ਚੰਡੀਗੜ੍ਹ, 14 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਵੱਲੋਂ ਮਿਉਂਸਪਲ ਚੋਣਾਂ ਦੌਰਾਨ ਸਿਵਲ ਤੇ ਪੁਲਿਸ ਮਸ਼ੀਨਰੀ ਦੀ ਘੋਰ ਦੁਰਵਰਤੋਂ ਕਰ ਕੇ ਬੂਥਾਂ ’ਤੇ ਕਬਜ਼ਾ ਕਰਨ ਤੇ ਵਿਰੋਧੀ ਪਾਰਟੀਆਂ ਖਿਲਾਫ ਵਿਆਪਕ ਹਿੰਸਾ ਕਰ ਕੇ ਵੋਟਰਾਂ ਨੂੰ ਡਰਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਸੂਬਾ ਚੋਣ ਕਮਿਸ਼ਨ ਨੂੰ ਚੌਕਸ ਕੀਤਾ ਸੀ ਕਿ ਕਿਵੇਂ ਜ਼ਿਲ੍ਹਾ ਪ੍ਰੀਸ਼ਤ ਤੇ ਪੰਚਾਇਤਸੰਮਤੀ ਚੋਣਾਂ ਵਿਚ ਲੋਕਤੰਤਰ ਦਾ ਕਤਲ ਕੀਤਾ ਗਿਆ ਸੀ ਤੇ ਕਿਵੇਂ ਕਾਂਗਰਸੀ ਗੁੰਡੇ ਬੁੂਥਾਂ ’ਤੇ ਕਬਜ਼ਾ ਕਰ ਸਕਦੇ ਹਨ ਤੇ ਕਾਂਗਰਸੀ ਗੁੰਡਿਆਂ ਵੱਲੋਂ ਅੱਜ ਬੂਥਾਂ ’ਤੇ ਕਬਜ਼ੇ ਕਰਨ ਤੇ ਹੋਰ ਚੋਣ ਬੇਨਿਯਮੀਆਂ ਕਰਨ ਦਾ ਡਰ ਹੈ। ਪਰ ਇਸ ਚੇਤਾਵਨੀ ਦੇ ਬਾਵਜੂਦ ਹਾਲਾਤ ’ਤੇ ਕੰਟਰੋਲ ਰੱਖਣ ਤੇ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਕੋਈ ਠੋਸ ਨਹੀਂ ਚੁੱਕੇ ਗਏ।
ਡਾ. ਚੀਮਾ ਨੇ ਕਿਹਾ ਕਿ ਕਾਂਗਰਸੀ ਗੁੰਡਿਆਂ ਨੇ ਸਿਰਫ ਬੂਥਾਂ ’ਤੇ ਹੀ ਕਬਜ਼ਾ ਨਹੀਂ ਕੀਤਾ ਬਲਕਿ ਵਿਰੋਧੀ ਧਿਰ ਤੇ ਆਮ ਲੋਕਾਂ ਨੇ ਜਿਥੇ ਵੀ ਉਹਨਾਂ ਦਾ ਵਿਰੋਧ ਕੀਤਾ, ਉਥੇ ਹੀ ਉਹਨਾਂ ਉਪਰ ਹਮਲਾ ਕਰ ਦਿੱਤਾ।
ਘਟਨਾਵਾਂ ਦੇ ਵੇਰਵੇ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿਚ ਪੱਟੀ ਵਿਚ ਗੋਲੀਆਂ ਚਲਾਈਆਂ ਗਈਆਂ, ਰੋਪੜ ਤੇ ਫਤਿਹਗੜ੍ਹ ਚੂੜੀਆਂ ਵਿਚ ਅਕਾਲੀ ਦਲ ਦੇ ਸਮਰਥਕਾਂ ਨੂੰ ਤੇਜ਼ ਧਾਰ ਹਥਿਆਰਾਂ ਨਾਲ ਜ਼ਖ਼ਮੀ ਕੀਤਾ ਗਿਆ, ਰਾਜਪੁਰਾ, ਸਮਾਣਾ, ਮੁਕਸਤਰ, ਸੁਲਤਾਨਪੁਰ ਲੋਧੀ, ਦੀਨਾਨਗਰ, ਫਿਰੋਜ਼ਪੁਰ ਤੇ ਭਿਖੀਵਿੰਡ ਵਿਚ ਬੂਥਾਂ ’ਤੇ ਕਬਜ਼ਾ ਕੀਤਾ ਗਿਆ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਵਿਰਸਾ ਸਿੰਘ ਵਲਟੋਹਾ ਅਤੇ ਉਹਨਾਂ ਦੇ ਪੁੱਤਰ ਗੌਰਵਦੀਪ ਸਿੰਘ ਵਲਟੋਹਾ ਤੇ ਪੰਜ ਹੋਰਨਾਂ ਖਿਲਾਫ ਝੂਠਾ ਕੇਸ ਦਰਜ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਸੇ ਤਰੀਕੇ ਪੁਲਿਸ ਨੇ ਖੰਨਾ ਵਿਚ ਪਾਰਟੀ ਦੇ ਵਾਰਡ ਨੰਬਰ 26 ਤੋਂ ਉਮੀਦਵਾਰ ਰਾਜਿੰਦਰ ਸਿੰਘ ਜੀਤ ਤੇ ਉਹਨਾਂ ਦੀ ਧਰਮ ਪਤਨੀ ਤੇ ਵਾਰਡ ਨੰਬਰ 25 ਤੋਂ ਉਮੀਦਵਾਰ ਜਸਵਿੰਦਰ ਕੌਰ ਦੇ ਘਰ ਉਪਰ ਕੱਲ੍ਹ ਰਾਤ ਹਮਲਾ ਕਰ ਦਿੱਤਾ ਤੇ ਉਲਟਾ ਉਹਨਾਂ ਦੇ ਹੀ ਪਰਿਵਾਰ ਦੇ 13 ਜੀਆਂ ਖਿਲਾਫ ਕੇਸ ਦਰਜ ਕਰ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਹੀ ਮੁਕਤਸਰ ਵਿਚ ਵਾਰਡ ਨੰਬਰ 18 ਤੋਂ ਪਾਰਟੀ ਦੇ ਉਮੀਦਵਾਰ ਤੇਜ ਚੰਦ ਬੱਤਰਾ ਨਾਲ ਕੀਤਾ ਗਿਆ ਜਿਹਨਾਂ ਖਿਲਾਫ ਅਗਵਾਕਾਰੀ ਦਾ ਕੇਸ ਦਰਜ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਸਨ ਕਿ ਕਾਂਗਰਸੀ ਗੁੰਡਿਆਂ ਨੇ ਸ਼ਰ੍ਹੇਆਮ ਅਕਾਲੀ ਵਰਕਰਾਂ ਦੀਆਂ ਪੱਗਾਂ ਲਾਹੀਆਂ ਤੇ ਦਹਿਸ਼ਤ ਫੈਲਾਈ ਪਰ ਕੇਸ ਉਲਟਾ ਪੀੜਤਾਂ ਖਿਲਾਫ ਹੀ ਦਰਜ ਕਰ ਦਿੱਤੇ ਗਏ।
ਡਾ. ਚੀਮਾ ਨੇ ਕਿਹਾ ਕਿ ਪੁਲਿਸ ਨੇ ਪੋÇਲੰਗ ਬੂਥਾਂ ਅੰਦਰ ਵੀਡੀਓਗ੍ਰਾਫੀ ਦੀ ਆਗਿਆ ਦਾ ਵੀ ਵਿਰੋਧ ਕੀਤਾ ਤੇ ਵੀਡੀਓਗ੍ਰਾਫੀ ਲਈ ਕਿਸੇ ਨੂੰ ਤਾਇਨਾਤ ਨਹੀਂ ਕਰਨ ਦਿੱਤਾ। ਉਹਨਾਂ ਕਿਹਾ ਕਿ ਸੂਬਾ ਚੋਣ ਕਮਿਸ਼ਨ ਸੰਵੇਦਨਸ਼ੀਲ ਥਾਵਾਂ ’ਤੇ ਵੀਡੀਓਗ੍ਰਾਫੀ ਯਕੀਨੀ ਬਣਾਉਣ ਵਿਚ ਨਾਕਾਮ ਰਿਹਾ ਜਿਸ ਕਾਰਨ ਵੱਡੀ ਪੱਧਰ ’ਤੇ ਬੂਥਾਂ ’ਤੇ ਕਬਜ਼ੇ ਹੋਏ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਨੇ ਉਹੀ ਦੁਹਰਾਇਆ ਜੋ ਉਸਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵੇਲੇ ਕੀਤਾ ਸੀ ਕਿਉਂਕਿ ਉਹ ਜਾਣਦੀ ਹੈ ਕਿ ਉਸਨੇ ਕੀਤੇ ਵਾਅਦੇ ਪੂਰੇ ਨਾ ਕਰਨ ਕਾਰਨ ਲੋਕਾਂ ਦਾ ਵਿਸ਼ਵਾਸ ਗੁਆ ਲਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਮਿਉਂਸਪਲ ਚੋਣਾਂ ਵਿਚ ਇਸ ਕਰ ਕੇ ਵੀ ਡਰੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਸਾਰੀਆਂ ਸਹੂਲਤਾਂ ਤਾਂ ਠੱਪ ਪਈਆਂ ਹਨ ਤੇ ਲੋਕ ਬਿਜਲੀ ਦਰਾਂ ਵਿਚ 30 ਫੀਸਦੀ ਵਾਧੇ ਦੀ ਮਾਰ ਵੀ ਝੱਲ ਰਹੇ ਹਨ।
ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਵੇਰਵਿਆਂ ਨਾਲ ਸੂਬਾ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਮੰਗ ਕੀਤੀ ਹੈ ਜਿਥੇ ਜਿਥੇ ਵੀ ਬੂਥਾਂ ’ਤੇ ਕਬਜ਼ੇ ਕੀਤੇ ਗਏ ਹਨ ਤੇ ਹਿੰਸਾ ਵਾਪਰੀ ਹੈ, ਉਥੇ ਚੋਣ ਰੱਦ ਕੀਤੀ ਜਾਵੇ ਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣ।