਤਾ ਸੀ। ਉਹਨਾਂ ਕਿਹ ਕਿ ਕੇਜਰੀਵਾਲ ਵੱਲੋਂ ਕੀਤੇ ਐਲਾਨ ਤੇ ਅਕਾਲੀ ਦਲ ਦੇ ਐਲਾਨ ਵਿਚ ਬਹੁਤ ਵੱਡਾ ਫਰਕ ਹੈ। ਉਹਨਾਂ ਕਿਹਾ ਕਿ ਸਾਡਾ ਇਤਿਹਾਸ ਰਿਹਾ ਹੈ ਕਿ ਅਸੀਂ ਆਪਣੇ ਵਾਅਦੇ ਪੁਰੇ ਕਰਦੇ ਹਾਂ। ਉਹਨਾਂ ਕਿਹਾ ਕਿ ਅਸੀਂ ਏਮਜ਼, ਪਿਮਸ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਬਣਾਈ ਤੇ ਪੰਜਾਬ ਵਿਚ ਸਾਰੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਅਪਗ੍ਰੇਡ ਕੀਤਾ ਪਰ ਕੇਜਰੀਵਾਲ ਨੇ ਅਜਿਹਾ ਕੁਝ ਨਹੀਂ ਕੀਤਾ।
ਆਰ ਟੀ ਆਈ ਤਹਿਤ ਪ੍ਰਾਪਤ ਹੋਈ ਸੁਚਨਾ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਦਿੱਲੀ ਵਿਚ ਆਪ ਸਰਕਾਰ ਨੇ 2015 ਤੋਂ 2019 ਤੱਕ ਇਕ ਵੀ ਬੈਡ ਦੀ ਸਹੂਲਤ ਨਵੇਂ ਹਸਪਤਾਲ ਵਿਚ ਨਹੀਂ ਵਧਾਈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੌਜੂਦਾ ਹਸਪਤਾਲਾਂ ਵਿਚ ਵੀ ਬੈਡਾਂ ਦਾ ਵਾਧਾ ਨਹੀਂ ਕੀਤਾ ਗਿਆ।
ਸਰਦਾਰ ਬਾਦਲ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਦਿੱਲੀ ਸਰਕਾਰ ਨੇ 2019 ਵਿਚ ਆਪ ਹਾਈ ਕੋਰਟ ਵਿਚ ਇਹ ਮੰਨਿਆ ਕਿ 35 ਹਸਪਤਾਲਾਂ ਦੇ ਹਾਲਾਤ ਬਹੁਤ ਮਾੜੇ ਹਨ ਜਿਥੇ ਤਾਇਨਾਤ ਕਰਨ ਵਾਸਤੇ ਬੰਦੇ ਵੀ ਨਹੀਂ ਹਨ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਜੂਨ 2020 ਵਿਚ ਦਿੱਲੀ ਸਰਕਾਰ ਦੀ ਖਿੱਚਾਈ ਕੀਤੀ ਕਿਉਂਕਿ ਹਸਪਤਾਲਾਂ ਦੇ ਹਾਲਾਤ ਬਹੁਤ ਮਾੜੇ ਸਨ ਤੇ ਕੋਰੋਨਾ ਇਲਾਜ ਦਾ ਕੁਪ੍ਰਬੰਧਨ ਕੀਤਾ ਗਿਆ। ਉਹਨਾਂ ਕਿਹਾ ਕ ਦਿੱਲੀ ਵਿਚ ਕੋਰੋਨਾ ਨਾਲ 25 ਹਜ਼ਾਰ ਮੌਤਾਂ ਹੋਈਆਂ ਤੇ 103 ਡਾਕਟਰ ਵੀ ਕੋਰੋਨਾ ਡਿਊਟੀ ਕਰਦਿਆਂ ਮੌਤ ਦਾ ਸ਼ਿਕਾਰ ਹੋ ਗਏ।
ਸਰਦਾਰ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਕੇਜਰੀਵਾਲ ਜੋ ਸਿਹਤ ਸਹੂਲਤਾਂ ਦਿੱਲੀ ਵਿਚ ਪ੍ਰਦਾਨ ਨਹੀਂ ਕਰ ਸਕੇ, ਉਹਨਾਂ ਦੀ ਗਰੰਟੀ ਪੰਜਾਬੀਆਂ ਨੁੰ ਦੇ ਰਹੇ ਹਨ। ਉਹਨਾਂ ਕਿਹਾ ਕਿ ਕੇਜੀਰਵਾਲ ਦਿੱਲੀ ਦੇ ਫੇਲ੍ਹ ਮੁਹੱਲਾ ਕਲੀਨਿਕ ਮਾਡਲ ਨਾਲ ਪੰਜਾਬ ਵਿਚ 16000 ਪਿੰਡ ਪੱਧਰ ਦੇ ਕਲੀਨਿਕ ਸਥਾਪਿਤ ਕਰਨ ਦਾ ਵਾਅਦਾ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਨੇ ਦਿੱਲੀ ਵਿਚ 1000 ਮੁਹੱਲਾ ਕਲੀਨਿਕ ਖੋਲ੍ਹੱਣ ਦਾ ਵਾਅਦਾ ਕੀਤਾ ਸੀ ਪਰ ਛੇ ਸਾਲਾਂ ਵਿਚ ਸਿਰਫ 480 ਕਲੀਨਿਕ ਖੋਲ੍ਹੇ ਗਏ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਵੀ 270 ਮਾਰਚ 2020 ਤੋਂ ਬੰਦ ਪਏ ਹਨ।
ਕੇਜਰੀਵਾਲ ਦੀ ‘ਗਰੰਟੀ’ ਦਾ ਮਖੌਲ ਉਡਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੀ ਤੁਸੀਂ ਇਹ ਕਿਹਾ ਹੈ ਕਿ ਜੇਕਰ ਤੁਸੀਂ ਵਾਅਦੇ ਪੂਰੇ ਨਾ ਕੀਤੇ ਤਾਂ ਤੁਸੀਂ ਰਾਜਨੀਤੀ ਛੱਡ ਦਿਓਗੋੇ ? ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਕੇਜਰੀਵਾਲ ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਨੁੰ ਆਕਸੀਜ਼ਨ ਪ੍ਰਦਾਨ ਕਰਨ ਵਿਚ ਨਾਕਾਮ ਰਹਿਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਰੋਨਾ ਮਰੀਜ਼ਾਂ ਵਾਸਤੇ ਆਕਸੀਜ਼ਨ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਆਪ ਦੇ ਵਿਧਾਇਕ ਜਰੈਨ ਸਿੰਘ ਇਲਾਜ ਖੁਣੋਂ ਮੌਤ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਵੱਲੋਂ ਵਾਰ ਵਾਰ ਕੀਤੀਆਂ ਅਪੀਲਾਂ ਹਾਲੇ ਵੀ ਲੋਕਾਂ ਦੇ ਮਨਾਂ ਵਿਚ ਹਨ।
ਪੰਜਾਬ ਕਾਂਗਰਸ ਵਿਚ ਚਲ ਰਹੀ ਸਰਕਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਇਹ ਸਪਸ਼ਟ ਕਰੇ ਕਿ 2022 ਦੀਆਂ ਚੋਣਾਂ ਵਿਚ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਕੌਣ ਹੋਵੇਗਾ। ਉਹਨਾਂ ਕਿਹਾ ਕਿ ਪਾਰਟੀ ਵਿਚ ਅਸਲ ਮੁੱਦਾ ਸਿਖਰਲੀ ਕੁਰਸੀ ਦੀ ਲੜਾਈ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਨਵਜੋਤ ਸਿੱਧੂ ਰਬੜ ਦੀ ਮੋਹਰ ਵਾਲਾ ਮੁੱਖ ਮੰਤਰੀ ਚਾਹੁੰਦੇ ਹਨ ਜਦਕਿ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਹੁਕਮ ਸੁਣਨ ਲਈ ਤਿਆਰ ਨਹੀਂ ਜਿਸ ਕਾਰਨ ਸਿੱਧੂ ਨੇ ਅਸਤੀਫਾ ਦਿੱਤਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਉਸ ਸਰਕਾਰ ਦਾ ਹਿੱਸਾ ਸਨ ਜਿਸਨੇ ਸਮਾਜ ਦੇ ਹਰ ਵਰਗ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਚੰਨੀ ਉਸ ਵਜ਼ਾਰਤ ਦਾ ਹਿੱਸਾ ਸਨ ਤੇ ਉਹ ਵੀ ਪੰਜਾਬੀਆਂ ਦੇ ਉਨੇ ਹੀ ਗੁਨਾਹਕਾਰ ਹਨ ਜਿੰਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਨਾਹਕਾਰ ਹਨ। ਉਹਨਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਚੰਨੀ ਨੇ ਕਦੇ ਵੀ ਐਸ ਸੀ ਸਕਾਲਰਸ਼ਿਪ ਘੁਟਾਲੇ ਵਰਗੇ ਭ੍ਰਿਸ਼ਟ ਕਾਮਰਿਆਂ ਬਾਰੇ ਆਪਣੀ ਅੰਤਰ ਆਤਮਾ ਦੀ ਆਵਾਜ਼ ਨਹੀਂ ਸੁਣੀ ਤੇ ਹੁਣ ਵੀ ਉਹਨਾਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੋ ਐਸ ਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਤੋਂ ਵਾਂਝਾ ਕਰਨ ਦੇ ਦੋਸ਼ੀ ਹਨ, ਦੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਮੌਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।