ਚੰਡੀਗੜ੍ਹ/04 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਸੂਬੇ ਦੇ ਲੋਕਾਂ ਨੂੰ ਜੁਆਬ ਦੇਣ ਕਿ ਕੀ ਉਸ ਨੇ ਆਪਣੇ ਪਿਛਲੇ ਅਤੇ ਮੌਜੂਦਾ ਕਾਰਜਕਾਲ ਦੌਰਾਨ ਪੁਲਿਸ ਨੂੰ ਗੋਲੀਬਾਰੀ ਦੇ ਉਹ ਸਾਰੇ ਹੁਕਮ ਖੁਦ ਦਿੱਤੇ ਸਨ, ਜਿਸ ਦੇ ਨਤੀਜੇ ਵਜੋਂ ਕਿਸਾਨਾਂ ਅਤੇ ਦੂਜੇ ਲੋਕਾਂ ਦੀਆਂ ਮੌਤਾਂ ਹੋਈਆਂ ਸਨ।
ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇੱਥੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਮਰਿੰਦਰ ਲੋਕਾਂ ਨੂੰ ਕਹਿੰਦਾ ਆ ਰਿਹਾ ਹੈ ਕਿ ਪੁਲਿਸ ਰਾਜ ਦੇ ਮੁੱਖ ਮੰਤਰੀ ਦੇ ਸਪੱਸ਼ਟ ਨਿਰਦੇਸ਼ਾਂ ਤੋਂ ਬਿਨਾਂ ਪ੍ਰਦਰਸ਼ਨਕਾਰੀਆਂ ਉੱਤੇ ਨਾ ਗੋਲੀ ਚਲਾ ਸਕਦੀ ਹੈ ਅਤੇ ਨਾ ਹੀ ਉਹਨਾਂ ਦਾ ਕਤਲ ਕਰ ਸਕਦੀ ਹੈ। ਜੇਕਰ ਉਸ ਦਾ ਇਹੀ ਮੰਨਣਾ ਹੈ ਤਾਂ ਉਸ ਨੂੰ ਨਾ ਸਿਰਫ ਫਰੀਦਕੋਟ ਵਿਚ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਦਾ ਜੁਆਬ ਦੇਣਾ ਚਾਹੀਦਾ ਹੈ, ਸਗੋਂ 2003 ਅਤੇ 2004 ਵਿਚ ਪੁਲਿਸ ਗੋਲੀਬਾਰੀ ਦੌਰਾਨ ਮਾਰੇ ਗਏ ਉਹਨਾਂ ਚਾਰ ਨਿਰਦੋਸ਼ ਕਿਸਾਨਾਂ ਦੇ ਕਤਲ ਦਾ ਵੀ ਜੁਆਬ ਦੇਣਾ ਚਾਹੀਦਾ ਹੈ। ਇਹਨਾਂ ਵਿਚੋਂ ਤਿੰਨ ਕਿਸਾਨ ਬਰਨਾਲਾ ਵਿਖੇ ਟ੍ਰਾਈਡੈਂਟ ਵਿਰੁੱਧ ਚੱਲ ਰਹੇ ਪ੍ਰਦਰਸ਼ਨ ਦੌਰਾਨ ਅਤੇ ਇੱਕ ਕਿਸਾਨ ਮਾਨਾਂਵਾਲਾ (ਅੰਮ੍ਰਿਤਸਰ) ਵਿਖੇ ਪੁਲਿਸ ਗੋਲੀਬਾਰੀ ਵਿਚ ਮਾਰਿਆ ਗਿਆ ਸੀ। ਇਹ ਦੋਵੇਂ ਘਟਨਾਵਾਂ ਮੁੱਖ ਮੰਤਰੀ ਦੇ ਪਿਛæੇ ਕਾਰਜਕਾਲ ਦੌਰਾਨ ਵਾਪਰੀਆਂ ਸਨ। ਇਹਨਾਂ ਦੋਵੇਂ ਘਟਨਾਵਾਂ ਵਿਚ ਪੁਲਿਸ ਵੱਲੋਂ ਕੀਤੀ ਅੰਨੇਵਾਹ ਫਾਈਰਿੰਗ ਦੌਰਾਨ 80 ਕਿਸਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਹੋਈਆਂ ਕਿਸਾਨਾਂ ਦੀਆਂ ਇਹਨਾਂ ਮੌਤਾਂ ਅਤੇ ਉਹਨਾਂ ਨੂੰ ਫੱਟੜ ਕਰਨ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ?
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕਿਸ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨਿਰਦੋਸ਼ ਕਿਸਾਨਾਂ ਉਤੇ ਫਾਈਰਿੰਗ ਕਰਨ ਦੇ ਹੁਕਮ ਜਾਰੀ ਕੀਤੇ ਸਨ। ਉਹਨਾਂ ਕਿਹਾ ਕਿ ਕੀ ਤੁਸੀਂ ਗੋਲੀਬਾਰੀ ਦੇ ਹੁਕਮ ਦਿੱਤੇ ਸਨ, ਜਿਸ ਨਾਲ ਬਰਨਾਲਾ ਵਿਖੇ ਸਰਕਾਰ ਦੀ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਲਾਪਰਵਾਹੀ ਖ਼ਿਲਾਫ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਚਾਰ ਨਿਰਦੋਸ਼ ਕਿਸਾਨਾਂ ਦੀ ਮੌਤ ਹੋ ਗਈ ਸੀ? ਤੁਹਾਡੇ ਮੌਜੂਦਾ ਸਟੈਂਡ ਅਨੁਸਾਰ ਤੁਹਾਡੇ ਵੱਲੋਂ ਸਿੱਧਾ ਹੁਕਮ ਮਿਲੇ ਬਗੈਰ ਪੁਲਿਸ ਗੋਲੀ ਨਹੀਂ ਸੀ ਚਲਾ ਸਕਦੀ। ਜੇਕਰ ਇਹੀ ਮਾਮਲਾ ਹੈ ਤਾਂ ਤੁਹਾਨੂੰ ਇਸ ਦੀ ਨੈਤਿਕ ਅਤੇ ਸੰਵਿਧਾਨਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਤੁਸੀਂ ਬੇਅਦਬੀ ਦੇ ਮੁੱਦੇ ਅਤੇ ਇਸ ਨਾਲ ਸੰਬੰਧਤ ਹੋਰ ਘਟਨਾਵਾਂ ਉੱਤੇ ਸ਼ਰੇਆਮ ਝੂਠ ਬੋਲ ਕੇ ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ?
