ਸਰਦਾਰ ਬਰਾੜ ਨੇ ਅਕਾਲੀ ਦਲ 'ਚ ਸ਼ਮੂਲੀਅਤ ਨੂੰ 'ਜੜ੍ਹਾਂ ਵੱਲ ਵਾਪਸੀ'ਕਰਾਰ ਦਿੱਤਾ
ਮੁਕਤਸਰ/19 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਇੱਕ ਵੱਡਾ ਹੁਲਾਰਾ ਮਿਲਿਆ, ਜਦੋਂ ਮਾਲਵਾ ਖੇਤਰ ਦੇ ਸਭ ਤੋਂ ਵੱਡੇ ਕਾਂਗਰਸੀ ਆਗੂਆਂ ਵਿਚ ਜਾਣੇ ਜਾਂਦੇ ਸਾਬਕਾ ਸਾਂਸਦ ਜਗਮੀਤ ਬਰਾੜ ਅਤੇ ਉਹਨਾਂ ਦੇ ਭਰਾ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਸਰਦਾਰ ਜਗਮੀਤ ਬਰਾੜ ਅਤੇ ਰਿਪਜੀਤ ਬਰਾੜ ਨੇ ਆਪਣੇ ਫੈਸਲੇ ਨੂੰ ਜੜ੍ਹਾਂ ਵੱਲ ਵਾਪਸੀ ਅਤੇ ਘਰ ਵਾਪਸੀ ਕਰਾਰ ਦਿੱਤਾ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਜਗਮੀਤ ਬਰਾੜ ਨੇ ਕਿਹਾ ਕਿ ਮੈਂ ਹਮੇਸ਼ਾਂ ਤੋਂ ਹੀ ਭਾਵਨਾਤਮਕ ਅਤੇ ਵਿਚਾਰਧਾਰਕ ਤੌਰ ਤੇ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨਾਲੋਂ ਵੱਧ ਪੰਥਕ ਅਤੇ ਪੰਜਾਬ-ਪੱਖੀ ਏਜੰਡੇ ਅਤੇ ਇਸ ਨੂੰ ਲਾਗੂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਧ ਨੇੜੇ ਰਿਹਾ ਹਾਂ। ਇਸ ਮੌਕੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਜਗਮੀਤ ਬਰਾੜ ਅਤੇ ਰਿਪਜੀਤ ਬਰਾੜ ਦਾ ਸਿਰਪਾਓ ਪਾ ਕੇ ਸਵਾਗਤ ਕੀਤਾ।
ਸਰਦਾਰ ਜਗਮੀਤ ਬਰਾੜ ਅਤੇ ਰਿਪਜੀਤ ਬਰਾੜ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ, ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿਚ ਅਕਾਲੀ ਦਲ ਅੰਦਰ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਸ਼ਾਮਿਲ ਹੋਏ।
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸਰਦਾਰ ਜਗਮੀਤ ਬਰਾੜ ਨੇ ਕਿਹਾ ਕਿ ਸਿਆਸਤ ਅੰਦਰ ਸਰਦਾਰ ਪਰਕਾਸ਼ ਸਿੰਘ ਬਾਦਲ ਹਮੇਸ਼ਾਂ ਤੋਂ ਉਹਨਾਂ ਦੇ ਆਦਰਸ਼ ਰਹੇ ਹਨ। ਉਹਨਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਨੂੰ ਸਰਦਾਰ ਬਾਦਲ ਦੀ ਹਲੀਮੀ, ਲਗਨ ਅਤੇ ਉਹਨਾਂ ਦੀ ਪੰਥਕ ਆਦਰਸ਼ਾਂ ਪ੍ਰਤੀ ਪ੍ਰਤੀਬੱਧਤਾ ਤੋ ਬਹੁਤ ਕੁੱਝ ਸਿੱਖਣ ਦੀ ਲੋੜ ਹੈ। ਸਰਦਾਰ ਬਾਦਲ ਦੀ ਗਰੀਬਾਂ, ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਹਿੱਤਾਂ ਲਈ ਕੰਮ ਕਰਨ ਦੀ ਲਗਨ ਸਾਰਿਆਂ ਲਈ ਇੱਕ ਚਾਨਣ-ਮੁਨਾਰਾ ਹੈ। ਉਹ ਦੇਸ਼ ਦੇ ਸਭ ਤੋਂ ਉੱਚੇ ਕੱਦ ਵਾਲੇ ਸਿਆਸਤਦਾਨ ਅਤੇ ਸਰਬਪੱਖੀ ਵਿਕਾਸ ਦੇ ਮਸੀਹਾ ਹਨ। ਇੱਥੋਂ ਤਕ ਵਿਰੋਧੀ ਪਾਰਟੀ ਵਿਚ ਹੁੰਦਿਆਂ ਵੀ ਮੈਂ ਹਮੇਸ਼ਾਂ ਉਹਨਾਂ ਦਾ ਸਤਿਕਾਰ ਕੀਤਾ ਹੈ ਅਤੇ ਉਹਨਾਂ ਦੇ ਅਨੁਸਾਸ਼ਨ, ਮਿਹਨਤੀ ਸੁਭਾਅ ਅਤੇ ਸਾਦਗੀ ਤੋਂ ਸਦਾ ਪ੍ਰਭਾਵਿਤ ਹੋਇਆ ਹਾਂ।
