ਮੁੱਖ ਮੰਤਰੀ ਨੇ ਕਿਸਾਨ ਸੰਘਰਸ਼ ਨਾਲ ਧੋਖਾ ਕਰ ਕੇ ਆਪਣਾ ਉਚੇ ਅਹੁਦੇ ’ਤੇ ਦਾਗ ਲਗਾਏ : ਮਹੇਸ਼ਇੰਦਰ ਸਿੰਘ ਗਰੇਵਾਲ
ਚੰਡੀਗੜ੍ਹ, 24 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹ ਕਿਸਾਨ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਗੁਪਤ ਸਮਝੌਤੇ ਕਰਨ ਮਗਰੋਂ ਹੁਣ ਮਗਰਮੱਛ ਦੇ ਹੰਝੂ ਵਹਾ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਤੁਸੀਂ ਆਪਣੇ ਅਹੁਦੇ ਨੂੰ ਕਿਸਾਨ ਸੰਘਰਸ਼ ਖਿਲਾਫ ਵਰਤ ਕੇ ਆਪਣੇ ਉਚੇ ਅਹੁਦੇ ’ਤੇ ਵੀ ਦਾਗ ਲੁਆ ਲਏ ਹਨ। ਉਹਨਾਂ ਕਿਹਾ ਕਿ ਇਸਨੂੰ ਤੁਹਾਡੇ ਹੀ ਐਮ ਪੀ ਰਵਨੀਤ ਸਿੰਘ ਬਿੱਟੂ ਨੇ ਸਾਬਤ ਕੀਤਾ ਹੈ ਜਿਹਨਾਂ ਨੇ ਜਨਤਕ ਤੌਰ ’ਤੇ ਆਖਿਆ ਹੈ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਉਹਨਾਂ ਨੁੰ ਆਖਿਆ ਸੀ ਕਿ ਉਹ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕਰਨਾ ਬੰਦ ਕਰਨ ਤੇ ਜੇਕਰ ਉਹਨਾਂ ਨੇ ਦੱਸ ਦਿੱਤਾ ਕਿ ਮੁੱਖ ਮੰਤਰੀ ਨੇ ਮੈਨੁੰ ਕੀ ਆਖਿਆ ਸੀ ਤਾਂ ਬਿੱਟੂ ਹੈਰਾਨ ਰਹਿ ਜਾਣਗੇ। ਉਹਨਾਂ ਕਿਹਾ ਕਿ ਇਹ ਹੁਣ ਸਪਸ਼ਟ ਹੈ ਕਿ ਤੁਸੀਂ ਭਾਜਪਾ ਨਾਲ ਗੁਪਤ ਸਮਝੌਤਾ ਕਰ ਕੇ ਕਿਸਾਨ ਹਿੱਤਾਂ ਦੀ ਪਿੱਠ ਵਿਚ ਛੁਰਾ ਮਾਰਿਆ। ਉਹਨਾਂ ਕਿਹਾ ਕਿ ਇਸੇ ਵਾਸਤੇ ਤੁਸੀਂ ਰਾਜ ਘਾਟ ’ਤੇ ਪ੍ਰਦਰਸ਼ਨ ਦੀ ਯੋਜਨਾ ਵਿਚਾਲੇ ਛੱਡ ਦਿੱਤੀ ਤੇ ਤੁਸੀਂ ਹੁਣ ਆਪਣੇ ਫਾਰਮ ਹਾਊਸ ਵਿਚ ਵੜ੍ਹ ਕੇ ਬੈਠੇ ਹੋ ਜਦਕਿ ਕਿਸਾਨ ਕੜਾਕੇ ਦੀ ਠੰਢ ਵਿਚ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ।
ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਦਾ ਇਹ ਬਹਾਨਾ ਵੀ ਰੱਦ ਕਰ ਦਿੱਤਾ ਜਿਸ ਵਿਚ ਉਹਨਾਂ ਕਿਹਾ ਸੀ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਕੋਲ ਇਯ ਵਾਸਤੇ ਨਹੀਂ ਗਏ ਕਿਉਂਕਿ ਉਹ ਪ੍ਰਦਰਸ਼ਨਾਂ ਵਿਚ ਸਿਆਸੀ ਪਾਰਟੀਆਂ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਤੁਹਾਨੂੰ ਕੱਲ੍ਹ ਤੁਹਾਡੇ ਮੀਡੀਆ ਨਾਲ ਰੂ ਬ ਰੂ ਪ੍ਰੋਗਰਾਮ ਦੌਰਾਨ ਸਵਾਲ ਇਸ ਕਰ ਕੇ ਪੁੱਛਿਆ ਗਿਆ ਕਿਉਂਕਿ ਪੰਜਾਬੀਆਂ ਨੂੰ ਆਸ ਸੀ ਕਿ ਮੁੱਖ ਮੰਤਰੀ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਧਰਨੇ ’ਤੇ ਜ਼ਰੂਰ ਆਉਣਗੇ। ਉਹਨਾਂ ਕਿਹਾ ਕਿ ਇਹ ਤੁਸੀਂ ਹੋ ਜਿਹੜੇ ਮੁੱਖ ਮੰਤਰੀ ਦਫਤਰ ਦਾ ਸਿਆਸੀਕਰਨ ਕਰ ਰਹੇ ਹੋ ਤੇ ਇਸਨੂੰ ਕਾਂਗਰਸ ਪਾਰਟੀ ਨਾਲ ਜੋੜ ਰਹੇ ਹੋ ਜੋ ਕਿ ਬਹੁਤ ਹੀ ਨਿਖੇਧੀਯੋਗ ਗੱਲ ਹੈ।
ਅਕਾਲੀ ਆਗੂ ਨੇ ਕਿਹਾ ਕਿ ਜੇਕਰ ਕਿਸੇ ਨੇ ਸਾਰੇ ਮਾਮਲੇ ’ਤੇ ਇਸ ਤਰੀਕੇ ਦੀ ਪਹੁੰਚ ਅਪਣਾਈ ਹੈ, ਉਹ ਸਿਰਫ ਮੁੱਖ ਮੰਤਰੀ ਹਨ। ਉਹਨਾਂ ਕਿਹਾ ਕਿ ਤੁਸੀਂ ਸ਼ਾਇਦ ਇਹ ਭੁੱਲ ਗਏ ਹੋ ਕਿ ਤੁਸੀਂ ਸੂਬੇ ਵਿਚ ਸਰਕਾਰ ਬਣਾਉਣ ਤੋਂ ਤੁਰੰਤ ਬਾਅਦ ਏ ਪੀ ਐਮ ਸੀ ਐਕਟ ਵਿਚ ਸੋਧ ਕੀਤੀ ਸੀ। ਤੁਸੀਂ ਉਸ ਕਮੇਟੀ ਦੇ ਮੈਂਬਰ ਵੀ ਰਹੇ ਜਿਸਨੇ ਖੇਤੀਬਾੜੀ ਆਰਡੀਨੈਂਸਾਂ ਬਾਰੇ ਬਾਰੀਕੀ ਨਾਲ ਵਿਚਾਰ ਵਟਾਂਦਰਾ ਕੀਤਾ। ਤੁਸੀਂ ਆਪਣੇ ਵਿੱਤ ਮੰਤਰੀ ਦੀ ਡਿਊਟੀ ਕਮੇਟੀ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਲਈ ਵੀ ਲਗਾਈ ਸੀ। ਉਹਨਾਂ ਕਿਹਾ ਕਿ ਤੁਹਾਡੇ ਵਿਚ ਤਾਂ ਇੰਨੀ ਜੁਅਰੱਤ ਨਹੀਂ ਹੋਈ ਕਿ ਤੁਸੀਂ ਪੰਜਾਬ ਦੇ ਐਮ ਪੀਜ਼ ਨੂੰ ਸੰਸਦ ਵਿਚ ਬਿੱਲ ਦੇ ਖਿਲਾਫ ਵੋਟਾਂ ਪਾਉਣ ਲਈ ਆਖਦੇ ਜਦੋਂ ਇਹ ਸੰਸਦ ਵਿਚ ਪੇਸ਼ ਕੀਤੀ ਗਈ ਸੀ। ਬਾਅਦ ਵਿਚ ਤੁਸੀਂ ਕਿਸਾਨਾਂ ਦੇ ਹਿੱਤ ਵੇਚ ਦਿੱਤੇ ਅਤੇ ਆਪ ਮਾਮਲੇ ਵਿਚ ਦਖਲ ਦੇਣ ਤੋਂ ਨਾਂਹ ਕਰ ਦਿੱਤੀ। ਹੁਣ ਤੁਸੀਂ ਮਗਰ ਮੱਛ ਦੇ ਹੰਝੂ ਵਿਹਾ ਰਹੇ ਹੋ ਅਤੇ ਹੋਰਨਾਂ ਸਿਰ ਦੋਸ਼ ਮੜ੍ਹ ਕੇ ਆਪਣੀ ਅਸਫਲਤਾ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ।
ਮੁੱਖ ਮੰਤਰੀ ਨੂੰ ਆਪਣੇ ਫਾਰਮ ਹਾਊਸ ਵਿਚੋਂ ਬਾਹਰ ਆਉਣ ਲਈ ਆਖਦਿਆਂ ਸ੍ਰੀ ਗਰੇਵਾਲ ਨੇ ਕਿਹਾ ਕਿ ਤੁਸੀਂ ਆਪਣੇ ਹੀ ਕਿਸਾਨਾਂ ਦੀਆਂ ਤਕਲੀਫਾਂ ਤੋਂ ਅਣਜਾਣ ਹੋ ਜਦਕਿ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਆਪਣਾ ਪਦਮ ਵਿਭੂਸ਼ਣ ਮੋੜ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹਮ ਖਿਆਲੀ ਪਾਰਟੀਆਂ ਨਾਲ ਵਿਆਪਕ ਗਠਜੋੜ ਬਣਾ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਹ ਨਫਰਤ ਭਰੇ ਕਾਨੂੰਨ ਰੱਦ ਕਰਨ ਵਾਸਤੇ ਦਬਾਅ ਬਣਾਉਣ ਲਈ ਸਰਗਰਮੀ ਨਾਲ ਯਤਨਸ਼ੀਲ ਹਨ। ਜੇਕਰ ਕੋਈ ਦੁਨੀਆਂ ਵਿਚ ਅੰਨਦਾਤਾ ਦੀ ਪਰਵਾਹ ਕੀਤੇ ਬਗੈਰ ਆਰਾਮ ਨਾਲ ਸੌਂ ਰਿਹਾ ਹੈ, ਤਾਂ ਉਹ ਤੁਸੀਂ ਹੋ । ਤੁਸੀਂ ਤਾਂ ਹਾਲੇ ਤੱਕ ਚਲ ਰਹੇ ਸੰਘਰਸ਼ ਵਿਚ ਸ਼ਹੀਦ ਹੋਏ 42 ਕਿਸਾਨਾਂ ਦੇ ਪਰਿਵਾਰਾਂ ਲਈ ਸਰਕਾਰੀ ਨੌਕਰੀਆਂ ਦਾ ਐਲਾਨ ਵੀ ਨਹੀਂ ਕੀਤਾ। ਇਸ ਤੋਂ ਹੀ ਸਾਬਤ ਹੁੰਦਾ ਹੈ ਕਿ ਤੁਹਾਡੇ ਮਨ ਵਿਚ ਕਿਸਾਨਾਂ ਪ੍ਰਤੀ ਕੋਈ ਦਰਦ ਨਹੀਂ ਤੇ ਤੁਸੀਂ ਤੇ ਤੁਹਾਡੀ ਸਰਕਾਰ ਨੇ ਹਾਲੇ ਤੱਕ ਇਹਨਾਂ ਕਿਸਾਨ ਪਰਿਵਾਰਾਂਦੀ ਕੋਈ ਸਹਾਇਤਾ ਪ੍ਰਦਾਨ ਨਹੀਂ ਕੀਤੀ।