ਅਕਾਲੀ ਦਲ ਦੇ ਜਰਨਲ ਸਕੱਤਰ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਜਦੋਂ ਵੀ ਉਸ ਦੀ ਪੁਲਿਸ ਸੰਵਿਧਾਨਕ ਰੇਖਾ ਟੱਪਦੀ ਹੈ ਤਾਂ ਕੀ ਉਹ ਇਸ ਦੀ ਹਰ ਵਾਰ ਸਿੱਧੀ ਜ਼ਿੰਮੇਵਾਰੀ ਲੈਂਦਾ ਹੈ, ਕਿਉਂਕਿ ਉਸ ਦੇ ਕਾਰਜਕਾਲ ਦੌਰਾਨ ਅਜਿਹਾ ਅਕਸਰ ਹੁੰਦਾ ਰਿਹਾ ਹੈ। ਉਹਨਾਂ ਕਿਹਾ ਕਿ ਕੀ ਤੁਸੀਂ ਫਰੀਦਕੋਟ ਹਿਰਾਸਤੀ ਮੌਤ ਦੀ ਜ਼ਿੰਮੇਵਾਰੀ ਲਵੋਗੇ? ਕਿਸ ਨੇ ਇੱਕ ਏਐਸਆਈ ਨੂੰ ਬਠਿੰਡਾ ਜ਼ਿਲ੍ਹੇ ਵਿਚ ਇੱਕ ਲੜਕੇ ਉੱਤੇ ਵਹਿਸ਼ੀਆਨਾ ਤਸ਼ੱਦਦ ਕਰਨ ਦਾ ਹੁਕਮ ਦਿੱਤਾ ਸੀ?
ਸਰਦਾਰ ਗਰੇਵਾਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਬੇਅਦਬੀ ਨਾਲ ਸੰਬੰਧਿਤ ਪੁਲਿਸ ਫਾਈਰਿੰਗ ਦੇ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ ਨਾ ਸਿਰਫ ਫੌਰੀ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਸੀ, ਸਗੋਂ ਬੇਅਦਬੀ ਦੇ ਕੇਸਾਂ ਦੀ ਜਾਂਚ ਲਈ ਇੱਕ ਸਿਟ ਵੀ ਬਣਾਈ ਸੀ। ਇਹ ਤੁਹਾਡੇ ਵਾਲੀ ਨਹੀਂ, ਸਗੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਈ ਸਿਟ ਹੀ ਸੀ, ਜਿਸ ਨੇ ਬੇਅਦਬੀ ਦੇ ਕੇਸ ਨੂੰ ਹੱਲ ਕੀਤਾ ਸੀ। ਇਸ ਕੇਸ ਨੂੰ ਹੱਲ ਕਰਨ ਵਿਚ ਸਿਟ ਨੂੰ ਤਿੰਨ ਸਾਲ ਲੱਗੇ ਸਨ, ਜਿਹਨਾਂ ਵਿਚੋਂ 18 ਮਹੀਨੇ ਅਕਾਲੀ-ਭਾਜਪਾ ਕਾਰਜਕਾਲ ਦੇ ਅਤੇ ਬਾਕੀ ਕਾਂਗਰਸੀ ਕਾਰਜਕਾਲ ਦੇ ਸਨ।
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਇੱਕ ਪਵਿੱਤਰ ਧਾਰਮਿਕ ਮੁੱਦੇ ਦਾ ਸਿਆਸੀਕਰਨ ਕਰਕੇ ਆਪਣੇ ਪੂਰਵਜ ਕਾਂਗਰਸੀ ਮੁੱਖ ਮੰਤਰੀਆਂ ਅਤੇ ਕੇਂਦਰੀ ਆਗੂਆਂ ਵੱਲੋਂ ਪਾਈ ਲੀਹ ਉੱਤੇ ਤੁਰਨਾ ਬੰਦ ਕਰੇ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਖਾਲਸਾ ਪੰਥ ਅੰਦਰ ਵੰਡੀਆਂ ਪਾਉਣ ਦੀਆਂ ਸਾਜ਼ਿਸ਼ਾਂ ਕਰਕੇ ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਭੋਗ ਚੁੱਕਿਆ ਹੈ। ਹੁਣ ਸਮਾਂ ਹੈ ਕਿ ਕਾਂਗਰਸ ਮਹਿਸੂਸ ਕਰੇ ਕਿ ਇਸ ਦੀ ਸਾਜ਼ਿਸ਼ੀ ਅਤੇ ਵੰਡ ਪਾਊ ਸਿਆਸਤ ਨੇ ਪੰਜਾਬੀਆਂ ਅਤੇ ਸਿੱਖਾਂ ਨੂੰ ਕਿੰਨੇ ਵੱਡੇ ਜ਼ਖ਼ਮ ਦਿੱਤੇ ਹਨ।