ਚੰਡੀਗੜ੍ਹ/13 ਜਨਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਵਿਰੁੱਧ ਲੜਾਈ ਵਿਚ ਜਿਸ ਫੁਰਤੀ ਨਾਲ ਕਾਂਗਰਸੀ ਮੰਤਰੀ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਹਮਾਇਤ ਲਈ ਪਿੜ ਵਿਚ ਉੱਤਰੇ ਹਨ, ਉਸ ਤੋਂ ਸਾਬਿਤ ਹੋ ਗਿਆ ਹੈ ਕਿ ਸਾਰੇ ਮੋਰਚਿਆਂ ਉੱਤੇ ਨਾਕਾਮ ਹੋਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਥਕ ਪਾਰਟੀ ਨੂੰ ਕਮਜ਼ੋਰ ਕਰਨ ਲਈ ਦੋਵੇਂ ਢੀਂਡਸਿਆਂ ਨੂੰ ‘ਮੋਹਰਿਆਂ’ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੁਖਦੇਵ ਸਿੰਘ ਢੀੰਡਸਾ ਅਤੇ ਮੁੱਖ ਮੰਤਰੀ ਵਿਚਕਾਰ ਨੇੜਤਾ ਹਾਲ ਹੀ ਵਿਚ ਦੋਵਾਂ ਵਿਚਕਾਰ ਹੋਈ ਡਿਨਰ ਮੀਟਿੰਗ ਤੋਂ ਸਪੱਸ਼ਟ ਹੋ ਗਈ ਸੀ। ਉਹਨਾਂ ਕਿਹਾ ਕਿ ਹੁਣ ਕਾਂਗਰਸੀ ਮੰਤਰੀਆਂ ਵੱਲੋਂ ਢੀਂਡਸਾ ਪਰਿਵਾਰ ਦੇ ਬੁਲਾਰਿਆਂ ਵਜੋਂ ਸਾਂਭੀਆਂ ਡਿਊਟੀਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਹ ਇੱਕ ਮਿਲੀਭੁਗਤ ਤਹਿਤ ਕੰਮ ਕਰ ਰਹੇ ਹਨ। ਬਿੱਲੀ ਹੁਣ ਥੈਲੇ ਵਿਚੋਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਢੀੰਡਸਾ ਧੜੇ, ਜਿਸ ਵਿਚ ਸਿਰਫ ਸਰਦਾਰ ਢੀਂਡਸਾ ਦਾ ਬੇਟਾ ਪਰਮਿੰਦਰ ਅਤੇ ਜਵਾਈ ਤੇਜਿੰਦਰਪਾਲ ਸਿੰਘ ਸਿੱਧੂ ਸ਼ਾਮਿਲ ਹਨ, ਦੀ ਪੰਥਕ ਵੋਟਾਂ ਵੰਡਣ ਦੇ ਇਰਾਦੇ ਨਾਲ ਕਾਂਗਰਸ ਪਾਰਟੀ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਕਲਪਨਾ ਦੀ ਦੁਨੀਆਂ ਵਿਚ ਰਹਿ ਰਹੀ ਹੈ, ਸੀਨੀਅਰ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਆਗੂ ਅਤੇ ਵਰਕਰ ਚੱਟਾਨ ਵਾਂਗ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹੇ ਹਨ।ਸੱਚਾਈ ਇਹ ਹੈ ਕਿ ਢੀਂਡਸਾ ਧੜੇ ਵਿਚ ਸ਼ਾਮਿਲ ਹੋਣ ਲਈ ਕਿਸੇ ਨੇ ਵੀ ਅਕਾਲੀ ਦਲ ਨਹੀਂ ਛੱਡਿਆ ਹੈ। ਉਹਨਾਂ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਦੇ 11 ਸ਼੍ਰੋਮਣੀ ਕਮੇਟੀ ਮੈਂਬਰ ਚੱਟਾਨ ਵਾਂਗ ਅਕਾਲੀ ਦਲ ਨਾਲ ਖੜ੍ਹੇ ਹਨ। ਇੱਥੋਂ ਤਕ ਕਿ ਢੀਂਡਸਾ ਪਰਿਵਾਰ ਵੱਲੋਂ ਹਾਲ ਹੀ ਵਿਚ ਨਾਮਜ਼ਦ ਕੀਤੇ ਚਾਰ ਸਰਕਲ ਪ੍ਰਧਾਨ ਵੀ ਅਕਾਲੀ ਦਲ ਨਾਲ ਆ ਕੇ ਖੜ੍ਹ ਗਏ ਹਨ।
ਸਰਦਾਰ ਭੂੰਦੜ ਅਤੇ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੇ ਖਿ਼ਲਾਫ ਕਾਂਗਰਸ ਨਾਲ ਮਿਲ ਕੇ ਵੱਡਾ ਗਠਜੋੜ ਬਣਾਉਣ ਦੀ ਕੋਸਿ਼ਸ਼ ਕਰਨ ਦੀ ਬਜਾਇ ਸੁਖਦੇਵ ਢੀੰਡਸਾ ਨੂੰ ਪਹਿਲਾਂ ਲੋਕਾਂ ਨੂੰ ਆਪਣੇ ਵਿਵਹਾਰ ਬਾਰੇ ਜੁਆਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੀ ਇਹ ਇੱਕ ਸੱਚ ਨਹੀਂ ਹੈ ਕਿ ਪਿਛਲੇ 35 ਸਾਲਾਂ ਵਿਚ ਸਰਦਾਰ ਢੀਂਡਸਾ ਸਿਰਫ ਇੱਕ ਚੋਣ ਜਿੱਤੇ ਹਨ? ਕੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਨੇ ਸਰਦਾਰ ਢੀਂਡਸਾ ਨੂੰ ਰਾਜ ਸਭਾ ਮੈਂਬਰ ਨਿਯੁਕਤ ਕਰਕੇ ਅਤੇ ਕੇਂਦਰੀ ਮੰਤਰੀ ਬਣਾ ਕੇ ਉੱਚੇ ਅਹੁਦੇ ਨਹੀਂ ਦਿੱਤੇ?
ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਸਰਦਾਰ ਢੀਂਡਸਾ ਇਹ ਬਿਆਨ ਦੇ ਰਿਹਾ ਹੈ ਕਿ ਅਕਾਲੀ ਦਲ ਪ੍ਰਧਾਨ ਨੂੰ ਪਿਛਲੀਆਂ ਚੋਣਾਂ ‘ਚ ਹੋਈ ਪਾਰਟੀ ਦੀ ਹਾਰ ਦੀ ਜਿ਼ੰਮੇਵਾਰੀ ਚੁੱਕਦਿਆਂ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ, ਪਰ ਉਹ ਆਪਣੀ ਜੁਆਬਦੇਹੀ ਬਾਰੇ ਬਿਲਕੁੱਲ ਹੀ ਚੁੱਪ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਤੁਸੀਂ ਕਦੇ ਵੀ ਅਕਾਲੀ ਦਲ ਦੇ ਸਕੱਤਰ ਜਨਰਲ ਦੇ ਅਹੁਦੇ, ਜੋ ਕਿ ਪ੍ਰਧਾਨ ਤੋਂ ਬਾਅਦ ਦੂਜਾ ਵੱਡਾ ਅਹੁਦਾ ਹੈ, ਤੋਂ ਕਦੇ ਵੀ ਅਸਤੀਫਾ ਦੇਣ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ? ਕੀ ਤੁਸੀਂ ਕਦੇ ਇਹ ਕਿਹਾ ਸੀ ਕਿ ਤੁਹਾਨੂੰ ਰਾਜ ਸਭਾ ਦੀ ਮੈਂਬਰੀ ਨਹੀਂ ਚਾਹੀਦੀ? ਅਕਾਲੀ ਆਗੂਆਂ ਨੇ ਸਰਦਾਰ ਢੀਂਡਸਾ ਨੂੰ ਸੁਆਲ ਕੀਤਾ ਕਿ ਕੀ ਵੱਡੇ ਅਹੁਦਿਆਂ ਦੀ ਮੰਗ ਕਰਨਾ ਅਤੇ ਸਵੀਕਾਰ ਕਰਨਾ ਉਸ ਲਈ ਨੈਤਿਕ ਤੌਰ ਤੇ ਸਹੀ ਸੀ ਅਤੇ ਫਿਰ ਇੰਨਾ ਕੁੱਝ ਦੇਣ ਵਾਲੀ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨਾ ਕੀ ਠੀਕ ਸੀ?
