ਕਿਹਾ ਕਿ ਮੁੱਖ ਮੰਤਰੀ ਦੋਗਲੀ ਖੇਡ ਖੇਡ ਰਹੇ ਹਨ, ਆਪਣੇ ਅਫਸਰਾਂ ਨੁੰ ਰਾਜ ਭਵਨ ਭੇਜਣ ਤੋਂ ਨਾਂਹ ਕਰ ਸਕਦੇ ਸੀ
ਕਿਹਾ ਕਿ ਮੌਜੂਦਾ ਹਾਲਾਤ ਪ੍ਰਧਾਨ ਮੰਤਰੀ ਦੇ ਹੰਕਾਰ ਕਾਰਨ ਬਣੇ
ਜ਼ਿਲ੍ਹੇ ਦੇ ਕਿਸਾਨੀ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਨਮਿਤ ਆਖੰਡ ਪਾਠ ਦੇ ਭੋਗ ਸਮਾਗਮ ਵਿਚ ਭਰੀ ਹਾਜ਼ਰੀ
ਪਟਿਆਲਾ, 4 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇ.ਦਰ ਸਰਕਾਰ ਅਫਸਰਾਂ ਨੂੰ ਜਵਾਬ ਤਲਬੀ ਲਈ ਰਾਜਪਾਲ ਭਵਨ ਸੱਦ ਕੇ ਪੰਜਾਬ ਦੇ ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰ ਰਹੀ ਹੈ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕÇ ਰਾਜਪਾਲ ਨੂੰ ਭਾਰਤੀ ਜਨਤਾ ਪਾਰਟੀ ਦਾ ਬੁਲਾਰਾ ਨਹੀਂ ਬਣਨਾ ਚਾਹੀਦਾ।
ਇਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਸੰਤ ਰਾਮ ਸਿੰਘ ਸਿੰਗੜੀ ਵਾਲਿਆਂ ਤੇ ਜ਼ਿਲ੍ਹੇ ਦੇ ਹੋਰ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਵਿਚ ਭਰਵੇਂ ਇਕੱਠ ਨੁੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਰਾਜਪਾਲ ਦੇ ਅਹੁਦੇ ਦੀ ਉਸੇ ਤਰੀਕੇ ਦੁਰਵਰਤੋਂ ਹੋ ਰਹੀ ਹੈ ਜਿਵੇਂ ਪੱਛਮੀ ਬੰਗਾਲ ਵਿਚ ਕੀਤੀ ਜਾ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜ਼ਹਿਰੀਲੀ ਸ਼ਰਾਬ ਦੁਖਾਂਤ, ਸ਼ਰਾਬ ਤੇ ਰੇਤ ਮਾਫੀਆ ਤੇ ਪਿਛਲੇ ਕੁਝ ਸਾਲਾਂ ਵਿਚ ਸਿਆਸਤ ਦਾ ਅਪਰਾਧੀਕਰਨ ਵਰਗੇ ਕਈ ਜਨਤਕ ਮੁੱਦਿਆਂ ’ਤੇ ਰਾਜਪਾਲ ਕੋਲ ਪਹੁੰਚ ਕਰ ਕੇ ਯਾਦ ਪੱਤਰ ਦਿੱਤੇ ਸਨ ਪਰ ਰਾਜਪਾਲ ਨੇ ਇਕ ਵੀ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਹੁਣ ਜਦੋਂ ਭਾਜਪਾ ਵਰਕਰਾਂ ਦੇ ਹਿੱਤ ਦਾਅ ’ਤੇ ਲੱਗੇ ਹਨ ਤਾਂ ਰਾਜਪਾਲ ਨੇ ਫੁਰਤੀ ਨਾਲ ਕਾਰਵਾਈ ਕੀਤੀ ਤੇ ਸਭ ਤੋਂ ਸੀਨੀਅਰ ਅਫਸਰਾਂ ਦੀ ਝਾੜ ਝੰਬ ਕਰ ਦਿੱਤੀ।
ਇਸੇ ਮਾਮਲੇ ’ਤੇ ਸ੍ਰੀ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਬਜਾਏ ਰਾਜਪਾਲ ਦੀ ਕਾਰਵਾਈ ’ਤੇ ਮੀਡੀਆ ਵਿਚ ਇਤਰਾਜ਼ ਚੁੱਕਣ ਤੇ ਉਹਨਾਂ ਨੂੰ ਅਫਸਰਾਂ ਨੂੰ ਰਾਜ ਭਵਨ ਜਾਣ ਤੋਂ ਰੋਕਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਇਹ ਅਤੇ ਹੋਰ ਕਾਰਵਾਈਆਂ ਸਠਾਬਤ ਕਰਦੀਆਂ ਹਨ ਕਿ ਉਹ ਦੋਗਲੀ ਖੇਡ ਖੇਡ ਰਹੇ ਹਨ ਅਤੇ ਲਾਜ਼ਮੀ ਤੌਰ ’ਤੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਹਨ ਨਾ ਕਿ ਕਿਸਾਨਾਂ ਨਾਲ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ ਏ ਪੀ ਐਮ ਸੀ ਐਕਟ ਵਿਚ ਸੋਧ ਕੀਤੀ ਤੇ ਉਹੀ ਮੱਦਾਂ ਸ਼ਾਮਲ ਕੀਤੀਆਂ ਜੋ ਕੇਂਦਰੀ ਕਾਨੂੰਨਾਂ ਵਿਚ ਹਨ ਅਤੇ ਹੁਣ ਇਸਨੂੰ ਖਾਰਜ ਕਰਨ ਤੋਂ ਇਨਕਾਰੀ ਹਨ।
ਇਸ ਤੋਂ ਪਹਿਲਾਂ ਇੱਕਠ ਵਿਚ ਚਲ ਰਹੇ ਸੰਘਰਸ਼ ਦੀ ਸਫਲਤਾ ਲਈ ਵੀ ਅਰਦਾਸ ਕੀਤੀ ਗਈ। ਸਰਦਾਰ ਬਾਦਲ ਨੇ ਕਿਹਾ ਕਿ ਮੌਜੂਦਾ ਹਾਲਾਤ ਸਿਰਫ ਪ੍ਰਧਾਨ ਮੰਤਰੀ ਦੇ ਹੰਕਾਰ ਕਾਰਨ ਬਣੇ ਹਨ। ਉਹਨਾਂ ਕਿਹਾ ਕਿ ਖੇਤੀ ਆਰਡੀਨੈਂਸਾਂ ਦੀ ਤੁਰੰਤ ਵਿਰੋਧਤਾ ਹੋਣ ਦੇ ਬਾਵਜੂਦ ਸ੍ਰੀ ਮੋਦੀ ਨੇ ਐਲਾਨ ਕੀਤਾ ਕਿ ਉਹ ਬਿਲਕੁਲ ਪਿੱਛੇ ਨਹੀਂ ਹਟਣਗੇ। ਉਹਨਾਂ ਕਿਹਾ ਕਿ ਇਸ ਰਵੱਈਏ ਕਾਰਨ ਕਿਸਾਨ ਸੰਘਰਸ਼ ਹੋਰ ਮਜ਼ਬੂਤ ਹੋਇਆ ਹੈ। ਉਹਨਾਂ ਕਿਹਾ ਕਿ ਜਿੰਨੀ ਪ੍ਰਧਾਨ ਮੰਤਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਿਚ ਦੇਰ ਕਰਨਗੇ, ਉਹਨਾਂ ਹੀ ਕਿਸਾਨ ਅੰਦੋਲਨ ਹੋਰ ਮਜ਼ਬੂਤ ਹੋਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨ ਅੰਦੋਲਨ ਸਿਰਫ ਇਕ ਰਾਜ ਤੱਕ ਸੀਮਤ ਨਹੀਂ ਹੈ ਬਲਕਿ ਹੁਣ ਇਹ ਸਾਰੇ ਦੇਸ਼ ਦਾ ਅੰਦੋਲਨ ਬਣ ਗਿਆ ਹੈ ਤੇ ਕੋਈ ਵੀ ਪਿੱਛੇ ਨਹੀਂ ਰਿਹਾ। ਉਹਨਾਂ ਕਿਹਾ ਕਿ ਉਹਨਾਂ ਨੇ ਅਕਾਲੀ ਵਰਕਰਾਂ ਨੂੰ ਪੂਰੇ ਦਿਲੋਂ ਸੰਘਰਸ਼ ਵਿਚ ਸ਼ਾਮਲ ਹੋਣ ਲਈ ਆਖਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਅਕਾਲੀ ਵਰਕਰਾਂ ਨੂੰ ਇਹ ਜ਼ਿੰਮੇਵਾਰੀ ਵੀ ਨਿਭਾਉਣ ਲਈ ਕਿਹਾ ਸੀ ਕਿ ਜੋ ਕਿਸਾਨ ਦਿੱਲੀ ਗਏ ਹਨ, ਉਹਨਾਂ ਦੇ ਖੇਤਾਂ ਦੀ ਸੰਭਾਲ ਵੀ ਕਰਨ। ਇਹ ਸਾਡੀ ਜ਼ਿੰਮੇਵਾਰੀ ਹੈ। ਜੇਕਰ ਕਿਸਾਨ ਸੰਤੁਸ਼ਟ ਨਹੀਂ ਹੋਵੇਗਾ ਤਾਂ ਅਸੀਂ ਤਰੱਕੀ ਨਹੀਂ ਕਰ ਸਕਦੇ।
ਇਸ ਮੌਕੇ ਸੀਨੀਅਰ ਆਗੂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਰਾਜ ਦੇ ਚੁਣੇ ਹੋਏ ਮੁਖੀ ਵਜੋਂ ਫਰਜ਼ ਅਦਾ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੰਘਰਸ਼ ਵਿਚ ਪੰਜਾਬੀਆਂ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਨਫਰਤ ਭਰੇ ਖੇਤੀ ਕਾਨੂੰਨ ਰੱਦ ਕਰਵਾਏ ਜਾ ਸਕਣ ਤੇ ਆਪਣੇ ਆਪ ਨੁੰ ਸਿਰਫ ਕਾਂਗਰਸ ਦੇ ਆਗੂ ਵਜੋਂ ਹੀ ਰੱਖਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਉਹਨਾਂ ਕਿਹਾ ਕਿ ਹੁਣ ਤੱਕ ਸੰਘਰਸ਼ ਵਿਚ 50 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕ ਹਨ ਪਰ ਮੁੱਖ ਮੰਤਰੀ ’ਤੇ ਕੋਈ ਅਸਰ ਨਹੀਂ ਪਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ ਕਿਰਪਾਲ ਸਿੰਘ ਬਡੂੰਗਰ,ਡਾ. ਦਲਜੀਤ ਸਿੰਘ ਚੀਾਮ, ਸੁਰਜੀਤ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਗਦੀਪ ਸਿੰਘ ਚੀਮਾ ਅਤੇ ਡੀ ਐਸ ਗੁਰੂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਕਿਸਾਨ ਲਾਭ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਬੰਸ ਸਿੰਘ ਸਨੌਰ, ਸਮਾਣਾ ਤੋਂ ਭੀਮ ਸਿੰਘ ਅਤੇ ਨਾਭਾ ਤੋਂ ਪਾਲ ਸਿੰਘ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਕ ਇਕ ਲੱਖ ਰੁਪਏ ਦੇ ਚੈਕ ਸੌਂਪੇ ਗਏ। ਫੱਟੜਾਂ ਲਈ 20 ਹਜ਼ਾਰ ਰੁਪਏ ਹਰੇਕ ਲਈ ਪ੍ਰਦਾਨ ਕਤੇ ਗਏ।