ਰਾਹੁਲ ਗਾਂਧੀ ਦੀ ਪ੍ਰਸਤਾਵਿਤ ਬਰਗਾੜੀ ਫੇਰੀ ਬਾਰੇ ਕਿਹਾ ਕਿ ਅਮਰਿੰਦਰ ਬੇਅਦਬੀ ਬਾਰੇ ਗੱਲ ਕਰਨ ਲਈ ਅਬਦਾਲੀ ਦੇ ਵੰਸਜ਼ਾਂ ਨੂੰ ਵੀ ਬੁਲਾ ਸਕਦਾ ਹੈ
ਬਠਿੰਡਾ/14 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਉੱਤੇ ਟੈਂਕ ਚੜਾਉਣ ਵਾਲੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕਰਨ ਵਾਲੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਇੰਦਰਾ ਗਾਂਧੀ ਦੀ ਪੋਤੀ ਪ੍ਰਿਯੰਕਾ ਗਾਂਧੀ ਵੱਲੋਂ ਬੇਅਦਬੀ ਉੱਤੇ ਕੀਤਾ ਪਾਖੰਡ ਇਸ ਤਰ੍ਹਾਂ ਹੈ, ਜਿਵੇਂ ਕੋਈ ਸੈæਤਾਨ ਆਪਣਾ ਕੰਮ ਕਢਾਉਣ ਲਈ ਪਵਿੱਤਰ ਵਚਨਾਂ ਦਾ ਜਾਪ ਕਰ ਰਿਹਾ ਹੋਵੇ।
ਸਰਦਾਰ ਬਾਦਲ ਨੇ ਕਿਹਾ ਕਿ ਕੱਲ੍ਹ ਅਮਰਿੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਢਾਹੇ ਜਾਣ ਜਾਂ ਸਾਡੇ ਪਾਵਨ ਗ੍ਰੰਥ ਦੀ ਬੇਅਦਬੀ ਉੱਤੇ ਹੰਝੂ ਵਹਾਉਣ ਲਈ ਅਹਿਮਦ ਸ਼ਾਹ ਅਬਦਾਲੀ ਦੇ ਵੰਸ਼ਜਾਂæ ਨੂੰ ਸੱਦਾ ਦੇ ਸਕਦਾ ਹੈ। ਉਹਨਾਂ ਕਿਹਾ ਕਿ ਕਾਂਗਰਸ, ਅਮਰਿੰਦਰ ਅਤੇ ਗਾਂਧੀ ਪਰਿਵਾਰ ਸਿੱਖਾਂ ਦੇ ਜ਼ਖ਼ਮਾਂ ਉੱਤੇ ਨਮਕ ਮਲਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ।
ਪ੍ਰਿਯੰਕਾ ਗਾਂਧੀ ਵੱਲੋਂ ਕੀਤੀਆਂ ਬੇਹੂਦਾ ਟਿੱਪਣੀਆਂ ਬਾਰੇ ਗੱਲਬਾਤ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪ੍ਰਿਯੰਕਾ ਨੇ ਇਹ ਕਹਿਣ ਲਈ ਕਿ ਪੰਜਾਬ ਨਾ ਹਿੰਦੂ ਹੈ ਨਾ ਮੁਸਲਮਾਨ, ਸਾਡੇ ਬਹੁਤ ਹੀ ਪਿਆਰੇ ਕਵੀ ਪ੍ਰੋਫੈਸਰ ਪੂਰਨ ਸਿੰਘ ਦੀ ਪੰਕਤੀ 'ਪੰਜਾਬ ਜੀਉਂਦਾ ਹੈ ਗੁਰਾਂ ਦੇ ਨਾਂ ਤੇ' ਦਾ ਗਲਤ ਇਸਤੇਮਾਲ ਕੀਤਾ ਹੈ। ਉਹਨਾਂ ਕਿਹਾ ਕਿ ਪਰੰਤੂ ਉਸ ਨੇ ਇਹ ਨਹੀਂ ਦੱਸਿਆ ਕਿ ਇੰਦਰਾ ਗਾਂਧੀ ਨੇ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਉਤੇ ਫੌਜੀ ਹਮਲਾ ਕਰਵਾਉਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਕਿਉਂ ਚੁਣਿਆ ਸੀ ਅਤੇ ਉਸ ਪਵਿੱਤਰ ਦਿਹਾੜੇ ਉੱਤੇ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਆਏ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦੀਆਂ ਲਾਸ਼ਾਂ ਕਿਉਂ ਵਿਛਾ ਦਿੱਤੀਆਂ ਸਨ? ਕੀ ਇਹ ਇੰਦਰਾ ਗਾਂਧੀ ਦੀ ਗੁਰੂ ਦੇ ਪਵਿੱਤਰ ਨਾਂ ਨੂੰ ਸ਼ਰਧਾਂਜ਼ਲੀ ਸੀ?
ਸਰਦਾਰ ਬਾਦਲ ਨੇ ਨਹਿਰੂ ਪਰਿਵਾਰ ਦੇ ਵੰਸ਼ਜ਼ਾਂ ਨੂੰ ਪੁਰਾਣੇ ਜ਼ਖ਼ਮ ਕੁਰੇਦਣ ਤੋਂ ਵਰਜਦਿਆਂ ਕਿਹਾ ਕਿ ਜੇਕਰ ਪ੍ਰਿਯੰਕਾ ਸਿੱਖਾਂ ਦੇ ਜਜ਼ਬਾਤਾਂ ਪ੍ਰਤੀ ਸੱਚਮੁੱਚ ਸੰਵੇਦਨਸ਼ੀਲ ਸੀ ਤਾਂ ਉਹ ਸਿੱਖਾਂ ਨੂੰ ਕਾਂਗਰਸ ਵੱਲੋਂ ਦਿੱਤੇ ਜ਼ਖ਼ਮਾਂ ਉੱਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ ਆਪਰੇਸ਼ਨ ਬਲਿਊ ਸਟਾਰ ਲਈ ਅਤੇ ਆਪਣੇ ਪਿਤਾ ਰਾਜੀਵ ਗਾਂਧੀ ਦੇ ਇਸ਼ਾਰੇ ਉੱਤੇ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਲਈ ਬਿਨਾਂ ਸ਼ਰਤ ਮੁਆਫੀ ਮੰਗ ਸਕਦੀ ਸੀ। ਪਰ ਉਸ ਨੇ ਇਹੀ ਢਕਵੰਜ ਕੀਤਾ, ਜਿਵੇਂ ਇਹ ਦੁਖਾਂਤ ਵਾਪਰੇ ਹੀ ਨਾ ਹੋਣ। ਇਹਨਾਂ ਬਾਰੇ ਮੁਆਫੀ ਤਾਂ ਕੀ ਮੰਗਣੀ ਸੀ, ਉਸ ਨੇ ਇਹਨਾਂ ਦੁਖਾਂਤਾਂ ਦਾ ਜ਼ਿਕਰ ਤਕ ਨਹੀਂ ਕੀਤਾ। ਇਸ ਤੋਂ ਪਤਾ ਚੱਲਦਾ ਹੈ ਕਿ ਸਿੱਖਾਂ ਬਾਰੇ ਬੋਲੇ ਗਏ ਉਸ ਦੇ ਸ਼ਬਦ ਕਿੰਨੇ ਸੱਚੇ ਸਨ?
ਸਰਦਾਰ ਬਾਦਲ ਨੇ ਅਮਰਿੰਦਰ ਦੇ ਰਾਹੁਲ ਗਾਂਧੀ ਨੂੰ ਬਰਗਾੜੀ ਵਿਖੇ ਬੁਲਾਉਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਰਾਹੁਲ ਦੀ ਪ੍ਰਸਤਾਵਿਤ ਫੇਰੀ ਨੇ ਆਖਿਰ ਖੁਲਾਸਾ ਕਰ ਦਿੱਤਾ ਹੈ ਕਿ ਇਹਨਾਂ ਅਖੌਤੀ ਪੰਥਕ ਆਗੂਆਂ ਵੱਲੋਂ ਲਾਏ ਜਾਅਲੀ ਮੋਰਚੇ ਦੀ ਯੋਜਨਾ ਕਿਸ ਨੇ ਘੜੀ ਸੀ ਅਤੇ ਕਿਸ ਨੇ ਲਾਗੂ ਕਰਨ ਲਈ ਫੰਡ ਦਿੱਤੇ ਸਨ। ਇਸ ਅਖੌਤੀ ਮੋਰਚੇ ਦੀ ਕਾਂਗਰਸ ਵੱਲੋਂ ਕੀਤੀ ਜਾ ਰਹੀ ਪੁਸ਼ਤਪਨਾਹੀ ਨਾਲ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਅਮਰਿੰਦਰ ਵੱਲੋਂ ਆਪਰੇਸ਼ਨ ਬਲਿਊ ਸਟਾਰ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਿੱਖਾਂ ਦੇ ਪਾਵਨ ਗ੍ਰੰਥ ਦੀ ਰਾਖੀ ਲਈ ਸੱਦਾ ਦਿੱਤਾ ਗਿਆ ਹੈ।