ਸਰਦਾਰ ਭੂੰਦੜ ਅਤੇ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਲੋਕਾਂ ਨੇ ਵਾਰ ਵਾਰ ਸਰਦਾਰ ਢੀਂਡਸਾ ਨੂੰ ਨਕਾਰਿਆ ਹੈ,ਉਸ ਤੋਂ ਸਾਬਿਤ ਹੰੁਦਾ ਹੈ ਕਿ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਹਨ। ਇਸ ਤੋਂ ਬਾਅਦ ਅਕਾਲੀ ਦਲ ਦੇ ਸਾਰੇ ਆਗੂਆਂ ਅਤੇ ਵਰਕਰਾਂ ਵੱਲੋਂ ਹਾਲ ਹੀ ਵਿਚ ਸਰਦਾਰ ਢੀਂਡਸਾ ਅਤੇ ਉਹਨਾਂ ਦੇ ਬੇਟੇ ਪਰਮਿੰਦਰ ਢੀਂਡਸਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪਾਰਟੀ ਆਗੂਆਂ ਨੇ ਢੀਂਡਸਾ ਪਰਿਵਾਰ ਨੂੰ ਉਹਨਾਂ ਦੇ ਤਾਨਾਸ਼ਾਹੀ ਵਿਵਹਾਰ ਅਤੇ ਆਪਣੇ ਇਲਾਕੇ ਅੰਦਰ ਪਾਰਟੀ ਨੂੰ ਜਿਤਾਉਣ ਦੇ ਸਮਰੱਥ ਨਾ ਹੋਣ ਕਰਕੇ ਛੱਡਿਆ ਹੈ।
ਢੀਂਡਸਾ ਪਰਿਵਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੀਭੁਗਤ ਕਰਕੇ ਕੀਤੀ ਇਸ ਅਖੌਤੀ ਬਗਾਵਤ ਬਾਰੇ ਚਾਨਣਾ ਪਾਉਂਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੂੰ ਸਾਰੇ ਫੈਸਲੇ ਤਾਨਾਸ਼ਾਹੀ ਤਰੀਕੇ ਨਾਲ ਲੈਣ ਦੀ ਆਦਤ ਸੀ। ਜਦੋਂ ਪਾਰਟੀ ਵਰਕਰਾਂ ਨੇ ਉਹਨਾਂ ਦੇ ਕੰਮ ਕਾਜ ਉੱਤੇ ਉਂਗਲੀ ਉਠਾਉਣੀ ਸ਼ੁਰੂ ਕਰ ਦਿੱਤੀ ਅਤੇ ਸੰਗਰੂਰ ਅਤੇ ਬਰਨਾਲਾ ਇਕਾਈਆਂ ਦੇ ਕੰਮਕਾਜ ਵਿਚ ਪਾਰਦਰਸ਼ਤਾ ਦੀ ਮੰਗ ਕੀਤੀ ਤਾਂ ਢੀਂਡਸਾ ਪਰਿਵਾਰ ਪੰਥਕ ਆਦਰਸ਼ਾਂ ਨੂੰ ਛਿੱਕੇ ਟੰਗਦਿਆਂ ਕਾਂਗਰਸ ਪਾਰਟੀ ਨਾਲ ਜਾ ਮਿਲਿਆ, ਜਿਸ ਨੇ ਢੀਂਡਸਿਆਂ ਦੀ ਬਗਾਵਤ ਦਾ ਪੂਰਾ ਡਰਾਮਾ ਆਪਣੇ ਹੱਥੀਂ ਲਿਖਿਆ ਹੈ।