ਕਿਹਾ ਕਿ ਮੁੱਖ ਮੰਤਰੀ ਜੁਆਬ ਦੇਣ ਕਿ ਕਾਂਗਰਸ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਅਨੁਸਾਰ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਹਨ?
ਬਠਿੰਡਾ/20 ਅਪ੍ਰੈਲ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਜਿਸ ਤਰੀਕੇ ਨਾਲ ਕਾਂਗਰਸ ਸਰਕਾਰ ਵੱਲੋਂ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰ ਦੀ ਅਣਦੇਖੀ ਕੀਤੀ ਜਾ ਰਹੀ ਹੈ, ਇਹ ਬਹੁਤ ਹੀ ਅਣਮਨੁੱਖੀ ਸਲੂਕ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਕਾਂਗਰਸੀ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਅਨੁਸਾਰ ਹਰ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੇਣ ਦਾ ਇੰਤਜ਼ਾਮ ਕਰਨ।
ਕੱਲ੍ਹ ਤਲਵੰਡੀ ਸਾਬੋ ਅਤੇ ਬੁਢਲਾਡਾ ਵਿਖੇ ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਬਾਰੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਰਕਾਰ ਬਣਾਉਣ ਤੋਂ ਦੋ ਸਾਲ ਬਾਅਦ ਵੀ ਕਾਂਗਰਸ ਪਾਰਟੀ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦੇਣ ਸੰਬੰਧੀ ਅਜੇ ਤੀਕ ਕੋਈ ਨੀਤੀ ਤਿਆਰ ਨਹੀਂ ਕਰ ਪਾਈ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਨ ਜਾਣ ਮਗਰੋਂ 950 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਪਰ ਸਰਕਾਰ ਅਜੇ ਵੀ ਕਿਸਾਨਾਂ ਦੀਆਂ ਤਕਲੀਫਾਂ ਨੂੰ ਵੇਖ ਕੇ ਪਿਘਲੀ ਨਹੀਂ ਹੈ।
ਬਠਿੰਡਾ ਸਾਂਸਦ ਨੇ ਕਿਹਾ ਕਿ ਉਹਨਾਂ ਨੂੰ ਮਿਲੀ ਜਾਣਕਾਰੀ ਮੁਤਾਬਿਕ ਤਲਵੰਡੀ ਸਾਬੋ ਦੇ ਇੱਕ 22 ਸਾਲ ਦੇ ਕਿਸਾਨ ਅੰਮ੍ਰਿਤਪਾਲ ਨੇ ਮਹਿਜ਼ 2æ5 ਲੱਖ ਰੁਪਏ ਦਾ ਕਰਜ਼ਾ ਨਾ ਮੋੜ ਸਕਣ ਕਰਕੇ ਖੁਦਕੁਸ਼ੀ ਕਰ ਲਈ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਇੱਕ ਹੋਰ ਕਿਸਾਨ ਬੁਢਲਾਡਾ ਦਾ ਮੇਜਰ ਸਿੰਘ ਕਰਜ਼ੇ ਥੱਲੇ ਦਬਿਆ ਹੋਇਆ ਸੀ, ਜਦੋਂ ਉਸ ਨੇ ਮਹਿਸੂਸ ਕਰ ਲਿਆ ਕਿ ਕਾਂਗਰਸ ਸਰਕਾਰ ਦੀ ਆਪਣਾ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਦੀ ਕੋਈ ਨੀਅਤ ਨਹੀਂ ਹੈ ਤਾਂ ਉਸ ਨੇ ਵੀ ਨਿਰਾਸ਼ ਹੋ ਕੇ ਆਪਣੀ ਜਾਨ ਦੇ ਦਿੱਤੀ।
ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਨੇ ਝੂਠ ਬੋਲ ਕੇ ਕਿਸਾਨਾਂ ਨਾਲ ਧੋਖਾ ਕੀਤਾ ਸੀ, ਬੀਬੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਹ ਜੁਆਬ ਦੇਣ ਕਿ ਉਹਨਾਂ ਨੇ ਲਿਖਤੀ ਰੂਪ ਵਿਚ ਕਿਸਾਨਾਂ ਨੂੰ ਉਹਨਾਂ ਦੇ ਸਾਰੇ ਕਰਜ਼ੇ, ਉਹ ਚਾਹੇ ਰਾਸ਼ਟਰੀਕ੍ਰਿਤ, ਸਹਿਕਾਰੀ ਬੈਂਕਾਂ ਦੇ ਹੋਣ ਜਾਂ ਸ਼ਾਹੂਕਾਰਾਂ ਕੋਲੋਂ ਲਏ ਹੋਣ, ਮੁਆਫ ਕਰਨ ਦਾ ਭਰੋਸਾ ਕਿਉਂ ਦਿੱਤਾ ਸੀ? ਉਹਨਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਜੁਆਬ ਦੇਣ ਕਿ ਉਹਨਾਂ ਨੇ ਇਸ ਵਾਅਦੇ ਨੂੰ ਪਾਰਟੀ ਦੇ ਚੋਣ ਮੈਨੀਫੈਸਟੋ ਦਾ ਮੁੱਖ ਵਾਅਦਾ ਕਿਉਂ ਬਣਾਇਆ ਸੀ? ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੂਰਖ ਬਣਾਉਣ ਮਗਰੋਂ ਹੁਣ ਕਾਂਗਰਸ ਪਾਰਟੀ ਦਲਿਤਾਂ ਨੂੰ ਵੀ ਬੇਵਕੂਫ ਬਣਾਉਣ ਦੀ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਵਾਰ ਲੋਕ ਕਾਂਗਰਸ ਪਾਰਟੀ ਦੇ ਛਲਾਵੇ ਵਿਚ ਨਹੀਂ ਆਉੁਣਗੇ। ਉਹਨਾਂ ਕਿਹਾ ਕਿ ਦਲਿਤ ਜਾਣਦੇ ਹਨ ਕਿ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀਆਂ ਸਾਰੀਆਂ ਸਹੂਲਤਾਂ ਖੋਹ ਲਈਆਂ ਹਨ, ਇਸ ਲਈ ਉਹ ਕਾਂਗਰਸ ਦੇ ਝੂਠੇ ਵਾਅਦਿਆਂ ਉੱਤੇ ਭਰੋਸਾ ਨਹੀਂ ਕਰਨਗੇ।
ਬੀਬੀ ਬਾਦਲ ਨੇ ਕਿਹਾ ਕਿ ਕਰਜ਼ਾ ਮੁਆਫੀ ਦੇ ਝੂਠੇ ਵਾਅਦੇ ਨੇ ਸੂਬੇ ਦੀ ਅਰਥ-ਵਿਵਸਥਾ ਤਬਾਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕਿਸਾਨ ਡਿਫਾਲਟਰ ਹੋ ਗਏ ਹਨ, ਕਿਉਂਕਿ ਉਹਨਾਂ ਨੇ ਕੈਪਟਨ ਅਮਰਿੰਦਰ ਉੱਤੇ ਭਰੋਸਾ ਕਰ ਲਿਆ ਅਤੇ ਕਰਜ਼ੇ ਮੋੜਣਾ ਬੰਦ ਕਰ ਦਿੱਤਾ। ਹੁਣ ਉਹਨਾਂ ਨੂੰ ਆੜ੍ਹਤੀਆਂ ਕੋਲੋਂ ਲਏ ਕਰਜ਼ਿਆਂ ਉਤੇ ਭਾਰੀ ਵਿਆਜ ਦੇਣਾ ਪੈ ਰਿਹਾ ਹੈ। ਇਸ ਦਾ ਅਗਲੀ ਪੀੜ੍ਹੀ ਉੱਤੇ ਬਹੁਤ ਹੀ ਮਾੜਾ ਅਸਰ ਪਿਆ ਹੈ। ਬਹੁਤ ਸਾਰੇ ਨੌਜਵਾਨਾਂ ਨਿਰਾਸ਼ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ, ਜਿਵੇਂਕਿ ਤਿਉਣਾ ਪੁਜਾਰੀ ਦੇ ਹਰਮਨਦੀਪ ਦੇ ਮਾਮਲੇ ਵਿਚ ਵਾਪਰਿਆ ਹੈ, ਜਿਸ ਨੇ 15 ਅਪ੍ਰੈਲ ਨੂੰ ਖੁਦਕੁਸ਼ੀ ਕਰ ਲਈ ਸੀ।
ਬਠਿੰਡਾ ਸਾਂਸਦ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਿੱਠ ਵਿਚ ਛੁਰਾ ਮਾਰਨ ਵਾਲੀ ਕਾਂਗਰਸ ਨੂੰ ਉਹ ਕਰਾਰਾ ਸਬਕ ਸਿਖਾਉਣ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਮੂੰਹ ਤੋੜ ਜੁਆਬ ਦੇਣ ਲਈ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕਰਨ ਤਾਂ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਹੋ ਜਾਵੇ।