ਮੁੱਖ ਮੰਤਰੀ ਨੂੰ ਕਮਲ ਨਾਥ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ
ਚੰਡੀਗੜ੍ਹ/16 ਸਤੰਬਰ:ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ ਵੱਲੋਂ ਸਿੱਖ ਸ਼ਰਧਾਲੂਆਂ ਕੋਲੋ ਕਰਤਾਰਪੁਰ ਲਾਂਘੇ ਦਾ ਇਸਤੇਮਾਲ ਕਰਨ ਲਈ ਮੰਗੀ ਜਾ ਰਹੀ 20 ਡਾਲਰ ਪ੍ਰਤੀ ਵਿਅਕਤੀ ਫੀਸ ਖੁਦ ਅਦਾ ਕਰੇ ਅਤੇ ਯਕੀਨੀ ਬਣਾਏ ਕਿ ਸ਼ਰਧਾਲੂਆਂ ਉੱਤੇ ਇਸ ਬੋਝ ਦੀ ਜ਼ਿੰਮੇਵਾਰੀ ਨਾ ਪਾਈ ਜਾਵੇ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਇਸ ਵਾਧੂ ਆਰਥਿਕ ਬੋਝ ਦੀ ਜ਼ਿੰਮੇਵਾਰੀ ਉਠਾਉਣ ਦੀ ਥਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਹ ਕਹਿ ਕੇ ਇਸ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਰਕਮ ਜ਼ਿਆਦਾ ਵੱਡੀ ਨਹੀਂ ਹੈ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਰੰਧਾਵਾ ਨੂੰ 1500 ਰੁਪਏ ਪ੍ਰਤੀ ਸ਼ਰਧਾਲੂ ਇਹ ਫੀਸ ਜ਼ਿਆਦਾ ਨਹੀਂ ਲੱਗਦੀ, ਪਰ ਇੱਕ ਆਮ ਆਦਮੀ ਲਈ ਇਹ ਵੱਡੀ ਰਕਮ ਹੈ। ਇਸ ਤੋਂ ਇਲਾਵਾ ਇਹ ਅਸੂਲਾਂ ਦੇ ਖ਼ਿਲਾਫ ਹੈ ਅਤੇ ਇੱਕ ਜਜ਼ੀਆ ਟੈਕਸ ਦੇ ਸਮਾਨ ਹੈ, ਕਿਉਂਕਿ ਦੁਨੀਆਂ ਵਿਚ ਕਿਤੇ ਵੀ ਪੂਜਣ ਵਾਲੀ ਥਾਂ ਉੱਤੇ ਮੱਥਾ ਟੇਕਣ ਲਈ ਪੈਸੇ ਨਹੀਂ ਵਸੂਲੇ ਜਾਂਦੇ ਹਨ।
ਸਰਦਾਰ ਮਜੀਠੀਆ ਨੇ 1984 ਵਿਚ ਗੁਰਦੁਆਰਾ ਰਕਾਬਗੰਜ ਵਿਖੇ ਹੋਏ ਹਮਲੇ ਦੇ ਕੇਸ ਵਿਚ , ਜਿਸ ਵਿਚ ਦੋ ਸਿੱਖ ਮਾਰੇ ਗਏ ਸਨ, ਬਤੌਰ ਗਵਾਹ ਆਪਣਾ ਬਿਆਨ ਦੇਣ ਲਈ ਸਿਟ ਕੋਲ ਪਹੁੰਚ ਕਰਨ ਵਾਸਤੇ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਪੱਤਰਕਾਰ ਸ੍ਰੀ ਸੰਜੇ ਸੂਰੀ ਨੂੰ ਸਲਾਮ ਕੀਤਾ। ਉਹਨਾਂ ਕਿਹਾ ਕਿ ਸ੍ਰੀ ਸੂਰੀ ਪਹਿਲਾਂ ਨਾਨਾਵਤੀ ਕਮਿਸ਼ਨ ਕੋਲ ਵੀ ਗਵਾਹੀ ਦੇ ਚੁੱਕੇ ਹਨ, ਜਿੱਥੇ ਉਹਨਾਂ ਦੱਸਿਆ ਸੀ ਕਿ ਜਦੋਂ ਉਹ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਤਾਂ ਉਹਨਾਂ ਨੇ ਕਾਂਗਰਸੀ ਆਗੂ ਕਮਲ ਨਾਥ ਨੂੰ ਭੀੜ ਦੀ ਅਗਵਾਈ ਕਰਦੇ ਹੋਏ ਵੇਖਿਆ ਸੀ। ਉਹਨਾਂ ਕਿਹਾ ਕਿ ਸਿੱਖਾਂ ਨੂੰ ਭਰੋਸਾ ਹੈ ਕਿ ਇਸ ਗਵਾਹੀ ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੂੰ ਮਿਸਾਲੀ ਸਜ਼ਾ ਦਿੱਤੇ ਜਾਣ ਦਾ ਰਾਹ ਖੁੱਲ੍ਹੇਗਾ।
ਅਕਾਲੀ ਆਗੂ ਨੇ ਕਿਹਾ ਕਿ ਹੁਣ ਸਹੀ ਸਮਾਂ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਟਾਏ ਅਤੇ ਉਸ ਨੂੰ ਪਾਰਟੀ ਵਿਚੋਂ ਬਾਹਰ ਕੱਢੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਇਸ ਮੁੱਦੇ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ, ਕਿਉਂਕਿ ਹੁਣ ਤਕ ਉਹ ਕਮਲ ਨਾਥ ਅਤੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦਿੰਦਾ ਰਿਹਾ ਹੈ।