ਮਜੀਠੀਆ ਹਲਕੇ ਦੇ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨਾਲ ਦੁੱਖ ਕੀਤੀ ਸਾਂਝਾ
ਅੰਮ੍ਰਿਤਸਰ, 8 ਜਨਵਰੀ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਜੋ ਲੋਕ ਕਿਸਾਨ ਅੰਦੋਲਨ ਲਈ ਯੋਗਦਾਨ ਪਾ ਰਹੇ ਹਨ, ਉਹਨਾਂ ਨੁੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਆਪਣਾ ਨਿਸ਼ਾਨਾ ਬਣਾ ਰਹੇ ਹਨ।
ਮਜੀਠੀਆ ਹਲਕੇ ਦੇ ਪਿੰਡ ਰੂਪਾਵਾਲੀ ਖੁਰਦ ਦੇ ਕਿਸਾਨ ਮੰਗਲ ਸਿੰਘ ਜੋ ਚਲ ਰਹੇ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋ ਗਏ, ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਜੀਠੀਆ ਨੇ ਭਾਜਪਾ ਆਗੂਆਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਵਾਲੇ ਪੰਜਾਬੀਆਂ ਖਿਲਾਫ ਇਰਾਦਾ ਕਤਲ ਦੇ ਕੇਸ ਦਰਜ ਕੀਤੇ ਜਾਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਆੜ੍ਹਤੀਆਂ, ਅਕਾਦਮਿਕ ਸ਼ਖਸੀਅਤਾਂ, ਗਾਇਕਾਂ ਤੇ ਗੀਕ ਲੇਖਕਾਂ ਸਮੇਤ ਸਮਾਜ ਦੇ ਜੋ ਵੀ ਵਰਗ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ, ਉਹਨਾਂ ਨੁੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਹਿਕਾ ਕਿ ਕਿਸਾਨ ਅੰਦੋਲਨ ਬਾਰੇ ਕਿਸਾਨ ਐਂਥਮ ਲਿਖਣ ਵਾਲੇ ਲੇਖਕ ਸ਼੍ਰੀ ਬਰਾੜ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੇ ਉਸ ਨਾਲ ਮਾਰ ਕੁੱਟ ਕੀਤੀ। ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਨੇ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਲੰਗਰ ਲਗਾਏ ਉਹਨਾਂ ਨੂੰ ਵੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਨਿਸ਼ਾਨਾ ਬਣਾ ਰਹੇ ਹਨ।
ਸ੍ਰੀ ਮਜੀਠੀਆ ਨੇ ਭਾਜਪਾ ਨੂੰ ਆਖਿਆ ਕਿ ਉਹ ਹਊਮੈ ਨੁੰ ਇਕ ਪਾਸੇ ਰੱਖੇ ਤੇ ਕੜਾਕੇ ਦੀ ਠੰਢ ਵਿਚ ਪਿਛਲੇ 40 ਤੋਂ ਵੱ ਦਿਨਾਂ ਤੋਂ ਬੈਠੇ ਕਿਸਾਨਾਂ ਨਾਲ ਗੱਲਬਾਤ ਕਰੇ ਕਿਉਂਕਿ ਹੁਣ ਤੱਕ 60 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਹਨ। ਉਹਨਾਂ ਕਿਹਾ ਕਿ ਕੇਂਦਰ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਬੇਰੁਖੀ ਅਪਣਾ ਰਿਹਾ ਹੈ ਤੇ ਉਹਨਾਂ ਨਾਲ ਥੋਥੀ ਗੱਲਬਾਤ ਕਰ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਥਕਾਇਆ ਜਾ ਸਕੇ। ਉਹਨਾਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਵੀ ਨਿਖੇਧੀ ਕੀਤੀ ਤੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਉਹ ਅੜ ਰਹੇ ਹਨ ਜਦਕਿ ਅਸਲੀਅਤ ਹੈ ਕਿ ਕੇਂਦਰ ਸਰਕਾਰ ਨੇ ਹੰਕਾਰੀ ਰਵੱਈਆ ਅਪਣਾਇਆ ਹੋਇਆ ਹੈ ਅਤੇ ਉਹ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਤਿਆਰ ਨਹੀਂ ਹੈ।
ਸ੍ਰੀ ਮਜੀਠੀਆ ਨੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਹਰ ਮਦਦ ਦੇਣ ਦਾ ਭਰੋਸਾ ਦੁਆਇਆ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਿਆਂ ਦੀ ਇਸ ਲੜਾਈ ਵਿਚ ਉਹਨਾਂ ਦੇ ਨਾਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ, ਜੋ ਮੌਕੇ ’ਤੇ ਹਾਜ਼ਰ ਸਨ, ਨੇ ਪੀੜਤ ਪਰਿਵਾਰ ਨੂੰ ਇਕ ਲੱਖ ਰੁਪਏ ਦਾ ਚੈਕ ਸੌਂਪਿਆ।