ਸਰਦਾਰ ਬਰਾੜ ਨੇ ਇਹ ਕਹਿੰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਵੀ ਸ਼ਲਾਘਾ ਕੀਤੀ ਕਿ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਦੇ ਮੁੱਦਿਆਂ ਨੂੰ ਉਠਾਇਆ ਹੈ, ਉਹਨਾਂ ਦੀ ਰਾਸ਼ਟਰੀ ਪੱਧਰ ਉੱਤੇ ਇੱਕ ਨਿਆਰੀ ਪਹਿਚਾਣ ਬਣ ਗਈ ਹੈ। ਉਹਨਾਂ ਨੇ ਬੀਬੀ ਬਾਦਲ ਵੱਲੋਂ 1984 ਦੇ ਕਤਲੇਆਮ ਵਿਚ ਮਾਰੇ ਗਏ ਨਿਰਦੋਸ਼ ਸਿੱਖਾਂ ਬਾਰੇ ਦਿੱਤੀ ਤਕਰੀਰ ਨੂੰ ਇੱਕ ਸ਼ਾਨਦਾਰ ਤਕਰੀਰ ਕਰਾਰ ਦਿੱਤਾ।
ਸਰਦਾਰ ਬਰਾੜ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਭਰਾ ਅਕਾਲੀ ਦਲ ਵਿਚ ਇੱਕ ਸਿਪਾਹੀ, ਪਾਰਟੀ ਦੇ ਵਰਕਰ ਅਤੇ ਪੰਜਾਬ ਦੇ ਲੋਕਾਂ ਦੇ ਸੇਵਕ ਬਣਕੇ ਕੰਮ ਕਰਨਗੇ। ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਪੰਥਕ ਜਜ਼ਬੇ ਨਾਲ ਭਰਿਆ ਅਤੇ ਪੰਜਾਬ ਦੇ ਭਵਿੱਖ ਬਾਰੇ ਵੱਡੇ, ਸਾਰਥਕ ਅਤੇ ਨਿੱਗਰ ਸੁਫਨੇ ਲੈਣ ਵਾਲਾ ਆਗੂ ਕਰਾਰ ਦਿੱਤਾ।
ਬਰਾੜ ਭਰਾਵਾਂ ਦਾ ਅਕਾਲੀ ਦਲ ਵਿਚ ਸਵਾਗਤ ਕਰਦਿਆਂ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਨੂੰ ਕਿਹਾ ਕਿ ਉਹ ਸਰਦਾਰ ਬਰਾੜ ਦੇ ਤਜ਼ਰਬੇ, ਜੋਸ਼ ਅਤੇ ਸੂਝ ਦਾ ਭਰਪੂਰ ਲਾਭ ਲੈਣ। ਉਹਨਾਂ ਕਿਹਾ ਕਿ ਸਰਦਾਰ ਬਰਾੜ ਨੂੰ ਹਮੇਸ਼ਾਂ ਪਿਆਰ ਅਤੇ ਭਰੋਸੇ ਦੀ ਜੱਫੀ ਵਿਚ ਘੁੱਟ ਕੇ ਰੱਖੋ। ਉਹਨਾਂ ਦਾ ਅਕਾਲੀ ਦਲ ਵਿਚ ਆਉਣਾ ਦਮ ਤੋੜ ਰਹੀ ਕਾਂਗਰਸ ਦੇ ਕੱਫਨ ਵਿਚ ਆਖਰੀ ਕਿੱਲ ਸਾਬਿਤ ਹੋਇਆ ਹੈ। ਉਹਨਾਂ ਕਿਹਾ ਕਿ ਸਰਦਾਰ ਬਰਾੜ ਦੇਸ਼ ਦੇ ਸਭ ਤੋਂ ਵਧੀਆ ਬੁਲਾਰੇ ਹਨ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਸਰਦਾਰ ਜਗਮੀਤ ਬਰਾੜ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਇੱਕ ਅਣਥੱਕ ਵਰਕਰ ਕਰਾਰ ਦਿੱਤਾ। ਉਹਨਾਂ ਕਿਹਾ ਕਿ ਵਿਰੋਧੀ ਧਿਰ ਵਿਚ ਹੋਣ ਦੇ ਬਾਵਜੂਦ ਉਹ ਸਰਦਾਰ ਬਰਾੜ ਦੀ ਪ੍ਰਤੀਬੱਧਤਾ ਅਤੇ ਮਿਹਨਤੀ ਸੁਭਾਅ ਤੋਂ ਬਹੁਤ ਪ੍ਰਭਾਵਿਤ ਰਹੇ ਹਨ। ਉਹਨਾਂ ਸਰਦਾਰ ਬਰਾੜ ਨੂੰ ਇੱਕ ਨਿਡਰ ਯੋਧਾ ਕਰਾਰ ਦਿੱਤਾ, ਜੋ ਹੁਣ ਪੰਜਾਬ ਦੇ ਹਿੱਤਾਂ ਲਈ ਇੱਕ ਭਰਾ ਬਣ ਗਿਆ ਹੈ।