ਸੰਯੁਕਤ ਕਿਸਾਨ ਮੋਰਚਾ ਦੱਸੇ ਕਿ ਕਾਂਗਰਸ ਤੇ ਆਪ ਦੇ ਸਿਆਸੀ ਸਮਾਗਮਾਂ ’ਤੇ ਕੋਈ ਇਤਰਾਜ਼ ਕਿਉਂ ਨਹੀਂ ਕੀਤਾ : ਬਿਕਰਮ ਸਿੰਘ ਮਜੀਠੀਆ
ਸੀਨੀਅਰ ਕਾਂਗਰਸੀ ਤੇ ਆਪ ਆਗੂਆਂ ਤੇ ਬ੍ਰਹਮਪੁਰਾ ਨਾਲ ਜੁੜੇ ਵਰਕਰਾਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਕੀਤਾ ਸਵਾਗਤ
ਅੰਮ੍ਰਿਤਸਰ, 14 ਸਤਬੰਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿ ਕੇ ਕਿਸਾਨ ਅੰਦੋਲਨ ਦਾ ਅਪਮਾਨ ਕਰਨ ਦੀ ਨਿਖੇਧੀ ਕੀਤੀ ਕਿ ਕਾਂਗਰਸ ਪਾਰਟੀ ਵੱਲੋਂ ਦਿੱਤੇ ਸਹਿਯੋਗ
ਕਾਰਨ ਹੀ ਮੋਰਚਾ ਸਫਲਤਾ ਨਾਲ ਚਲ ਰਿਹਾ ਹੈ ਅਤੇ ਉਹਨਾਂ ਸੰਯੁਕਤ ਕਿਸਾਨ ਮੋਰਚੇ ਨੁੰ ਆਖਿਆ ਕਿ ਉਹ ਪੰਜਾਬੀਆਂ ਨੁੰ ਦੱਸੇ ਕਿ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਸਿਆਸੀ ਸਮਾਗਮਾਂ ’ਤੇ ਇਤਰਾਜ਼ ਕਿਉਂ ਨਹੀਂ ਕਰ ਰਿਹਾ।
ਸੀਨੀਅਰ ਆਗੂ ਇਥੇ ਕਾਂਗਰਸ ਤੇ ਆਪ ਦੇ ਸੀਨੀਅਰ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਨ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਹਨਾਂ ਆਗੂਆਂ ਵਿਚ ਕਾਂਗਰਸ ਕਿਸਾਨ ਸੈਲ ਦੇ ਵਾਈਸ ਚੇਅਰਮੈਨ ਸਤਪਾਲ ਸਿੰਘ ਵਡਾਲੀ ਅਤੇ ਆਪ ਦੇ ਸੂਬਾ ਕਮੇਟੀ ਮੈਂਬਰ ਜਸਬੀਰ ਸਿੰਘ ਵਡਾਲੀ ਤੋਂ ਇਲਾਵਾ ਰਣਜੀਤ ਸਿੰਘ ਬ੍ਰਹਮਪੁਰਾ ਦੇ ਹਲਕੇ ਤੋਂ ਆਗੂ ਸ਼ਾਮਲ ਸਨ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਏ ਕਿ ਮੁੱਖ ਮੰਤਰੀ ਜੋ ਸਾਢੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਆਪਣੇ ਫਾਰਮ ਹਾਊਸ ਵਿਚ ਲੁਕਿਆ ਬੈਠਾ ਹੈ, ਹੁਣ ਬਹਾਦਰ ਕਿਸਾਨਾਂ ਦੀਆਂ ਸ਼ਹਾਦਤਾਂ ਦਾ ਸਿਹਰਾ ਲੈਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਸੱਚਾਈ ਹਿਹ ਹੈ ਕਿ ਕਿਸਾਨ, ਜਿਹਨਾਂ ਨੇ ਸਰਦੀ, ਗਰਮੀ ਦੇ ਨਾਲ ਨਾਲ ਮੀਂਹ ਝੱਖੜਾਂ ਦਾ ਵੀ ਸਾਹਮਣਾ ਕੀਤਾ, ਨਾਲ ਗਾਂਧੀ ਪਰਿਵਾਰ ਨੇ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਤਿੰਨ ਖੇਤੀ ਬਿੱਲਾਂ ਖਿਲਾਫ ਕੋਈ ਵਿਪ੍ਹ ਜਾਰੀ ਨਹੀਂ ਕੀਤੀ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸੰਸਦ ਦੇ ਸੈਸ਼ਨ ਵਿਚ ਹੀ ਨਹੀਂ ਗਏ ਜਦੋਂ ਇਹ ਬਿੱਲ ਵੋਟਿੰਗ ਲਈ ਪੇਸ਼ ਕੀਤੇ ਜਾ ਰਹੇ ਸਨ। ਉਹਨਾਂ ਕਿਹਾ ਕਿ ਅਸੀਂ ਇਹ ਵੀ ਜਾਣਦੇ ਹਾਂ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਤਿੰਨ ਖੇਤੀ ਐਕਟਾਂ ਦੀਆਂ ਵਿਵਸਥਾਵਾਂ ਦੀ ਹਮਾਇਤ ਕੀਤੀ ਹੈ ਤੇ ਉਸਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਏ ਪੀ ਐਮ ਸੀ ਦਾ ਨਿੱਜੀਕਰਨ ਕਰਨ ਦਾ ਵਾਅਦਾ ਵੀ ਸ਼ਾਮਲ ਕੀਤਾ ਸੀ।
