ਬਠਿੰਡਾ/26 ਅਪ੍ਰੈਲ:ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਆ ਰਹੀਆਂ ਲੋਕ ਸਭਾ ਚੋਣਾਂ ਵਾਸਤੇ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖ਼ਲ ਕਰ ਦਿੱਤੇ ਹਨ।
ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ, ਜੀਤ ਮਹਿੰਦਰ ਸਿੰਘ ਅਤੇ ਜਗਮੀਤ ਬਰਾੜ ਵੀ ਹਾਜ਼ਿਰ ਸਨ। ਇਹਨਾਂ ਸਾਰੇ ਆਗੂਆਂ ਦੀ ਹਾਜ਼ਰੀ ਵਿਚ ਬੀਬੀ ਬਾਦਲ ਨੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵਿਚ ਜਾ ਕੇ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ਾਂ ਉੱਤੇ ਆਪਣੇ ਦਸਤਖ਼ਤ ਕੀਤੇ।
ਇਸ ਤੋਂ ਪਹਿਲਾਂ ਬੀਬੀ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ ਸੀ।
ਇਸ ਤੋਂ ਬਾਅਦ ਜਦੋਂ ਬੀਬੀ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਬਠਿੰਡਾ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਖੁੱਲ੍ਹੀ ਜੀਪ ਵਿਚ ਨਿਕਲੇ ਤਾਂ ਉਹਨਾਂ ਨਾਲ ਪੰਜ ਕਿਲੋਮੀਟਰ ਲੰਬਾ ਹਲਕਾ ਵਾਸੀਆਂ ਅਤੇ ਸਮਰਥਕਾਂ ਦਾ ਕਾਫਲਾ ਸੀ। ਬਠਿੰਡਾ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡਾ ਰੋਡ ਸ਼ੋਅ ਸੀ, ਜਦੋਂ ਬੀਬੀ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਦੇ ਸਮਰਥਨ ਵਿਚ ਆਏ ਲੋਕਾਂ ਦੇ ਸਮੁੰਦਰ ਨਾਲ ਸਾਰਾ ਸ਼ਹਿਰ ਅਕਾਲੀ ਰੰਗ ਵਿਚ ਰੰਗਿਆ ਜਾਪ ਰਿਹਾ ਸੀ। ਬਠਿੰਡਾ ਤੋਂ ਤਲਵੰਡੀ ਸਾਬੋ ਤਕ ਅਣਗਿਣਤ ਸਮਰਥਕ ਅਤੇ ਸਥਾਨਕ ਵਾਸੀ 30 ਕਿਲੋਮੀਟਰ ਲੰਬੀ ਸੜਕ ਉੱਤੇ ਹੱਥਾਂ ਵਿਚ ਝੰਡੇ ਫੜ ਕੇ ਅਤੇ ਜੈਕਾਰੇ ਛੱਡ ਕੇ ਬੀਬੀ ਬਾਦਲ ਦਾ ਸਵਾਗਤ ਕਰ ਰਹੇ ਸਨ। ਇੰਨਾ ਹੀ ਨਹੀਂ ਹਜ਼ਾਰਾਂ ਅਕਾਲੀ ਵਰਕਰ ਅਤੇ ਸਮਰਥਕ ਮੋਟਰਸਾਇਕਲਾਂ ਉੱਤੇ ਇਸ ਕਾਫ਼ਿਲੇ ਦੀ ਅਗਵਾਈ ਕਰ ਰਹੇ ਸਨ। ਬਠਿੰਡਾ ਤੋਂ ਤਲਵੰਡੀ ਸਾਬੋਂ ਤਕ ਅਜਿਹੇ ਬਹੁਤ ਸਾਰੇ ਦਿਲ ਨੂੰ ਛੂਹ ਲੈਣ ਵਾਲੇ ਦ੍ਰਿਸ਼ ਵੇਖਣ ਨੂੰ ਮਿਲੇ ਜਦੋਂ ਕਿਸਾਨ, ਦੁਕਾਨਦਾਰ, ਸਕੂਲੀ ਵਿਦਿਆਰਥਣਾਂ ਅਤੇ ਵਿਦਿਆਰਥੀ ਪੂਰੇ ਜੋਸ਼ ਨਾਲ ਬੀਬੀ ਬਾਦਲ ਦੇ ਹੱਕ ਨਾਅਰ ਬੁਲੰਦ ਕਰਦੇ ਨਜ਼ਰ ਆਏ।
ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਵੀ ਇਸ ਮੌਕੇ ਉੱਪਰ ਹਾਜ਼ਿਰ ਹੋਣ ਦਾ ਪ੍ਰੋਗਰਾਮ ਸੀ, ਪਰ ਵਾਰਾਨਸੀ ਤੋਂ ਉਹਨਾਂ ਦੀ ਉਡਾਣ ਲੇਟ ਹੋ ਗਈ, ਜਿਸ ਕਰਕੇ ਉਹ ਸਮੇਂ ਉੱਤੇ ਨਹੀਂ ਪਹੁੰਚ ਪਾਏ। ਦੱਸਣਯੋਗ ਹੈ ਕਿ ਸਰਦਾਰ ਬਾਦਲ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕਾਗਜ਼ ਦਾਖ਼ਲ ਕਰਵਾਉਣ ਲਈ ਵਾਰਾਨਸੀ ਗਏ ਹੋਏ ਸਨ।