ਸੂਬੇ ਦੇ ਏ ਪੀ ਐਮ ਸੀ ਐਕਟ ਜੋ ਕੇਂਦਰੀ ਐਕਟ ਨਾਲ ਰਲਦਾ ਮਿਲਦਾ ਹੈ, ਨੂੰ ਰੱਦ ਕਰਨ ਲਈ ਤੁਰੰਤ ਵਿਧਾਨ ਸਭਾ ਇਜਲਾਸ ਸੱਦਿਆ ਜਾਵੇ
ਪੰਜਾਬ ਨੂੰ ਮੰਡੀ ਐਲਾਨਣ ਤੇ 2017 ਦੇ ਏ ਪੀ ਐਮ ਸੀ ਐਕਟ ਨੂੰ ਰੱਦ ਕਰਨ ਵਾਸਤੇ ਵਿਧਾਨ ਸਭਾ 'ਚ ਅਕਾਲੀ ਦਲ ਦੀ ਪੂਰਨ ਹਮਾਇਤ ਦੀ ਕੀਤੀ ਪੇਸ਼ਕਸ਼
ਦਿਨ ਰਾਤ ਅਕਾਲੀਆਂ ਬਾਰੇ ਸੋਚਣ ਤੋਂ ਹੱਟ ਕੇ ਕਿਸਾਨਾਂ ਦੇ ਹਿੱਤਾਂ 'ਤੇ ਧਿਆਨ ਦੇਣਾ ਸ਼ੁਰੂ ਕਰੋ : ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ
ਸ਼ੁੱਕਰਵਾਰ ਦੇ ਸ਼ਾਂਤੀਪੂਰਨ ਬੰਦ ਦੀ ਅਪਾਰ ਸਫਲਤਾ ਕਿਸਾਨਾਂ ਦੀ ਵੱਡੀ ਜਿੱਤ ਕਰਾਰ
ਅਕਾਲੀ ਦਲ ਨੇ ਕਾਲੇ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਵਾਸਤੇ ਪੂਰਨ ਹਮਾਇਤ ਤੇ ਇਕਜੁੱਟਤਾ ਦਾ ਕੀਤਾ ਪ੍ਰਗਟਾਵਾ
ਪਟਿਆਲਾ/26 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਸਰਕਾਰ ਸਾਰੇ ਸੂਬੇ ਨੂੰ ਖੇਤੀਬਾੜੀ ਮੰਡੀ ਐਲਾਨਣ ਲਈ ਤੁਰੰਤ ਆਰਡੀਨੈਂਸ ਜਾਰੀ ਕਰਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨ ਸੂਬੇ ਵਿਚ ਲਾਗੂ ਨਾ ਹੋ ਸਕਣ।
ਸ੍ਰੀ ਬਾਦਲ ਨੇ ਕਿਹਾ ਕਿ ਦਿਨ ਰਾਤ ਅਕਾਲੀ ਦਲ ਬਾਰੇ ਸੋਚ ਵਿਚ ਡੁੱਬੇ ਰਹਿਣ ਤੇ ਆਪਣੇ ਵਿਰੋਧੀਆਂ 'ਤੇ ਚਿੱਕੜ ਸੁੱਟਣ ਵਿਚ ਲੱਗੇ ਰਹਿਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੇਂਦਰ ਦੇ ਨਵੇਂ ਐਕਟ ਪੰਜਾਬ ਵਿਚ ਲਾਗੂ ਹੋਣ ਤੋਂ ਰੋਕਣ ਦਾ ਇਕਲੌਤਾ ਰਾਹ ਸਾਰੇ ਸੂਬੇ ਨੂੰ ਸਰਕਰੀ ਮੰਡੀ ਐਲਾਨਣਾ ਜਾਂ ਕਿਸਾਨ ਜਿਣਸਾਂ ਲਈ ਮੰਡੀ ਐਲਾਨਣਾ ਹੈ ਕਿਉਂਕਿ ਜਿਸ ਨੂੰ ਵੀ ਰਾਜ ਸਰਕਾਰ ਮਾਨਿਦ ਜਾਂ ਸਰਕਾਰੀ ਮੰਡੀ ਐਲਾਨਦੀ ਹੈ, ਉਸਨੂੰ ਨਵੇਂ ਕੇਂਦਰੀ ਕਾਨੂੰਨਾਂ ਤੋਂ ਛੋਟ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਤੁਸੀਂ ਸਾਰੇ ਸੂਬੇ ਨੂੰ ਖੇਤਬਾੜੀ ਜਿਣਸ ਲਈ ਮੰਡੀ ਐਲਾਨਦੇ ਹੋ ਤਾਂ ਫਿਰ ਵੱਡੀਆਂ ਕਾਰਪੋਰੇਟ ਮੱਛੀਆਂ ਸੂਬੇ ਵਿਚ ਨਹੀਂ ਵੜ• ਸਕਣਗੀਆਂ ਤੇ ਇਸ ਤਰੀਕੇ ਕਿਸਾਨ ਉਹਨਾਂ ਦੇ ਚੁੰਗਲ ਵਿਚ ਆਉਣ ਤੋਂ ਬਚ ਜਾਣਗੇ।
ਸ੍ਰੀ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ 2017 ਵਿਚ ਕਾਂਗਰਸ ਸਰਕਾਰ ਵੱਲੋਂ ਰਾਜ ਦੇ ਏ ਪੀ ਐਮ ਸੀ ਐਕਟ ਵਿਚ ਕੀਤੀਆਂ ਗਈਆਂ ਸੋਧਾਂ ਨੂੰ ਵੀ ਰੱਦ ਕਰਨ। ਉਹਨਾਂ ਕਿਹਾ ਕਿ ਇਹ ਸੋਧਾਂ ਵੀ ਕੇਂਦਰ ਦੇ ਉਸ ਕਾਲੇ ਕਾਨੂੰਨ ਵਾਂਗ ਹਨ ਜਿਸਦੇ ਖਿਲਾਫ ਕਿਸਾਨ ਰੋਸ ਮੁਜ਼ਾਹਰੇ ਕਰ ਰਹੇ ਹਨ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਏ ਪੀ ਐਮ ਸੀ ਐਕਟ ਵਿਚ ਉਹ ਸੋਧਾਂ ਕੀਤੀਆਂ ਗਈਆਂ ਜੋ ਕੇਂਦਰ ਵੱਲੋਂ ਹੁਣ ਪਾਸੇ ਕੀਤੇ ਕਾਲੇ ਕਾਨੂੰਨ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਇਹ ਸੋਧਾਂ ਵਿਧਾਨ ਸਭਾ ਵੱਲੋਂ ਖਾਰਜ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਸੀਂ ਇਹਨਾਂ ਸੋਧਾਂ ਨੂੰ ਖਾਰਜ ਕਰਨ ਦੀ ਕਿਸੇ ਵੀ ਪਹਿਲਕਦਮੀ ਦੀ ਹਮਾਇਤ ਕਰਾਂਗੇ।
ਸ੍ਰੀ ਬਾਦਲ ਨੇ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਨੂੰ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ ਤੇ ਹੋ ਸਕੇ ਤਾਂ ਅੱਜ ਹੀ ਚੁੱਕਣੀ ਚਾਹੀਦੀ ਹੈ ਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਕੇਂਦਰ ਦੇ ਬਿੱਲਾਂ ਦੇ ਐਕਟ ਬਣਨ ਤੇ ਭਾਰਤ ਸਰਕਾਰ ਵੱਲੋਂ ਨੋਟੀਫਾਈ ਕੀਤੇ ਜਾਣ ਤੋਂ ਪਹਿਲਾਂ ਹੀ ਅਮਰਿੰਦਰ ਸਿੰਘ ਨੂੰ ਆਰਡੀਨੈਂਸ ਰਾਹੀਂ ਇਹ ਫੈਸਲਾ ਐਲਾਨਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪਟਿਆਲਾ ਤੇ ਲੁਧਿਆਣਾ ਵਿਚ ਕਿਸਾਨਾਂ ਤੇ ਅਕਾਲੀ ਵਰਕਰਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਪਹਿਲਕਦਮੀ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਦਿਲੋਂ ਹਮਾਇਤ ਕਰੇਗਾ। ਉਹਨਾਂ ਕਿਹਾ ਕਿ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਆਰਡੀਨੈਂਸ ਜਾਰੀ ਕਰ ਕੇ ਪੰਜਾਬ ਨੂੰ ਮੰਡੀ ਐਲਾਨਣ ਤੇ ਇਸ ਉਪਰੰਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਆਰਡੀਨੈਂਸ ਨੂੰ ਐਕਟ ਵਿਚ ਬਦਲਣ ਲਈ ਫੁਰਤੀ ਨਾਲ ਕਾਰਵਾਈ ਕਰਨ। ਅਕਾਲੀ ਦਲ ਨੇ ਹਰ ਸਿਆਸੀ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਅਜਿਹੇ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰਨਾ ਯਕੀਨੀ ਬਣਾਉਣ ਤਾਂ ਜੋ ਪੰਜਾਬ ਨੂੰ ਖੇਤੀ ਜਿਣਸਾਂ ਲਈ ਮੰਡੀ ਐਲਾਨਿਆ ਜਾ ਸਕੇ।
ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸਾਨ ਹਿੱਤਾਂ ਵਾਸਤੇ ਕਿਸਾਨ ਪ੍ਰਤੀਨਿਧਾਂ ਭਾਵੇਂ ਉਹ ਕਿਸੇ ਵੀ ਜਥੇਬੰਦੀ ਦੇ ਹੋਣ ਜਾਂ ਕੋਈ ਵੀ ਪਾਰਟੀ ਜੇਕਰ ਕਿਸੇ ਵੀ ਤਰੀਕੇ ਕੋਈ ਪਹਿਲਕਦਮੀ ਦਾ ਐਲਾਨ ਕਰਦੀ ਹੈ ਭਾਵੇਂ ਉਹ ਮੁਜ਼ਾਹਰੇ ਹੋਣ, ਬੰਦ ਹੋਣ ਜਾਂ ਫਿਰ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਅਸੀਂ ਉਸਦੀ ਹਮਾਇਤ ਕਰਾਂਗੇ।
ਸ੍ਰੀ ਬਾਦਲ ਨੇ ਚੌਕਸ ਕੀਤਾ ਪੰਜਾਬੀਆਂ ਖਾਸ ਤੌਰ 'ਤੇ ਕਿਸਾਨਾਂ ਨੂੰ ਵੰਡ ਕੇ ਇਹਨਾਂ ਦੀ ਮੁਹਿੰਮ ਨੂੰ ਵੰਡਣ ਦੀ ਡੂੰਘੀ ਸਾਜ਼ਿਸ਼ ਕੁਝ ਸਿਆਸੀ ਪਾਰਟੀਆਂ ਘੜ ਰਹੀਆਂ ਹਨ ਤਾਂ ਜੋ ਇਹ ਇਕ ਦੂਜੇ ਖਿਲਾਫ ਹੀ ਡੱਟ ਜਾਣ ਤੇ ਛੋਟੀਆਂ ਛੋਟੀਆਂ ਗੱਲਾਂ 'ਤੇ ਆਪਸ ਵਿਚ ਉਲਝ ਜਾਣ ਤਾਂ ਜੋ ਉਹ ਕਿਸਾਨ ਹਿੱਤਾਂ ਵਾਸਤੇ ਇਕਜੁੱਟ ਹੋ ਕੇ ਲੜਾਈ ਨਾ ਲੜ ਸਕਣ। ਉਹਨਾਂ ਕਿਹਾ ਕਿ ਇਹ ਸੌੜੀ ਸਿਆਸਤ ਦਾ ਸਮਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਸੀ ਮਤਭੇਦ ਪਾਸੇ ਕਰ ਕੇ ਕਿਸਾਨਾਂ ਦੇ ਹਿੱਤਾਂ ਵਿਚ ਡੱਟਣ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਲੜਾਈ ਵਿਚ ਸਾਰੇ ਪੰਜਾਬੀਆਂ ਦੀ ਏਕਤਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਲੀਡਰਸ਼ਿਪ ਕੇਂਦਰ ਦੇ ਕਿਸਾਨ ਵਿਰੋਧੀ ਕਦਮ ਖਿਲਾਫ ਲੜਾÂਂੀ ਵਿਚ ਹਰ ਕਿਸਾਨ ਜਥੇਬੰਦੀ ਤੇ ਹਰ ਸਿਆਸੀ ਪਾਰਟੀ ਦੇ ਹਰ ਯਤਨ ਦੀ ਹਮਾਇਤ ਕਰਦੀ ਹੈ । ਉਹਨਾਂ ਕਿਹਾ ਕਿ ਸਾਰੇ ਪੰਜਾਬੀਆਂ ਦੀ ਏਕਤਾ ਅਤੇ ਦੇਸ਼ ਭਰ ਵਿਚ ਖਾਸ ਤੌਰ 'ਤੇ ਪੰਜਾਬ ਤੇ ਹਰਿਆਣਾ ਵਿਚ ਸਾਰੇ ਕਿਸਾਨਾਂ ਦੀ ਏਕਤਾ ਇਸ ਲੜਾਈ ਵਿਚ ਸਫਲਤਾ ਲਈ ਮੁਢਲੀ ਜ਼ਰੂਰਤ ਹੈ।
ਸ੍ਰੀ ਬਾਦਲ ਇਥੇ 1 ਅਕਤੂਬਰ ਦੇ ਕਿਸਾਨ ਮਾਰਚ ਵਾਸਤੇ ਪਾਰਟੀ ਵਰਕਰਾਂ ਨੂੰ ਲਾਮਬੱਧ ਕਰਨ ਵਾਸਤੇ ਪੁੱਜੇ ਸਨ। ਇਹ ਮਾਰਚ ਪੰਜਾਬ ਦੇ ਤਿੰਨਾਂ ਤਖਤਾਂ ਤੋਂ ਸ਼ੁਰੂ ਹੋਵੇਗਾ ਤੇ ਮੁਹਾਲੀ ਵਿਖੇ ਸਮਾਪਤ ਹੋਵੇਗਾ ਜਿਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਵੇਗਾ। ਉਹਨਾਂ ਕਿਹਾ ਕਿ ਇਹ ਸਾਰੇ ਦਬੇ ਕਚਲੇ ਖਾਸ ਤੌਰ 'ਤੇ ਪੰਜਾਬ ਦੇ ਕਿਸਾਨਾਂ ਲਈ ਨਿਆਂ ਦੀ ਲੜਾਈ ਹੈ। ਹਰ ਅਕਾਲੀ ਇਕ ਕਿਸਾਨ ਹੈ ਤੇ ਹਰ ਕਿਸਾਨ ਦਿਲੋਂ ਇਕ ਅਕਾਲੀ ਹੈ। ਉਹਨਾਂ ਕਿਹਾ ਕਿ ਹਰ ਕਿਸਾਨ ਪਰਿਵਾਰ ਆਪਣੇ ਆਪ ਨੂੰ ਅਕਾਲੀ ਵਿਰਸੇ ਨਾਲ ਜੁੜਿਆ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੀ ਅਗਵਾਈ ਕਰ ਸਕਦੇ ਹਾਂ ਤੇ ਉਹਨਾਂ ਦੇ ਪਿੱਛੇ ਵੀ ਚਲ ਸਕਦੇ ਹਾਂ, ਉਹਨਾਂ ਦੇ ਹਿੱਤਾ ਦੀ ਰਾਖੀ ਲਈ ਜੋ ਵੀ ਉਹ ਚਾਹੁਣ ਅਸੀਂ ਕਰਨ ਲਈ ਤਿਆਰ ਹਾਂ।