ਸੰਯੁਕੁਤ ਕਿਸਾਨ ਮੋਰਚੇ ਵੱਲੋਂ ਸਿਆਸੀ ਪਾਰਟੀਆਂ ਨੁੰ ਕੋਈ ਸਿਆਸੀ ਸਮਾਗਮ ਨਾ ਕਰਨ ਦੇ ਸਟੈਂਡ ਬਾਰੇ ਸਰਦਾਰ ਮਜੀਠੀਆ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਖੁਦ ਆਪਣੇ ਲਈ ਸਵਾਲ ਸਹੇੜ ਲਏ ਹਨ। ਕਾਂਗਰਸ ਪਾਰਟੀ ਨੇ ਖੇਮਕਰਨ ਤੇ ਬਟਾਲਾ ਵਿਚ ਹਾਲ ਹੀ ਵਿਚ ਸਿਆਸੀ ਸਮਾਗਮ ਕੀਤੇ ਤੇ ਕੱਲ੍ਹ ਵੀ ਦੋ ਕਾਂਗਰਸੀ ਮੰਤਰੀਆਂ ਨੇ ਸਮਾਗਮ ਕੀਤੇ ਤੇ ਆਪ ਨੇ ਵੀ ਪਹਿਲਾਂ ਸਿਆਸੀ ਰੈਲੀ ਕੀਤੀ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਹੁਣ ਇਹ ਸਾਮਹਣੇ ਆਇਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਆਪ ਇਹ ਹਦਾਇਤ ਕਰਨ ਵੇਲੇ ਇਕ ਮੰਚ ’ਤੇ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਪਸ਼ਟ ਕੀਤਾ ਹੈ ਕਿ ਲੜਾਈ ਸਿਰਫ ਭਾਜਪਾ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਉਹਨਾਂ ਆਪ ਮਹਿਸੂਸ ਕੀਤਾ ਹੈ ਕਿ ਇਹ ਕੌਮੀ ਪੱਧਰ ਦਾ ਕਿਸਾਨ ਅੰਦੋਲਨ ਹੈ ਜਿਸਨੂੰ ਸਿਰਫ ਪੰਜਾਬ ਤੱਕ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਦੇਸ਼ ਭਰ ਵਿਚ ਕਿਤੇ ਵੀ ਸਿਆਸੀ ਪਾਰਟੀਆਂ ਲਈ ਆਪਣੇ ਸਮਾਗਮ ਤੇ ਰੈਲੀਆਂ ਕਰਨ ’ਤੇ ਕੋਈ ਪਾਬੰਦੀ ਨਹੀਂ ਹੈ।
ਅਕਾਲੀ ਆਗੂ ਨੇ ਕਿਹਾ ਕਿ ਜਿਥੇ ਤੱਕ ਅਕਾਲੀ ਦਲ ਦਾ ਸਵਾਲ ਹੈ ਤਾਂ ਉਹ ਕਿਸਾਨਾਂ ਦੇ ਨਾਲ ਹੈ ਤੇ ਇਸਨੇ 17 ਸਤੰਬਰ ਨੂੰ ਸੰਸਦ ਵਿਚ ਤਿੰਨ ਕਾਲੇ ਕਾਨੂੰਨਾ ਪਾਸ ਹੋਣ ਦੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਤਿੰਨੋਂ ਖੇਤੀ ਕਾਨੂੰਨਾਂ ਦੇ ਖਾਤਮੇ ਲਈ ਦਿੱਲੀ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਅਰਦਾਸ ਕਰਾਂਗੇ ਅਤੇ ਫਿਰ ਸੰਸਦ ਤੱਕ ਰੋਸ ਮਾਰਚ ਕਰਾਂਗੇ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਆਪਣੀਆਂ ਜ਼ਮੀਨਾਂ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਨੁੰ ਪਿਛਲੇ ਸਾਢੇ ਚਾਰ ਸਾਲਾਂ ਤੋਂ 10 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਇਸ ਵਾਸਤੇ ਕੇਂਦਰ ਤੋਂ ਮਿਲੀ ਗਰਾਂਟ ਖੁਰਦ ਬੁਰਦ ਕੀਤੀ ਗਈ। ਉਹਨਾਂ ਕਿਹਾ ਕਿ ਮੁਸ਼ਕਿਲਾਂ ਝੱਲਦੇ ਸਰਹੱਦੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਿਆ ਗਿਆ ਸੀ ਜਿਹਨਾਂ ਨੇ ਇਹ ਮਾਮਲਾ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਕੋਲ ਚੁੱਕਿਆ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਦੇਸਮੇਂ ਕਿਸਾਨਾਂ ਨੁੰ ਪੂਰਾ ਮੁਆਵਜ਼ਾ ਮਿਲਿਆ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਸਾਰੀਆਂ ਪਾਰਟੀਆਂ ਨੁੰ ਅਪੀਲ ਕੀਤੀ ਕਿ ਜਲਿ੍ਹਆਂ ਵਾਲਾ ਬਾਗ ਮੈਮੋਰੀਅਲ ਲਈ ਸਹੀ ਕਦਮ ਚੁੱਕਿਆ ਜਾਵੇ। ਉਹਨਾਂ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਵਕਾਰ ਵੱਲੋਂ ਬਹਾਲੀ ਦੇ ਨਾਂ ’ਤੇ ਕੀਤੇ ਨਵੀਂਕਰਨ ਨੇ ਇਸ ਯਾਦਗਾਰ ਨੁੰ ਮੈਰਿਜ ਪੈਲੇਸ ਦਾ ਰੂਪ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਗਲਤੀ ਦਰੁੱਸਤ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸੇ ਨੁੰ ਵੀ ਇਸ ਤਰੀਕੇ ਇਤਿਹਾਸ ਨਾਲ ਛੇੜਛਾੜ ਦੀ ਆਗਿਆ ਨਹੀਂ ਹੋਣੀ ਚਾਹੀਦੀ।